ਸ਼ੋਸਲ ਮੀਡੀਆ ਬਣਿਆ ‘ਵਿਵਾਦ’ ਦਾ ਕਾਰਨ, 3 ਵਿਦਿਆਰਥੀਆਂ ਨੇ ਮਾਸੂਮ ਨਾਲ ਕੀਤੀ ਕੁੱਟਮਾਰ, ਵੀਡੀਓ ਕੀਤੀ ਵਾਇਰਲ
School Violence Punjab: ਲੁਧਿਆਣਾ ਦੇ ਇੱਕ ਸਕੂਲ ਵਿੱਚ 10ਵੀਂ ਜਮਾਤ ਦੇ ਤਿੰਨ ਵਿਦਿਆਰਥੀਆਂ ਨੇ 9ਵੀਂ ਜਮਾਤ ਦੇ ਇੱਕ ਵਿਦਿਆਰਥੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਘਟਨਾ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ ਗਿਆ। ਪੀੜਤ ਵਿਦਿਆਰਥੀ ਨੂੰ ਸੱਟਾਂ ਲੱਗੀਆਂ ਹਨ ਅਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ।

ਲੁਧਿਆਣਾ ਵਿੱਚ, 10ਵੀਂ ਜਮਾਤ ਦੇ ਤਿੰਨ ਵਿਦਿਆਰਥੀਆਂ ਨੇ 9ਵੀਂ ਜਮਾਤ ਦੇ ਇੱਕ ਵਿਦਿਆਰਥੀ ਨੂੰ ਬੰਧਕ ਬਣਾ ਲਿਆ ਅਤੇ ਉਸਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਉਹਨਾਂ ਨੇ ਪੂਰੀ ਘਟਨਾ ਦਾ ਵੀਡੀਓ ਵੀ ਬਣਾਇਆ ਅਤੇ ਇਸਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ।
ਜਦੋਂ ਵਿਦਿਆਰਥੀ ਦੀ ਹਾਲਤ ਵਿਗੜ ਗਈ ਤਾਂ ਉਸਨੂੰ ਦੇਰ ਰਾਤ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਸਦੀ ਛਾਤੀ ਵਿੱਚ ਦਰਦ ਹੈ। ਵਿਦਿਆਰਥੀ ਗੁਰੂ ਅਰਜੁਨ ਦੇਵ ਨਗਰ ਦਾ ਰਹਿਣ ਵਾਲਾ ਹੈ। ਇਸ ਘਟਨਾ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਉਧਰ ਵਿਦਿਆਰਥੀ ਦੇ ਪਿਤਾ ਨੇ ਕਿਹਾ ਕਿ ਉਹਨਾਂ ਦੇ ਬੇਟੇ ਨੂੰ ਦਸਵੀਂ ਕਲਾਸ ਦੇ ਤਿੰਨ ਵਿਦਿਆਰਥੀਆਂ ਵੱਲੋਂ ਉੱਥੇ ਨੂੰ ਗੇਮ ਦੇ ਬਹਾਨੇ ਬੁਲਾਇਆ ਗਿਆ ਸੀ ਅਤੇ ਜਿਸ ਤੋਂ ਬਾਅਦ ਵਿੱਚ ਉਸ ਦੇ ਨਾਲ ਕੁੱਟਮਾਰ ਕੀਤੀ ਗਈ ਅਤੇ ਉਸਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਹੈ। ਉਹਨਾਂ ਨੇ ਦੱਸਿਆ ਕਿ ਇਸ ਕੁੱਟਮਾਰ ਵਿੱਚ ਉਹਨਾਂ ਦੇ ਬੇਟੇ ਨੂੰ ਕਾਫ਼ੀ ਸੱਟਾਂ ਲੱਗੀਆਂ ਹਨ। ਉਹ ਇਸ ਘਟਨਾ ਤੋਂ ਬਾਅਦ ਘਬਰਾਹਟ ਵਿੱਚ ਸੀ।
ਪੀੜਤ ਪੱਖ ਨੇ ਕਿਹਾ ਕਿ ਉਹਨਾਂ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ। ਉਹਨਾਂ ਨੇ ਮੰਗ ਕੀਤੀ ਕਿ ਪੁਲਿਸ ਮਾਮਲੇ ਦੀ ਜਾਂਚ ਕਰਕੇ ਮੁਲਜ਼ਮਾਂ ਖਿਲਾਫ਼ ਬਣਦੀ ਕਾਰਵਾਈ ਕਰੇ। ਸ਼ੋਸਲ ਮੀਡੀਆ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਮਲਾ ਗਰਮਾਉਂਦਾ ਨਜ਼ਰ ਆ ਰਿਹਾ ਹੈ।
ਝੂਠੀ ਸ਼ੋਸਲ ਮੀਡੀਆ ਆਈ.ਡੀ. ਬਣਾਉਣ ਦਾ ਇਲਜ਼ਾਮ
ਪੀੜਤ ਵਿਦਿਆਰਥੀ ਨੇ ਦੱਸਿਆ ਕਿ ਦਸਵੀਂ ਜਮਾਤ ਦੇ ਤਿੰਨ ਵਿਦਿਆਰਥੀਆਂ ਨੇ ਉਸਨੂੰ ਥੱਪੜ ਮਾਰਿਆ ਅਤੇ ਜੁੱਤੀਆਂ ਨਾਲ ਕੁੱਟਿਆ। ਜਿਹੜੇ ਨੌਜਵਾਨ ਉਸਨੂੰ ਕੁੱਟ ਰਹੇ ਸਨ ਉਹ ਉਸਨੂੰ ਦੱਸ ਰਹੇ ਸਨ ਕਿ ਉਸਨੇ ਇੱਕ ਜਾਅਲੀ ਆਈਡੀ ਬਣਾਈ ਹੈ ਅਤੇ ਇੰਸਟਾਗ੍ਰਾਮ ‘ਤੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਹੈ ਜਦੋਂ ਕਿ ਉਸਨੂੰ ਇਸ ਬਾਰੇ ਕੁਝ ਨਹੀਂ ਪਤਾ ਸੀ।
ਇਹ ਵੀ ਪੜ੍ਹੋ
ਪੀੜਤ ਪਰਿਵਾਰ ਅਨੁਸਾਰ ਉਹ ਸਕੂਲ ਪ੍ਰਸ਼ਾਸਨ ਨਾਲ ਵੀ ਸੰਪਰਕ ਕਰਨਗੇ ਅਤੇ ਹਮਲਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ ਕਰਨਗੇ। ਇਸ ਮਾਮਲੇ ਚ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਫਿਲਹਾਲ ਉਹਨਾਂ ਕੋਲ ਇਸ ਸਬੰਧੀ ਸ਼ਿਕਾਇਤ ਆਈ ਹੈ ਤੇ ਸ਼ਿਕਾਇਤ ਦੇ ਆਧਾਰ ਤੇ ਉਹਨਾਂ ਵੱਲੋਂ ਕਾਰਵਾਈ ਕੀਤੀ ਜਾਵੇਗੀ।