Drug from Pakistan: ਪਾਕਿਸਤਾਨ ਵੱਲੋਂ ਡਰੋਨ ਰਾਹੀਂ ਮੁੜ ਸੁੱਟੇ ਗਏ ਡਰੱਗ ਅਤੇ ਹਥਿਆਰ, ਜਾਂਚ ਚ ਜੁਟੀ ਪੁਲਿਸ
ਸਰਹੱਦ ਤੋਂ ਪੈਕੇਟ ਮਿਲਣ ਦੀ ਜਾਣਕਾਰੀ ਉੱਚ ਅਫ਼ਸਰਾਂ ਨੂੰ ਦਿੱਤੀ ਗਈ ਅਤੇ ਮੌਕੇ ਤੇ ਜਲਾਲਾਬਾਦ ਸਬ-ਡਿਵੀਜ਼ਨ ਤੇ ਡੀਐੱਸਪੀ ਅਤੁਲ ਸੋਨੀ ਪਹੁੰਚੇ ਅਤੇ ਉਨ੍ਹਾਂ ਦੀ ਅਗਵਾਈ ਹੇਠ ਇਸ ਹੈਰੋਇਨ ਨੂੰ ਜ਼ਬਤ ਕਰ ਕੇ ਵਜਨ ਕੀਤਾ ਗਿਆ ਤਾਂ ਇਹ 2 ਕਿੱਲੋ 120 ਗ੍ਰਾਮ ਨਿਕਲਿਆ।
ਫਾਜ਼ਿਲਕਾ ਨਿਊਜ : ਫਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਇਲਾਕੇ ਵਿੱਚ ਪਾਕਿਸਤਾਨ ਵੱਲੋਂ ਲਗਾਤਾਰ ਨਾਪਾਕ ਹਰਕਤਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਜ਼ਾ ਮਾਮਲੇ ਵਿੱਚ ਪਾਕਿਸਤਾਨ ਵੱਲੋਂ ਡਰੋਨ ਰਾਹੀ ਰਾਤ ਸਮੇਂ ਸਰਹੱਦੀ ਪਿੰਡ ਲੱਧੂਵਾਲਾ ਦੇ ਖੇਤਾਂ ਵਿਚ ਇਕ ਕਾਲੇ ਰੰਗ ਦਾ ਬੈਗ ਸੁੱਟਿਆ ਗਿਆ, ਜਿਸ ਦੀ ਤਲਾਸ਼ੀ ਲੈਣ ਤੇ ਪੁਲਿਸ ਨੂੰ ਉਸ ਵਿੱਚੋਂ 2 ਕਿੱਲੋ 126 ਗ੍ਰਾਮ ਹੈਰੋਇਨ ਅਤੇ ਬਿਨਾ ਮੈਗਜ਼ੀਨ ਦੀ ਇੱਕ ਪਿਸਤੌਲ ਬਰਾਮਦ ਹੋਈ। ਇੱਕ ਮੁਖਬਰ ਰਾਹੀਂ ਇਸ ਦੀ ਸੁਚਨਾ ਮਿਲਣ ਤੇ ਪੁਲਿਸ ਫੌਰਨ ਮੌਕੇ ਤੇ ਪਹੁੰਚੀ ਅਤੇ ਪੈਕੇਟ ਨੂੰ ਜਬਤ ਕਰਕੇ ਕਾਰਵਾਈ ਆਰੰਭ ਦਿੱਤੀ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਜਲਾਲਾਬਾਦ ਦੇ ਇੰਚਾਰਜ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਮੁਖਬਰ ਨੇ ਇਤਲਾਹ ਦਿੱਤੀ ਕਿ ਪਿੰਡ ਭੰਬਾ ਵੱਟੂ ਹਿਠਾੜ ਤੋਂ ਦੋ ਕਿਲੋਮੀਟਰ ਦੂਰ ਸਰਹੱਦ ਲਾਗੇ ਖੇਤਾਂ ਵਿਚ ਇਕ ਸ਼ੱਕੀ ਚੀਜ਼ ਪਈ ਹੈ। ਜਿਸ ਤੋਂ ਬਾਅਦ ਥਾਣਾ ਸਦਰ ਜਲਾਲਾਬਾਦ ਦੇ ਇੰਚਾਰਜ ਐਸ ਆਈ ਗੁਰਬਿੰਦਰ ਕੁਮਾਰ ਵੱਲੋਂ ਬੀਐਸਐਫ ਦੇ ਸਹਿਯੋਗ ਦੇ ਨਾਲ ਉਕਤ ਜਗ੍ਹਾ ਤੇ ਜਾ ਕੇ ਤਲਾਸ਼ੀ ਲਈ ਗਈ ਤਾਂ ਉਥੇ ਇੱਕ ਕਾਲੇ ਰੰਗ ਦੇ ਬੈਂਗ ਵਿੱਚੋਂ ਦੋ ਪੈਕਟ ਹੈਰੋਇਨ ਦੇ ਬਰਾਮਦ ਹੋਏ ਅਤੇ ਉਸ ਦੇ ਨਾਲ ਇਕ ਪਿਸਟਲ ਬਿਨਾ ਮੈਗਜ਼ੀਨ ਅਤੇ ਇਕ ਬਲਿੰਕਰ ਵੀ ਬਰਾਮਦ ਕੀਤੇ।
ਪਾਕਿਸਤਾਨ ਤੋਂ ਆਏ ਡਰੱਗ ਅਤੇ ਹਥਿਆਰ
ਜਲਾਲਾਬਾਦ ਸਬ ਡਵੀਜ਼ਨ ਦੇ ਡੀਐੱਸਪੀ ਅਤੁਲ ਸੋਨੀ ਨੇ ਦੱਸਿਆ ਕਿ ਇਹ ਹੈਰੋਇਨ ਦੀ ਖੇਪ ਅਤੇ ਪਿਸਟਲ ਡਰੋਨ ਰਾਹੀਂ ਪਾਕਿਸਤਾਨ ਤੋਂ ਇੱਧਰਲੇ ਪਾਸੇ ਤੋਂ ਸੁੱਟਿਆ ਗਿਆ ਸੀ ਜਿਸ ਨੂੰ ਕਿ ਭਾਰਤ ਵਾਲੀ ਥਾਂ ਤੋਂ ਤਸਕਰਾਂ ਨੇ ਰਿਸੀਵ ਕਰਨਾ ਸੀ। ਪਰ ਇਸ ਤੋਂ ਪਹਿਲਾਂ ਹੀ ਪੁਲਸ ਨੂੰ ਇਸ ਦੀ ਜਾਣਕਾਰੀ ਮਿਲ ਗਈ ਅਤੇ ਪੁਲਿਸ ਨੇ ਬੀਐਸਐਫ ਦੇ ਸਹਿਯੋਗ ਨਾਲ ਇਸ ਖੇਪ ਨੂੰ ਜ਼ਬਤ ਕਰ ਥਾਣਾ ਸਦਰ ਜਲਾਲਾਬਾਦ ਵਿਖੇ ਮੁਕੱਦਮਾ ਨੰਬਰ 61 ਅਧੀਨ ਧਾਰਾ ਐਨਡੀਪੀਐਸ ਐਕਟ ਦੇ ਤਹਿਤ ਅਗਿਆਤ ਵਿਅਕਤੀ ਦੇ ਖਿਲਾਫ਼ ਦਰਜ ਕਰ ਲਿਆ ਗਿਆ ਹੈ।
ਪੁਲਿਸ ਅਧਿਕਾਰੀਨੇ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਸਰਹੱਦੀ ਇਲਾਕਿਆਂ ਦੇ ਵਿਚ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਸ਼ੱਕੀ ਵਿਅਕਤੀਆਂ ਦੀ ਸੀਆਈਏ ਸਟਾਫ਼ ਫਾਜ਼ਿਲਕਾ ਵੱਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ । ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ ਦੋ ਸ਼ੱਕੀ ਲੋਕਾਂ ਨੂੰ ਹਿਰਾਸਤ ਵਿਚ ਵੀ ਲਿਆ ਹੈ । ਅਤੇ ਉਹਨਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।