ਜਲੰਧਰ ਵਿੱਚ ਦਿਨ-ਦਿਹਾੜੇ ਬੰਦੂਕ ਦੀ ਨੋਕ ‘ਤੇ ਲੁੱਟਿਆ ਬੈਂਕ, ਸਕੂਟੀ ‘ਤੇ ਆਏ ਲੁਟੇਰੇ ਕੈਸ਼ੀਅਰ ਤੋਂ ਪੈਸਿਆਂ ਦਾ ਬੈਗ ਲੈ ਕੇ ਫਰਾਰ
Jalandhar Bank Robbery: ਦੁਪਹਿਰ 2:30 ਵਜੇ ਦੇ ਕਰੀਬ ਇਹ ਘਟਨਾ ਵਾਪਰੀ ਹੈ। ਬੈਂਕ ਵਿੱਚ ਵੜ੍ਹੇ ਦੋ ਲੁਟੇਰਿਆਂ ਵਿੱਚੋਂ ਇੱਕ ਕੈਸ਼ੀਅਰ ਕੋਲ ਆਇਆ ਅਤੇ ਸਾਰਾ ਕੈਸ਼ ਦੇਣ ਲਈ ਕਹਿਣ ਲੱਗਾ। ਕੈਸ਼ੀਅਰ ਨੇ ਇਸਤੋਂ ਇਨਕਾਰ ਕੀਤਾ ਤਾਂ ਲੁਟੇਰੇ ਨੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਜਿਸ ਤੋਂ ਬਾਅਦ ਕੈਸ਼ੀਅਰ ਨੇ ਸਾਰਾ ਕੈਸ਼ ਉਸਨੂੰ ਦੇ ਦਿੱਤਾ।
ਜਲੰਧਰ ਵਿੱਚ ਪੰਜਾਬ ਨੈਸ਼ਨਲ ਬੈਂਕ ਨੂੰ ਅੱਜ (6 ਅਪ੍ਰੈਲ) ਦਿਨ-ਦਿਹਾੜੇ ਲੁੱਟ ਲਿਆ ਗਿਆ। ਦੋ ਲੁਟੇਰੇ ਸਕੂਟੀ ‘ਤੇ ਆਪਣੇ ਮੂੰਹ ਢੱਕ ਕੇ ਆਏ। ਇੱਕ ਬੈਂਕ ਦੇ ਬਾਹਰ ਪਹਿਰਾ ਦੇ ਰਿਹਾ ਸੀ, ਜਦੋਂ ਕਿ ਦੂਜਾ ਅੰਦਰ ਗਿਆ ਅਤੇ ਕੈਸ਼ੀਅਰ ਤੋਂ ਪੈਸੇ ਮੰਗਣ ਲੱਗਾ।
ਜਦੋਂ ਕੈਸ਼ੀਅਰ ਨੇ ਉਨ੍ਹਾਂ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਲੁਟੇਰਿਆਂ ਨੇ ਉਸਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ, ਫਿਰ ਉਸ ‘ਤੇ ਪਿਸਤੌਲ ਤਾਣ ਦਿੱਤੀ, ਅਤੇ ਕੈਸ਼ ਕਾਊਂਟਰ ‘ਤੇ ਰੱਖੇ ਪੈਸਿਆਂ ਨਾਲ ਭਰੇ ਬੈਗ ਨੂੰ ਲੈ ਕੇ ਫਰਾਰ ਹੋ ਗਏ। ਉਸ ਦੌਰਾਨ ਬੈਂਕ ਵਿੱਚ ਗਾਹਕ ਮੌਜੂਦ ਸਨ।
ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਮੁਲਜਮ ਬੈਂਕ ਤੋਂ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਬਾਹਰ ਆਉਂਦਾ ਦਿਖਾਈ ਦੇ ਰਿਹਾ ਹੈ। ਉਹ ਦੋਵੇਂ ਆਪਣੇ ਚਿਹਰੇ ਢੱਕ ਕੇ ਸਕੂਟੀ ‘ਤੇ ਚਲੇ ਗਏ।
ਕੈਸ਼ੀਅਰ ਨੇ ਕੀਤਾ ਇਨਕਾਰ ਤਾਂ ਤਾਣੀ ਪਿਸਤੌਲ
ਘਟਨਾ ਦੀ ਜਾਣਕਾਰੀ ਮਿਲਣ ‘ਤੇ, ਡੀਸੀਪੀ ਮਨਪ੍ਰੀਤ ਸਿੰਘ ਢਿੱਲੋਂ ਇੱਕ ਪੁਲਿਸ ਟੀਮ ਨਾਲ ਮੌਕੇ ‘ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਡੀਸੀਪੀ ਢਿੱਲੋਂ ਨੇ ਦੱਸਿਆ ਕਿ ਦੁਪਹਿਰ 2:30 ਵਜੇ, ਦੋ ਲੁਟੇਰਿਆਂ ਵਿੱਚੋਂ ਇੱਕ ਕੈਸ਼ੀਅਰ ਕੋਲ ਆਇਆ ਅਤੇ ਸਾਰਾ ਕੈਸ਼ ਦੇਣ ਲਈ ਕਹਿਣ ਲੱਗਾ। ਕੈਸ਼ੀਅਰ ਨੇ ਪਹਿਲਾਂ ਤਾਂ ਕੈਸ਼ ਦੇਣ ਤੋਂ ਇਨਕਾਰ ਕਰ ਦਿੱਤਾ। ਉਸ ਦੇ ਇਨਕਾਰ ਕਰਨ ਤੇ ਇੱਕ ਲੁਟੇਰੇ ਨੇ ਉਸ ਵੱਲ ਪਿਸਤੌਲ ਤਾਣ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ।ਜਿਸ ਤੋਂ ਬਾਅਦ ਡਰੇ ਕੈਸ਼ੀਅਰ ਨੇ ਸਾਰਾ ਕੈਸ਼ ਉਸਨੂੰ ਦੇ ਦਿੱਤਾ।
ਦੋਵਾਂ ਲੁਟੇਰਿਆਂ ਨੇ ਢੱਕੇ ਹੋਏ ਸਨ ਚਿਹਰੇ
ਡੀਸੀਪੀ ਢਿੱਲੋਂ ਨੇ ਦੱਸਿਆ ਕਿ ਘਟਨਾ ਦੌਰਾਨ ਬੈਂਕ ਵਿੱਚ ਤਿੰਨ ਤੋਂ ਚਾਰ ਗਾਹਕ ਮੌਜੂਦ ਸਨ, ਜਦੋਂ ਕਿ ਦੂਜਾ ਲੁਟੇਰਾ ਬਾਹਰ ਪਹਿਰਾ ਦੇ ਰਿਹਾ ਸੀ। ਦੋਵੇਂ ਲੁਟੇਰੇ ਮਾਸਕ ਪਹਿਨੇ ਹੋਏ ਸਨ। ਉਹ ਕੈਸ਼ ਕਾਊਂਟਰ ਤੋਂ ਨਕਦੀ ਲੈ ਕੇ ਭੱਜ ਗਏ। ਡੀਸੀਪੀ ਨੇ ਦੱਸਿਆ ਕਿ ਸਟਾਫ ਦੁਆਰਾ ਲੁੱਟੇ ਗਏ ਕੈਸ਼ ਦਾ ਹਿਸਾਬ ਲਗਾਇਆ ਜਾ ਰਿਹਾ ਹੈ। ਘਟਨਾ ਤੋਂ ਬਾਅਦ, ਲੁਟੇਰਿਆਂ ਨੂੰ ਫੜਨ ਲਈ ਵੱਖ-ਵੱਖ ਪੁਲਿਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਛੇਤੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
