ਲੁਧਿਆਣਾ ‘ਚ ਗਲਾ ਘੁੱਟ ਕੇ ਪਤਨੀ ਦਾ ਕਤਲ, CCTV ‘ਚ ਬੈਗ ਲੈ ਕੇ ਭੱਜਦਾ ਦਿਖਾਈ ਦੇ ਰਿਹਾ ਮੁਲਜ਼ਮ ਪਤੀ
Husband Killed Wife in Ludhiana: ਲੁਧਿਆਣਾ ਦੇ ਫਤਿਹਗੰਜ 'ਚ ਇੱਕ 21 ਸਾਲਾ ਔਰਤ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਸੀਸੀਟੀਵੀ ਫੁਟੇਜ 'ਚ ਉਸ ਦਾ ਪਤੀ ਸੁਨੀਲ ਬੈਗ ਲੈ ਕੇ ਭੱਜਦਾ ਦਿਖਾਈ ਦੇ ਰਿਹਾ ਹੈ। ਪੁਲਿਸ ਦਾ ਮੰਨਣਾ ਹੈ ਕਿ ਸੁਨੀਲ ਨੂੰ ਔਰਤ ਦੇ ਪਹਿਲੇ ਵਿਆਹ ਬਾਰੇ ਪਤਾ ਲੱਗਣ 'ਤੇ ਕਤਲ ਕੀਤਾ।

Husband Killed Wife in Ludhiana: ਲੁਧਿਆਣਾ ਦੇ ਮੁਹੱਲਾ ਫਤਿਹਗੰਜ ਵਿੱਚ ਮੰਗਲਵਾਰ ਸ਼ਾਮ ਨੂੰ ਇੱਕ 21 ਸਾਲਾ ਔਰਤ ਦਾ ਕਤਲ ਕਰ ਦਿੱਤਾ ਗਿਆ। ਇਹ ਘਟਨਾ ਉਸ ਦੇ ਪ੍ਰੇਮ ਵਿਆਹ ਤੋਂ ਸਿਰਫ਼ ਚਾਰ ਮਹੀਨੇ ਬਾਅਦ ਵਾਪਰੀ। ਪੁਲਿਸ ਦਾ ਮੰਨਣਾ ਹੈ ਕਿ ਮੁਲਜ਼ਮ ਪਤੀ ਸੁਨੀਲ ਨੇ ਉਸ ਦੇ ਪਿਛਲੇ ਵਿਆਹ ਬਾਰੇ ਪਤਾ ਲੱਗਣ ਤੋਂ ਬਾਅਦ ਉਸ ਨੂੰ ਮਾਰ ਦਿੱਤਾ। ਜਿਸ ਗੱਲ ਨੂੰ ਔਰਤ ਨੇ ਲੁਕਾ ਕੇ ਰੱਖਿਆ ਸੀ।
ਦੱਸ ਦਈਏ ਕਿ ਮ੍ਰਿਤਕ ਔਰਤ ਦਾ ਪਹਿਲਾ ਵਿਆਹ ਲਗਭਗ 1 ਸਾਲ ਪਹਿਲਾਂ ਹੋਇਆ ਸੀ। ਇਸ ਸਮੇਂ ਕਾਤਲ ਪਤੀ ਫਰਾਰ ਹੈ। ਮੁਲਜ਼ਮ 9 ਜੂਨ ਨੂੰ ਸਵੇਰੇ 4.36 ਵਜੇ ਮੋਢੇ ‘ਤੇ ਬੈਗ ਲਟਕਾਉਂਦੇ ਹੋਏ ਗਲੀ ਵਿੱਚੋਂ ਲੰਘਦੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਿਆ ਹੈ। ਮ੍ਰਿਤਕ ਔਰਤ ਦਾ ਮੋਬਾਈਲ ਫੋਨ ਵੀ ਗਾਇਬ ਹੈ। ਪੁਲਿਸ ਨੇ ਵੀਡੀਓ ਕਲਿੱਪ ਜ਼ਬਤ ਕਰ ਲਈ ਹੈ ਅਤੇ ਕਾਤਲ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
4 ਦਿਨ ਪਹਿਲਾਂ ਫਤਿਹਗੰਜ ਵਿੱਚ ਹੋਏ ਸੀ ਸ਼ਿਫਟ
ਰਾਧਿਕਾ ਥੋੜ੍ਹੇ ਦਿਨ ਪਹਿਲਾਂ ਆਪਣੇ ਪਤੀ ਸੁਨੀਲ ਨਾਲ ਇਸ ਘਰ ਵਿੱਚ ਰਹਿਣ ਆਈ ਸੀ। ਉਹ ਕਤਲ ਤੋਂ ਸਿਰਫ਼ ਚਾਰ ਦਿਨ ਪਹਿਲਾਂ ਹੀ ਟਿੱਬਾ ਰੋਡ ਤੋਂ ਫਤਿਹਗੰਜ ਸ਼ਿਫਟ ਹੋਈ ਸੀ। ਪੁਲਿਸ ਨੂੰ ਸ਼ੱਕ ਹੈ ਕਿ ਐਤਵਾਰ ਨੂੰ ਉਸ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਹੋ ਸਕਦਾ ਹੈ ਅਤੇ ਉਸ ਦੀ ਲਾਸ਼ ਕੱਪੜਿਆਂ ਦੇ ਢੇਰ ਹੇਠੋਂ ਸੜੀ ਹੋਈ ਮਿਲੀ ਹੈ।
ਘਰ ਵਿੱਚੋਂ ਬਦਬੂ ਆਉਣ ਤੋਂ ਬਾਅਦ ਹੋਇਆ ਖੁਲਾਸਾ
ਇਹ ਘਟਨਾ ਉਸ ਵੇਲੇ ਸਾਹਮਣੇ ਆਈ ਜਦੋਂ ਸਥਾਨਕ ਨਿਵਾਸੀਆਂ ਨੇ ਬੰਦ ਘਰ ਵਿੱਚੋਂ ਬਦਬੂ ਆਈ। ਉਨ੍ਹਾਂ ਨੇ ਮਕਾਨ ਮਾਲਕਣ ਗੁਰਵਿੰਦਰ ਕੌਰ ਅਤੇ ਨੇੜੇ ਹੀ ਰਹਿਣ ਵਾਲੇ ਰਾਧਿਕਾ ਦੇ ਭਰਾ ਕ੍ਰਿਸ਼ਨ ਨੂੰ ਸੂਚਿਤ ਕੀਤਾ। ਜਦੋਂ ਉਨ੍ਹਾਂ ਨੇ ਦਰਵਾਜ਼ਾ ਤੋੜਿਆ ਤਾਂ ਉਨ੍ਹਾਂ ਨੂੰ ਅੰਦਰ ਰਾਧਿਕਾ ਦੀ ਲਾਸ਼ ਮਿਲੀ ਅਤੇ ਜਿਸ ਤੋਂ ਤੁਰੰਤ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਇਹ ਵੀ ਪੜ੍ਹੋ
ਏਸੀਪੀ ਅਨਿਲ ਭਨੋਟ ਨੇ ਪੁਸ਼ਟੀ ਕੀਤੀ ਕਿ ਸੁਨੀਲ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰੀਰ ‘ਤੇ ਗਲਾ ਘੁੱਟਣ ਦੇ ਨਿਸ਼ਾਨ ਸਨ ਅਤੇ ਪੀੜਤ ਦੇ ਹੱਥ ਕੱਪੜੇ ਨਾਲ ਬੰਨ੍ਹੇ ਹੋਏ ਸਨ। ਪੁਲਿਸ ਨੇ ਮੁਲਜ਼ਮ ਦੀ ਭਾਲ ਲਈ ਕਈ ਟੀਮਾਂ ਬਣਾਈਆਂ ਹਨ।
ਰਾਧਿਕਾ ਦੀ ਭੈਣ ਆਸ਼ਾ ਨੇ ਕਿਹਾ ਕਿ ਸੁਨੀਲ ਦੇ ਪਰਿਵਾਰ ਦੇ ਸ਼ੁਰੂਆਤੀ ਵਿਰੋਧ ਦੇ ਬਾਵਜੂਦ ਦੋਵਾਂ ਨੇ ਚਾਰ ਮਹੀਨੇ ਪਹਿਲਾਂ ਇੱਕ ਮੰਦਰ ਵਿੱਚ ਵਿਆਹ ਕਰਵਾ ਲਿਆ ਸੀ, ਜਿਨ੍ਹਾਂ ਨੇ ਬਾਅਦ ਵਿੱਚ ਰਿਸ਼ਤੇ ਨੂੰ ਸਵੀਕਾਰ ਕਰ ਲਿਆ। ਇਹ ਜੋੜਾ ਆਪਣੇ ਵਿਆਹ ਨੂੰ ਅਧਿਕਾਰਤ ਤੌਰ ‘ਤੇ ਰਜਿਸਟਰ ਕਰਵਾਉਣ ਦੀ ਯੋਜਨਾ ਬਣਾ ਰਿਹਾ ਸੀ।
ਪਹਿਲਾਂ ਵੀ ਹੋਇਆ ਸੀ ਰਾਧਿਕਾ ਦਾ ਵਿਆਹ- ਐਸਐਚਓ
ਲੁਧਿਆਣਾ ਦੇ ਡਿਵੀਜ਼ਨ ਨੰਬਰ 3 ਪੁਲਿਸ ਸਟੇਸ਼ਨ ਦੇ ਐਸਐਚਓ ਇੰਸਪੈਕਟਰ ਆਦਿੱਤਿਆ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਰਾਧਿਕਾ ਸੁਨੀਲ ਨਾਲ ਰਹਿਣ ਤੋਂ ਪਹਿਲਾਂ ਹੀ ਵਿਆਹੀ ਹੋਈ ਸੀ, ਪਰ ਉਸ ਨੇ ਇਸ ਬਾਰੇ ਸੁਨੀਲ ਨੂੰ ਨਹੀਂ ਦੱਸਿਆ ਸੀ। ਕਤਲ ਤੋਂ ਦੋ ਦਿਨ ਪਹਿਲਾਂ, ਸੁਨੀਲ ਨੂੰ ਕਥਿਤ ਤੌਰ ‘ਤੇ ਉਸ ਦੇ ਅਤੀਤ ਬਾਰੇ ਸੁਰਾਗ ਮਿਲਿਆ ਸੀ, ਜਿਸ ਕਾਰਨ ਦੋਵਾਂ ਵਿਚਕਾਰ ਝਗੜਾ ਹੋਇਆ। ਪੁਲਿਸ ਨੂੰ ਸ਼ੱਕ ਹੈ ਕਿ ਇਹ ਕਤਲ ਦਾ ਕਾਰਨ ਸੀ।
ਐਸਐਚਓ ਸ਼ਰਮਾ ਨੇ ਇਹ ਵੀ ਦੱਸਿਆ ਕਿ ਪੀੜਤ ਪਰਿਵਾਰ ਦਾ ਦਾਅਵਾ ਹੈ ਕਿ ਦੋਵੇਂ ਵਿਆਹੇ ਹੋਏ ਸਨ, ਪਰ ਉਨ੍ਹਾਂ ਕੋਲ ਕੋਈ ਕਾਨੂੰਨੀ ਸਬੂਤ ਨਹੀਂ ਹੈ। ਅਧਿਕਾਰੀ ਹੁਣ ਇਸ ਸੰਭਾਵਨਾ ‘ਤੇ ਵੀ ਵਿਚਾਰ ਕਰ ਰਹੇ ਹਨ ਕਿ ਇਹ ਜੋੜਾ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਸੀ। ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਜਾਂਚ ਜਾਰੀ ਹੈ।