ਪਟਿਆਲਾ ‘ਚ ਰੇਹੜੀ ਵਾਲੇ ਦਾ ਚਾਕੂ ਮਾਰ ਕੇ ਕਤਲ, ਠੇਲਾ ਲਗਾਉਣ ਨੂੰ ਲੈ ਕੇ ਹੋਇਆ ਸੀ ਵਿਵਾਦ
Crime News: ਮੁਲਜ਼ਮ ਜਦੋਂ ਮ੍ਰਿਤਕ ਤੇ ਹਮਲਾ ਕਰ ਰਹੇ ਸਨ ਤਾਂ ਪੁੱਤਰ ਬੰਟੀ ਸਿੰਘ ਨੇ ਆਪਣੇ ਪਿਤਾ ਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ। ਪਰ ਮੁਲਜ਼ਮਾਂ ਨੇ ਕੁੱਟਮਾਰ ਕਰਕੇ ਉਸ ਨੂੰ ਵੀ ਜ਼ਖ਼ਮੀ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਬੰਟੀ ਸਿੰਘ ਦੇ ਪਿਤਾ ਦੀ ਹਾਲਤ ਨਾਜ਼ੁਕ ਹੋਣ ਤੇ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਅੰਬਾਲਾ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
ਪਟਿਆਲਾ ਦੇ ਘਨੌਰ ‘ਚ ਮਾਮੂਲੀ ਝਗੜੇ ‘ਚ ਰੇਹੜੀ ਵਾਲੇ ਨੇ ਗੁਆਂਢੀ ਡਰਾਈਵਰ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਜਿਸ ‘ਚ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਹੈ। ਆਸ-ਪਾਸ ਦੇ ਲੋਕਾਂ ਨੇ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ। ਜਿੱਥੇ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਲਕਾਰ ਸਿੰਘ ਵਾਸੀ ਪਿੰਡ ਜਮੀਤਗੜ੍ਹ ਵਜੋਂ ਹੋਈ ਹੈ।
25 ਅਕਤੂਬਰ ਨੂੰ ਜ਼ਖ਼ਮੀ ਹੋਏ ਬਲਕਾਰ ਸਿੰਘ ਦੀ ਮੌਤ ਹੋ ਜਾਣ ਤੋਂ ਬਾਅਦ ਪੁਲਿਸ ਨੇ 26 ਅਕਤੂਬਰ ਨੂੰ ਦੇਰ ਰਾਤ ਮ੍ਰਿਤਕ ਦੇ ਪੁੱਤਰ ਬੰਟੀ ਸਿੰਘ ਦੇ ਬਿਆਨ ਦਰਜ ਕੀਤੇ ਸਨ। ਪੁਲਿਸ ਨੇ ਰਾਮ ਕੁਮਾਰ ਅਤੇ ਕਿਰਨਪਾਲ ਵਾਸੀ ਪਿੰਡ ਲੋਹ ਸਿੰਬਲੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ਵਿੱਚ ਹਾਲੇ ਤੱਕ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਨਾਰੀਅਲ ਛਿਲਣ ਵਾਲੇ ਛੁਰੇ ਨਾਲ ਕੀਤਾ ਹਮਲਾ
ਮ੍ਰਿਤਕ ਦੇ ਪੁੱਤਰ ਬੰਟੀ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਪਿੰਡ ਜਮੀਤਗੜ੍ਹ ਚੌਕ ਵਿਖੇ ਗੰਨੇ ਦਾ ਰਸ ਅਤੇ ਫਲ ਵੇਚਣ ਦਾ ਕੰਮ ਕਰਦੇ ਸਨ। ਉਨ੍ਹਾਂ ਦੀ ਰੇਹੜੀ ਦੇ ਨਾਲ ਹੀ ਰਾਮਕੁਮਾਰ ਵੀ ਆਪਣੀ ਰੇਹੜੀ ਲਗਾਉਂਦਾ ਸੀ। ਬੀਤੀ 25 ਅਕਤੂਬਰ ਨੂੰ ਰਾਤ ਕਰੀਬ 10 ਵਜੇ ਉਸ ਦੇ ਪਿਤਾ ਅਤੇ ਰਾਮ ਕੁਮਾਰ ਵਿਚਕਾਰ ਗਲੀ ਵਿੱਚ ਰੇਹੜੀ ਲਗਾਉਣ ਨੂੰ ਲੈ ਕੇ ਗਾਲੀ-ਗਲੋਚ ਕਰਨ ਤੋਂ ਬਾਅਦ ਹੱਥੋਪਾਈ ਹੋ ਗਈ।
ਦੂਜੇ ਆਰੋਪੀ ਕਿਰਨਪਾਲ ਨੇ ਉਸਦੇ ਪਿਤਾ ‘ਤੇ ਨਾਰੀਅਲ ਛਿਲਣ ਵਾਲੇ ਚਾਕੂ ਨਾਲ ਹਮਲਾ ਕਰ ਦਿੱਤਾ। ਇਹ ਚਾਕੂ ਉਸ ਦੇ ਪਿਤਾ ਦੇ ਮੂੰਹ ‘ਤੇ ਲੱਗਿਆ ਸੀ, ਜਿਸ ਕਾਰਨ ਉਹ ਬੇਹੋਸ਼ ਹੋ ਹੋ ਕੇ ਜ਼ਮੀਨ ‘ਤੇ ਡਿੱਗ ਪਏ।
ਥਾਣਾ ਘਨੌਰ ਦੇ ਐਸਐਚਓ ਗੁਰਨਾਮ ਸਿੰਘ ਨੇ ਦੱਸਿਆ ਕਿ ਫਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦ ਹੀ ਇਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।