ਗੈਂਗਸਟਰ ਜੱਸਾ ਨੂੰ ਮਿਲਿਆ ਸੀ 16 ਮਰਡਰ ਦਾ ਟਾਰਗੇਟ, ਕੱਲ ਐਨਕਾਉਂਟਰ ਦੌਰਾਨ AGTF ਨੇ ਕੀਤਾ ਸੀ ਜਖ਼ਮੀ

Updated On: 

14 Dec 2023 19:17 PM

ਪੰਜਾਬ ਦੀ ਕਾਊਂਟਰ ਇੰਟੈਲੀਜੈਂਸ ਪੁਲਿਸ ਨੇ ਬੀਤੇ ਦਨ ਜਲੰਧਰ ਵਿੱਚ ਪਿਛਲੇ ਮਹੀਨੇ ਵਾਪਰੇ ਮਾਂ-ਧੀ ਦੇ ਕਤਲ ਕਾਂਡ ਦੇ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ। ਫੜੇ ਗਏ ਗੈਂਗਸਟਰ ਦਾ ਨਾਂ ਕਰਨਜੀਤ ਸਿੰਘ ਜੱਸਾ ਹੈਪੋਵਾਲ ਹੈ, ਜੋ ਵਿਦੇਸ਼ਾਂ 'ਚ ਬੈਠੇ ਗੈਂਗਸਟਰ ਸੋਨੂੰ ਖੱਤਰੀ ਅਤੇ ਰਿੰਦਾ ਦੀਆਂ ਹਦਾਇਤਾਂ 'ਤੇ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਜੱਸਾ ਖ਼ਿਲਾਫ਼ ਇਸ ਵੇਲੇ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ 6 ਕੇਸ ਦਰਜ ਹਨ। ਉਸਨੂੰ 16 ਕਤਲ ਕਰਨ ਦੀ ਜਿੰਮੇਦਾਰੀ ਸੌਂਪੀ ਗਈ ਸੀ।

ਗੈਂਗਸਟਰ ਜੱਸਾ ਨੂੰ ਮਿਲਿਆ ਸੀ 16 ਮਰਡਰ ਦਾ ਟਾਰਗੇਟ, ਕੱਲ ਐਨਕਾਉਂਟਰ ਦੌਰਾਨ AGTF ਨੇ ਕੀਤਾ ਸੀ ਜਖ਼ਮੀ
Follow Us On

ਚੰਡੀਗੜ੍ਹ ਦੇ 32 ਹਸਪਤਾਲ ਵਿੱਚ ਗੈਂਗਸਟਰ ਜੱਸਾ ਹੈਪੋਵਾਲ (Jassa Hapowal) ਦਾ ਆਪਰੇਸ਼ਨ ਕਰਕੇ ਉਸਦੇ ਪੈਰ ਵਿੱਚੋਂ ਗੋਲੀਆਂ ਕੱਢੀਆਂ ਗਈਆਂ ਹਨ। ਪੁਲੀਸ ਉਸ ਨੂੰ ਕਪੂਰਥਲਾ ਤੋਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਈ ਸੀ। ਉਸ ਨੇ ਜ਼ੀਰਕਪੁਰ ਵਿੱਚ ਕਤਲ ਦੀ ਕੋਸ਼ਿਸ਼ ਦੇ ਕੇਸ ਵਿੱਚ ਵਰਤੇ ਹਥਿਆਰਾਂ ਦੀ ਬਰਾਮਦਗੀ ਦੌਰਾਨ ਭੱਜਣ ਦੀ ਕੋਸ਼ਿਸ਼ ਕੀਤੀ ਸੀ। ਇਸ ਦੌਰਾਨ ਉਸ ਨੂੰ AGTF ਵੱਲੋਂ ਦੋ ਵਾਰ ਗੋਲੀ ਮਾਰੀ ਗਈ।

ਮੁਕਾਬਲੇ ਤੋਂ ਬਾਅਦ ਏਜੀਟੀਐਫ ਦੇ ਏਆਈਜੀ ਸੰਦੀਪ ਗੋਇਲ ਅਤੇ ਏਜੀਟੀਐਫ ਦੇ ਡੀਐਸਪੀ ਬਿਕਰਮ ਸਿੰਘ ਬਰਾੜ ਨੇ ਦੱਸਿਆ ਕਿ ਹੁਣ ਮੁਲਜ਼ਮਾਂ ਖ਼ਿਲਾਫ਼ ਢਕੋਲੀ ਥਾਣੇ ਵਿੱਚ ਆਈਪੀਸੀ ਦੀ ਧਾਰਾ 186, 353, 224, 332 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਕੇਸ ਦਰਜ ਕੀਤਾ ਗਿਆ ਹੈ।

16 ਲੋਕਾਂ ਨੂੰ ਮਾਰਨ ਦਾ ਮਿਲਿਆ ਸੀ ਟਾਰਗੇਟ

ਪੁਲਿਸ ਸੂਤਰਾਂ ਮੁਤਾਬਕ ਪਾਕਿਸਤਾਨ ‘ਚ ਬੈਠੇ ਅੱਤਵਾਦੀ ਰਿੰਦਾ ਨੇ ਪੰਜਾਬ ‘ਚ ਜੱਸਾ ਨੂੰ 16 ਲੋਕਾਂ ਨੂੰ ਮਾਰਨ ਦਾ ਟਾਰਗੇਟ ਦਿੱਤਾ ਸੀ। ਇਨ੍ਹਾਂ ਸਾਰੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਉਹ ਪੁਲਿਸ ਦੇ ਹੱਥੇ ਚੜ੍ਹ ਗਿਆ ਸੀ। ਇਸ ਕਾਰਨ ਉਹ ਪੁਲਿਸ ਤੋਂ ਭੱਜ ਕੇ ਆਪਣੀ ਜਾਨ ਬਚਾਉਣਾ ਚਾਹੁੰਦਾ ਸੀ।

ਹਮਲੇ ਤੋਂ ਬਾਅਦ ਛੁਪਾਏ ਸਨ ਹਥਿਆਰ

ਏਜੀਟੀਐਫ ਦੇ ਏਆਈਜੀ ਸੰਦੀਪ ਗੋਇਲ ਨੇ ਦੱਸਿਆ ਕਿ ਜੱਸਾ ਮਾਨੋਵਾਲ ਨਾਂ ਦੇ ਵਿਅਕਤੀ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦੇ ਇੰਦਰਜੀਤ ਨਾਲ ਨਾਜਾਇਜ਼ ਸਬੰਧ ਹਨ। ਇਸ ‘ਤੇ ਉਸ ਨੇ ਸੋਨੂੰ ਖੱਤਰੀ ਨਾਲ ਸੰਪਰਕ ਕੀਤਾ ਅਤੇ ਜੁਲਾਈ ਮਹੀਨੇ ਜੱਸਾ ਤੋਂ ਇੰਦਰਜੀਤ ‘ਤੇ ਹਮਲਾ ਕਰਵਾ ਦਿੱਤਾ।

ਇੰਦਰਜੀਤ ‘ਤੇ ਹਮਲਾ ਕਰਨ ਤੋਂ ਪਹਿਲਾਂ ਚਾਰ ਦਿਨ ਤੱਕ ਉਸਦੀ ਰੇਕੀ ਕੀਤੀ ਗਈ। ਰੇਕੀ ਕਰਦੇ ਸਮੇਂ ਗੈਂਗਸਟਰ ਜੱਸਾ ਇਸ ਥਾਂ ‘ਤੇ ਹਥਿਆਰ ਛੱਡ ਗਿਆ ਸੀ ਤਾਂ ਜੋ ਉਹ ਕਿਸੇ ਚੈਕਿੰਗ ਦੌਰਾਨ ਫਸ ਨਾ ਜਾਵੇ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਜੱਸਾ ਨੇ ਇੱਥੇ ਇੱਕ ਚੀਨੀ ਪਿਸਤੌਲ ਅਤੇ ਪੰਜ ਕਾਰਤੂਸ ਛੁਪਾਏ ਸਨ।

ਬੀਤੇ ਕੱਲ੍ਹ ਜਦੋਂ ਉਸ ਕੋਲੋਂ ਇਹ ਪਿਸਤੌਲ ਬਰਾਮਦ ਕਰਨ ਲਈ ਲਿਜਾਇਆ ਜਾ ਰਿਹਾ ਸੀ ਤਾਂ ਉਸ ਨੇ ਹੱਥਕੜੀ ਛੁਡਾ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਜੱਸਾ ਨੇ ਹੱਥਕੜੀ ਲਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਏਐਸਆਈ ਦਰਸ਼ਨ ਸਿੰਘ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਵੀ ਇਲਾਜ ਲਈ ਹਸਪਤਾਲ ਲਿਜਾਇਆ ਗਿਆ।

3 ਦਿਨਾਂ ‘ਚ 3 ਕੀਤੇ ਕਤਲ

ਏਆਈਜੀ ਸੰਦੀਪ ਗੋਇਲ ਨੇ ਦੱਸਿਆ ਕਿ ਅਕਤੂਬਰ ਮਹੀਨੇ ਵਿੱਚ ਜੱਸਾ ਨੇ ਤਿੰਨ ਦਿਨਾਂ ਵਿੱਚ ਤਿੰਨ ਲੋਕਾਂ ਦਾ ਕਤਲ ਕੀਤਾ ਸੀ। ਉਸ ਨੇ ਜਲੰਧਰ ਵਿੱਚ ਜੱਸਾ ਮਾਨੋਵਾਲ ਦੀ ਸੱਸ ਅਤੇ ਪਤਨੀ ਦਾ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਉਸ ਨੇ ਨਵਾਂਸ਼ਹਿਰ ‘ਚ ਆਪਣੇ ਇਕ ਹੋਰ ਦੋਸਤ ਦਾ ਕਤਲ ਕੀਤਾ, ਜਿਸ ਨਾਲ ਉਸ ਦਾ ਝਗੜਾ ਹੋ ਗਿਆ। ਨਵੰਬਰ ‘ਚ ਜਲੰਧਰ ‘ਚ ਗ੍ਰਿਫਤਾਰੀ ਤੋਂ ਬਾਅਦ ਸੋਮਵਾਰ ਨੂੰ ਉਸ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ ਸੀ।

ਗੈਂਗਸਟਰ ਤਰਨਜੀਤ ਸਿੰਘ ਉਰਫ ਜੱਸਾ ਹੈਪੋਵਾਲ ਬੁੱਧਵਾਰ ਸਵੇਰੇ ਪੰਜਾਬ ਦੇ ਜ਼ੀਰਕਪੁਰ ‘ਚ ਪੁਲਿਸ ਮੁਕਾਬਲੇ ‘ਚ ਜ਼ਖਮੀ ਹੋ ਗਿਆ। ਹਿਰਾਸਤ ‘ਚੋਂ ਭੱਜਣ ਦੀ ਕੋਸ਼ਿਸ਼ ਦੌਰਾਨ ਉਸ ਨੇ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ। ਕਰਾਸ ਫਾਇਰਿੰਗ ਵਿਚ ਪੁਲਿਸ ਨੇ ਉਸ ਦੀ ਲੱਤ ਵਿਚ ਗੋਲੀ ਮਾਰ ਦਿੱਤੀ। ਜਿਸ ਦਾ ਫਿਲਹਾਲ ਇਲਾਜ ਚੱਲ ਰਿਹਾ ਹੈ। ਜੱਸਾ ਹੈਪੋਵਾਲ ਨਵਾਂਸ਼ਹਿਰ ਦੇ ਬੰਗਾ ਦੇ ਪਿੰਡ ਹੈਪੋਵਾਲ ਦਾ ਰਹਿਣ ਵਾਲਾ ਹੈ।