ਮੱਧ ਪ੍ਰਦੇਸ਼ ‘ਚ ਪੰਜਾਬ ਦੇ 5 ਬਦਮਾਸ਼ ਹਥਿਆਰਾਂ ਸਮੇਤ ਗ੍ਰਿਫਤਾਰ, ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਬਣਾ ਰਹੇ ਸਨ ਯੋਜਨਾ
ਇੰਦੌਰ ਪੁਲਿਸ ਨੇ ਪੰਜਾਬ ਦੇ ਪੰਜ ਬਦਮਾਸ਼ਾਂ ਨੂੰ ਨਾਜਾਇਜ਼ ਹਥਿਆਰਾਂ ਨਾਲ ਗ੍ਰਿਫਤਾਰ ਕੀਤਾ ਹੈ। ਇਹ ਬਦਮਾਸ਼ ਇੰਦੌਰ ਤੋਂ ਹਥਿਆਰ ਲੈ ਕੇ ਪੰਜਾਬ ਵਿੱਚ ਕੋਈ ਵੱਡੀ ਵਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸੀ, ਪਰ ਪੁਲਿਸ ਨੇ ਇਨ੍ਹਾਂ ਦੀ ਯੋਜਨਾ ਨੂੰ ਨਾਕਾਮ ਕਰ ਦਿੱਤਾ। ਪੁਲਿਸ ਪੰਜਾਂ ਦੋਸ਼ੀਆਂ ਨੂੰ ਰਿਮਾਂਡ ਤੇ ਲੈ ਕੇ ਡੂੰਘਾਈ 'ਚ ਪੁੱਛਗਿੱਛ ਕਰਨ ਦੀ ਤਿਆਰੀ ਕਰ ਰਹੀ ਹੈ।
ਪੰਜਾਬ ਨਿਊਜ। ਮੱਧ ਪ੍ਰਦੇਸ਼ ਦੇ ਇੰਦੌਰ ‘ਚ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਇੰਦੌਰ ਪੁਲਿਸ ਨੇ ਪੰਜਾਬ ਦੇ ਪੰਜ ਬਦਮਾਸ਼ਾਂ ਨੂੰ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਪੰਜ ਬਦਮਾਸ਼ ਗੈਰ-ਕਾਨੂੰਨੀ ਹਥਿਆਰਾਂ (Weapons) ਨਾਲ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ ਪਰ ਪੁਲਿਸ ਨੇ ਇਨ੍ਹਾਂ ਦੀ ਯੋਜਨਾ ਨੂੰ ਨਾਕਾਮ ਕਰ ਦਿੱਤਾ ਅਤੇ ਅਪਰਾਧ ਕਰਨ ਤੋਂ ਪਹਿਲਾ ਹੀ ਪੰਜਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਇੰਦੌਰ ਦੇ ਪੁਲਿਸ ਕਮਿਸ਼ਨਰ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਕਿਹਾ ਦੱਸਿਆ ਕਿ ਇਹ ਪੰਜੇ ਮੁਲਜ਼ਮ ਇੰਦੌਰ ਤੋਂ ਹਥਿਆਰ ਲੈ ਕੇ ਪੰਜਾਬ (Punjab) ਵਿੱਚ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਂ ਦੋਸ਼ੀਆਂ ਨੂੰ ਰਿਮਾਂਡ ‘ਤੇ ਲੈ ਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਪੰਜਾਬ ਦੇ ਤਿੰਨ ਜ਼ਿਲ੍ਹਿਆਂ ਨਾਲ ਸਬੰਧਿਤ ਹਨ ਇਹ ਬਦਮਾਸ਼
ਜਾਂਚ ਵਿੱਚ ਪਤਾ ਲਗਾਇਆ ਜਾਵੇਗਾ ਕਿ ਇਹ ਪੰਜੇ ਦੋਸ਼ੀ ਕਿਸ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਪੁਲਿਸ ਗ੍ਰਿਫਤਾਰ ਇਹ ਮੁਲਜ਼ਮ ਪੰਜਾਬ ਦੇ ਪੰਜ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਤ ਹਨ, ਜਿਨ੍ਹਾਂ ਵਿੱਚ ਇੱਕ ਜਲੰਧਰ, ਇੱਕ ਕਪੂਰਥਲਾ ਅਤੇ ਤਿੰਨ ਫ਼ਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਤ ਹਨ। ਇਨ੍ਹਾਂ ਮੁਲਜ਼ਮਾਂ ਕੋਲੋਂ 12 ਨਜਾਇਜ਼ ਪਿਸਤੌਲ, ਪੰਜ ਜਿੰਦਾ ਕਾਰਤੂਸ ਅਤੇ ਇੱਕ ਇਨੋਵਾ ਗੱਡੀ ਬਰਾਮਦ ਕੀਤੀ ਹੈ।
ਹਾਈਟੈੱਕ ਨਾਕੇਬੰਦੀ ਕਰਕੇ ਕੀਤਾ ਕਾਬੂ
ਇਸ ਦੇ ਨਾਲ ਪੁਲਿਸ (Police)ਕਮਿਸ਼ਨਰ ਨੇ ਦੱਸਿਆ ਕਿ ਕ੍ਰਾਈਮ ਬ੍ਰਾਂਚ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ 5 ਦੋਸ਼ੀ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਦੇ ਇਰਾਦੇ ਨਾਲ ਆਪਣੀ ਇਨੋਵਾ ਕਾਰ ‘ਚ ਪੰਜਾਬ ਲਈ ਰਵਾਨਾ ਹੋਣ ਵਾਲੇ ਹਨ। ਗੁਪਤ ਸੂਚਨਾ ਦੇ ਆਧਾਰ ‘ਤੇ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਹਾਈਟੈੱਕ ਨਾਕਾਬੰਦੀ ਕਰਕੇ ਇਨ੍ਹਾਂ 5 ਦੋਸ਼ੀਆਂ ਨੂੰ ਤੇਜਾਜੀ ਨਗਰ ਚੌਰਾਹੇ ਨੇੜਿਓਂ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ਮੁਲਜ਼ਮਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕਰਨ ਤੇ ਖੁਲਾਸਾ ਹੋਵੇਗਾ ਕਿ ਮੁਲਜ਼ਮਾਂ ਨੇ ਕਿਸ ਵਾਰਦਾਤ ਨੂੰ ਅੰਜ਼ਾਮ ਦੇਣਾ ਸੀ।