ਤਰਨਤਾਰਨ ਵਿੱਚ BSF ਨੇ ਪਾਕਿਸਤਾਨੀ ਤਸਕਰ ਨੂੰ ਕੀਤਾ ਢੇਰ; ਘੁਸਪੈਠ ਦੀ ਕਰ ਰਿਹਾ ਸੀ ਕੋਸ਼ਿਸ਼, ਸ਼ੱਕੀ ਸਮਾਨ ਬਰਾਮਦ
Pakistani Intruder Killed by BSF in Taran Taran: ਬੀਐਸਐਫ ਦੇ ਕਰਮਚਾਰੀ ਕਿਸੇ ਵੀ ਤਸਕਰੀ ਨੂੰ ਰੋਕਣ ਲਈ ਲਗਾਤਾਰ ਚੌਕਸ ਅਤੇ ਮੁਸਤੈਦ ਰਹਿੰਦੇ ਹਨ। ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਸਰਹੱਦ ਪਾਰ ਤੋਂ ਪੈਦਾ ਹੋਣ ਵਾਲੇ ਖਤਰਿਆਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੁਰੱਖਿਆ ਵਧਾ ਦਿੱਤੀ ਗਈ ਹੈ।
ਸੰਕੇਤਕ ਤਸਵੀਰ
ਡਰੋਨ ਅਤੇ ਹੋਰ ਤਰੀਕਿਆਂ ਨਾਲ ਪਾਕਿਸਤਾਨ ਤੋਂ ਨਸ਼ਾ ਤਸਕਰੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਸੋਮਵਾਰ ਰਾਤ ਨੂੰ, ਤਰਨਤਾਰਨ ਦੇ ਖੇਮਕਰਨ ਸਰਹੱਦੀ ਖੇਤਰ ਵਿੱਚ, ਸਰਹੱਦੀ ਚੌਕੀਆਂ ਕਾਲੀਆ ਅਤੇ ਨੂਰ ਵਾਲਾ ਦੇ ਵਿਚਕਾਰ, ਬੀਐਸਐਫ ਦੀ 142ਵੀਂ ਬਟਾਲੀਅਨ ਦੇ ਜਵਾਨਾਂ ਨੇ ਸਰਹੱਦ ਪਾਰ ਹੈਰੋਇਨ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਹੇ ਇੱਕ ਅਣਪਛਾਤੇ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਮੁਕਾਇਆ।
ਮੌਕੇ ਤੋਂ ਕੁਝ ਸ਼ੱਕੀ ਸਮਾਨ ਵੀ ਬਰਾਮਦ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲੀਬਾਰੀ ਦੌਰਾਨ ਕੁਝ ਹੋਰ ਪਾਕਿਸਤਾਨੀ ਤਸਕਰ ਭੱਜਣ ਵਿੱਚ ਕਾਮਯਾਬ ਹੋ ਗਏ। ਫਿਲਹਾਲ, ਵਲਟੋਹਾ ਥਾਣੇ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਲਾਸ਼ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੱਟੀ ਭੇਜ ਦਿੱਤਾ ਹੈ। ਬੀਐਸਐਫ ਅਤੇ ਪੁਲਿਸ ਟੀਮਾਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ।
ਸਰਹੱਦ ਪਾਰ ਤਸਕਰੀ ‘ਤੇ ਤਿੱਖੀ ਨਜ਼ਰ
ਕੁਝ ਦਿਨ ਪਹਿਲਾਂ, ਇਸ ਖੇਤਰ ਦੇ ਨੇੜੇ ਇੱਕ ਪਾਕਿਸਤਾਨੀ ਨੌਜਵਾਨ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਸਰਹੱਦੀ ਸੂਤਰਾਂ ਅਨੁਸਾਰ, ਬਾਰਡਰ ‘ਤੇ ਡਰੋਨ ਗਤੀਵਿਧੀਆਂ ਦੀ ਗਿਣਤੀ ਵਿੱਤ ਵੀ ਤੇਜੀ ਆਈ ਹੈ। ਪਾਕਿਸਤਾਨੀ ਤਸਕਰ ਅਕਸਰ ਸਰਹੱਦ ਪਾਰ ਹੈਰੋਇਨ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ, ਇਸ ਉਮੀਦ ਵਿੱਚ ਕਿ ਕਣਕ ਦੀ ਵਾਢੀ ਤੋਂ ਪਹਿਲਾਂ ਵੱਧ ਤੋਂ ਵੱਧ ਹੈਰੋਇਨ ਤਸਕਰੀ ਕਰਕੇ ਵੇਚੀ ਜਾ ਸਕੇ।
ਬੀਐਸਐਫ ਦੇ ਕਰਮਚਾਰੀ ਕਿਸੇ ਵੀ ਤਸਕਰੀ ਨੂੰ ਰੋਕਣ ਲਈ ਲਗਾਤਾਰ ਚੌਕਸ ਅਤੇ ਮੁਸਤੈਦ ਰਹਿੰਦੇ ਹਨ। ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਸਰਹੱਦ ਪਾਰ ਤੋਂ ਪੈਦਾ ਹੋਣ ਵਾਲੇ ਖਤਰਿਆਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੁਰੱਖਿਆ ਵਧਾ ਦਿੱਤੀ ਗਈ ਹੈ।
