PSEB Result 2026: ਕੁੜੀਆਂ ਨੇ ਮੁੰਡਿਆਂ ਨੂੰ ਛੱਡਿਆ ਪਿੱਛੇ, 94.73% ਰਿਹਾ ਪਾਸ ਪ੍ਰਤੀਸ਼ਤ, ਸਾਇੰਸ ਤੇ ਕਾਮਰਸ ਨੇ ਮਾਰੀ ਬਾਜ਼ੀ

Published: 

14 May 2026 13:50 PM IST

PSEB Result 2026: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੇ ਪਿਛਲੇ ਦੋ ਸਾਲਾਂ ਦੇ ਅੰਕੜਿਆਂ ਨੇ ਇੱਕ ਹੈਰਾਨ ਕਰਨ ਵਾਲੀ ਸੱਚਾਈ ਸਾਹਮਣੇ ਰੱਖੀ ਹੈ। ਹਿਊਮੈਨਿਟੀਜ਼ (ਆਰਟਸ) ਨੂੰ ਸਭ ਤੋਂ ਆਸਾਨ ਸਟ੍ਰੀਮ ਮੰਨਿਆ ਜਾਂਦਾ ਹੈ, ਪਰ ਇਸੇ ਸਟ੍ਰੀਮ ਦਾ ਨਤੀਜਾ ਸਾਇੰਸ ਅਤੇ ਕਾਮਰਸ ਨਾਲੋਂ ਕਾਫੀ ਘੱਟ ਰਿਹਾ ਹੈ।

PSEB Result 2026: ਕੁੜੀਆਂ ਨੇ ਮੁੰਡਿਆਂ ਨੂੰ ਛੱਡਿਆ ਪਿੱਛੇ, 94.73% ਰਿਹਾ ਪਾਸ ਪ੍ਰਤੀਸ਼ਤ, ਸਾਇੰਸ ਤੇ ਕਾਮਰਸ ਨੇ ਮਾਰੀ ਬਾਜ਼ੀ

PSEB Result 2026

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੇ ਪਿਛਲੇ ਦੋ ਸਾਲਾਂ ਦੇ ਅੰਕੜਿਆਂ ਨੇ ਇੱਕ ਹੈਰਾਨ ਕਰਨ ਵਾਲੀ ਸੱਚਾਈ ਸਾਹਮਣੇ ਰੱਖੀ ਹੈ। ਹਿਊਮੈਨਿਟੀਜ਼ (ਆਰਟਸ) ਨੂੰ ਸਭ ਤੋਂ ਆਸਾਨ ਸਟ੍ਰੀਮ ਮੰਨਿਆ ਜਾਂਦਾ ਹੈ, ਪਰ ਇਸੇ ਸਟ੍ਰੀਮ ਦਾ ਨਤੀਜਾ ਸਾਇੰਸ ਅਤੇ ਕਾਮਰਸ ਨਾਲੋਂ ਕਾਫੀ ਘੱਟ ਰਿਹਾ ਹੈ।

ਇਸ ਸਾਲ ਕਾਮਰਸ ਸਟ੍ਰੀਮ ਨੇ 98.78% ਅਤੇ ਸਾਇੰਸ ਨੇ 98.47% ਨਤੀਜੇ ਨਾਲ ਰਿਕਾਰਡ ਤੋੜ ਸਫਲਤਾ ਹਾਸਲ ਕੀਤੀ। ਦੂਜੇ ਪਾਸੇ, ਹਿਊਮੈਨਿਟੀਜ਼ ਸਟ੍ਰੀਮ ਦਾ ਨਤੀਜਾ ਕੇਵਲ 87.74% ਤੱਕ ਹੀ ਸੀਮਿਤ ਰਿਹਾ। ਇਸੇ ਤਰ੍ਹਾਂ ਵੋਕੇਸ਼ਨਲ ਸਟ੍ਰੀਮ ਦਾ ਨਤੀਜਾ 87.80% ਰਿਹਾ। ਰਾਹਤ ਦੀ ਗੱਲ ਇਹ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੈਰਿਟ ਸੂਚੀ ਵਿੱਚ ਦੂਜੇ, ਤੀਜੇ ਅਤੇ ਚੌਥੇ ਸਥਾਨ ਤੇ ਲਗਾਤਾਰ ਹਿਊਮੈਨਿਟੀਜ਼ ਗਰੁੱਪ ਦੇ ਵਿਦਿਆਰਥੀ ਹੀ ਹਨ।

ਪਿਛਲੇ ਸਾਲ ਨਾਲ ਤੁਲਨਾ ਕਰੀਏ ਤਾਂ ਉਸ ਸਮੇਂ ਸਾਇੰਸ (98.52%) ਅਤੇ ਕਾਮਰਸ (96.83%) ਦੇ ਮੁਕਾਬਲੇ ਹਿਊਮੈਨਿਟੀਜ਼ ਦਾ ਨਤੀਜਾ ਸਿਰਫ਼ 87.58% ਰਿਹਾ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਹਿਊਮੈਨਿਟੀਜ਼ ਗਰੁੱਪ ਵਿੱਚ ਸਭ ਤੋਂ ਵੱਧ ਵਿਦਿਆਰਥੀ ਪੇਪਰ ਦਿੰਦੇ ਹਨ ਅਤੇ ਸਭ ਤੋਂ ਵੱਧ ਫੇਲ ਵੀ ਇਸੇ ਗਰੁੱਪ ਵਿੱਚ ਹੁੰਦੇ ਹਨ।

ਓਵਰਆਲ ਨਤੀਜੇ ਵਿੱਚ ਹਲਕਾ ਵਾਧਾ

ਦੂਜੇ ਪਾਸੇ, 12ਵੀਂ ਕਲਾਸ ਦੇ ਓਵਰਆਲ ਨਤੀਜੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਹਲਕਾ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ ਸਾਲ 91 ਫੀਸਦੀ ਵਿਦਿਆਰਥੀ ਪਾਸ ਹੋਏ ਸਨ, ਜਦਕਿ ਇਸ ਵਾਰ 91.46 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਮੇਰਿਟ ਲਿਸਟ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਸਿਰਫ਼ ਇੱਕ ਹੀ ਵਿਦਿਆਰਥੀ ਨੇ 500 ਵਿੱਚੋਂ 500 ਅੰਕ ਹਾਸਲ ਕੀਤੇ ਸਨ, ਜਦਕਿ ਇਸ ਵਾਰ ਤਿੰਨੇ ਟਾਪਰਾਂ ਨੇ 500 ਵਿੱਚੋਂ 500 ਨੰਬਰ ਪ੍ਰਾਪਤ ਕੀਤੇ ਹਨ।

ਜ਼ਿਲ੍ਹਾਵਾਰ ਨਤੀਜਿਆਂ ਵਿੱਚ ਇੱਕ ਵਾਰ ਫਿਰ ਅੰਮ੍ਰਿਤਸਰ ਟਾਪ ਤੇ ਰਿਹਾ। ਪਿਛਲੇ ਸਾਲ ਅੰਮ੍ਰਿਤਸਰ ਜ਼ਿਲ੍ਹੇ ਦਾ ਨਤੀਜਾ 96.29% ਸੀ, ਜੋ ਇਸ ਵਾਰ 0.29% ਘਟ ਕੇ 96.00% ਰਹਿ ਗਿਆ। ਲੁਧਿਆਣਾ ਜ਼ਿਲ੍ਹਾ ਪਿਛਲੀ ਵਾਰ 87% ਨਤੀਜੇ ਨਾਲ 21ਵੇਂ ਸਥਾਨ ‘ਤੇ ਸੀ, ਜੋ ਇਸ ਵਾਰ 87.04% ਨਤੀਜੇ ਨਾਲ 23ਵੇਂ ਯਾਨੀ ਆਖਰੀ ਸਥਾਨ ਤੇ ਪਹੁੰਚ ਗਿਆ।

ਮੇਰਿਟ ਵਿੱਚ 278 ਵਿੱਚੋਂ 148 ਸਾਇੰਸ ਦੇ ਵਿਦਿਆਰਥੀ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਸੀਨੀਅਰ ਸੈਕੰਡਰੀ ਪ੍ਰੀਖਿਆ ਮਾਰਚ 2026 ਦੀ ਮੇਰਿਟ ਸੂਚੀ ਵਿੱਚ ਕੁੱਲ 278 ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਸੂਚੀ ਵਿੱਚ ਸਟ੍ਰੀਮ ਅਨੁਸਾਰ ਪ੍ਰਦਰਸ਼ਨ ਕਾਫੀ ਪ੍ਰਭਾਵਸ਼ਾਲੀ ਅਤੇ ਸਪੱਸ਼ਟ ਨਜ਼ਰ ਆਇਆ ਹੈ। ਸਾਇੰਸ ਗਰੁੱਪ ਨੇ ਸ਼ਾਨਦਾਰ ਦਬਦਬਾ ਬਣਾਇਆ ਹੈ। ਕੁੱਲ 278 ਵਿੱਚੋਂ 148 ਵਿਦਿਆਰਥੀ (53.2%) ਸਾਇੰਸ ਸਟ੍ਰੀਮ ਨਾਲ ਸੰਬੰਧਿਤ ਹਨ। ਇਹ ਦਰਸਾਉਂਦਾ ਹੈ ਕਿ ਸਾਇੰਸ ਦੇ ਵਿਦਿਆਰਥੀ ਨਾ ਸਿਰਫ਼ ਗਿਣਤੀ ਵਿੱਚ, ਸਗੋਂ ਗੁਣਵੱਤਾ ਵਿੱਚ ਵੀ ਅੱਗੇ ਹਨ।

ਹਿਊਮੈਨਿਟੀਜ਼ ਗਰੁੱਪ ਦੇ 82 ਵਿਦਿਆਰਥੀ (29.5%) ਦੂਜੇ ਸਥਾਨ ਤੇ ਹਨ। ਹਾਲਾਂਕਿ, ਆਰਟਸ ਸਟ੍ਰੀਮ ਵਿੱਚ ਕੁੱਲ ਉਮੀਦਵਾਰਾਂ ਦੀ ਗਿਣਤੀ ਸਭ ਤੋਂ ਵੱਧ ਹੁੰਦੀ ਹੈ, ਫਿਰ ਵੀ ਮੇਰਿਟ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਸਾਇੰਸ ਨਾਲੋਂ ਘੱਟ ਰਿਹਾ। ਕਾਮਰਸ ਗਰੁੱਪ ਦੇ 44 ਵਿਦਿਆਰਥੀ (15.8%) ਸ਼ਾਮਲ ਹੋਏ। ਜਦਕਿ ਵੋਕੇਸ਼ਨਲ (V) ਗਰੁੱਪ ਦੇ ਸਿਰਫ਼ 4 ਵਿਦਿਆਰਥੀ ਹੀ ਟਾਪ ਮੇਰਿਟ ਵਿੱਚ ਆਪਣੀ ਜਗ੍ਹਾ ਬਣਾ ਸਕੇ।

ਜੈਂਡਰ ਅਨੁਸਾਰ ਨਤੀਜਿਆਂ ਵਿੱਚ ਹਲਕਾ ਅੰਤਰ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 13 ਮਈ 2026 ਨੂੰ ਐਲਾਨੇ ਗਏ 12ਵੀਂ ਕਲਾਸ ਦੇ ਨਤੀਜਿਆਂ ਵਿੱਚ ਕੁੱਲ 91.46% ਵਿਦਿਆਰਥੀ ਪਾਸ ਹੋਏ। ਪ੍ਰੀਖਿਆ ਵਿੱਚ ਕੁੜੀਆਂ ਨੇ 94.73% ਪਾਸ ਪ੍ਰਤੀਸ਼ਤ ਨਾਲ ਮੁੰਡਿਆਂ (88.52%) ਨਾਲੋਂ ਵਧੀਆ ਪ੍ਰਦਰਸ਼ਨ ਕੀਤਾ। ਸਾਲ 2025 ਵਿੱਚ ਕੁੱਲ ਨਤੀਜਾ 91 ਫੀਸਦੀ ਰਿਹਾ ਸੀ, ਜਿਸ ਵਿੱਚ 88.55 ਫੀਸਦੀ ਮੁੰਡੇ ਅਤੇ 94.46 ਫੀਸਦੀ ਕੁੜੀਆਂ ਪਾਸ ਹੋਈਆਂ ਸਨ।

ਸਰਕਾਰੀ ਸਕੂਲਾਂ ਦੇ ਨਤੀਜਿਆਂ ਵਿੱਚ ਗਿਰਾਵਟ

ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਕਲਾਸ ਦਾ ਨਤੀਜਾ ਸਕੂਲ ਅਨੁਸਾਰ ਜਾਰੀ ਕੀਤਾ ਹੈ। ਇਸ ਮੁਤਾਬਕ ਸਰਕਾਰੀ ਸਕੂਲਾਂ ਦਾ ਨਤੀਜਾ 91.41 ਫੀਸਦੀ ਰਿਹਾ, ਜੋ ਪਿਛਲੇ ਸਾਲ ਦੇ ਮੁਕਾਬਲੇ 0.40 ਫੀਸਦੀ ਘੱਟ ਹੈ। ਪਿਛਲੇ ਸਾਲ ਸਰਕਾਰੀ ਸਕੂਲਾਂ ਦਾ ਨਤੀਜਾ 91.81 ਫੀਸਦੀ ਸੀ। ਦੂਜੇ ਪਾਸੇ, ਪ੍ਰਾਈਵੇਟ ਸਕੂਲਾਂ ਦੇ ਨਤੀਜਿਆਂ ਵਿੱਚ ਹਲਕਾ ਵਾਧਾ ਦਰਜ ਕੀਤਾ ਗਿਆ। ਪਿਛਲੀ ਵਾਰ ਪ੍ਰਾਈਵੇਟ ਸਕੂਲਾਂ ਦਾ ਨਤੀਜਾ 92.47 ਫੀਸਦੀ ਸੀ, ਜੋ ਇਸ ਵਾਰ 92.68 ਫੀਸਦੀ ਰਿਹਾ।

ਟਾਪ-50 ਵਿੱਚ ਸਕੂਲ ਆਫ ਐਮਿਨੈਂਸ ਦੇ ਸਿਰਫ਼ 3 ਵਿਦਿਆਰਥੀ

PSEB ਦੀ ਮੇਰਿਟ ਸੂਚੀ ਵਿੱਚ ਕੁੱਲ 278 ਵਿਦਿਆਰਥੀ ਸ਼ਾਮਲ ਹਨ। ਇਸ ਵਾਰ ਟਾਪ 3 ਸਥਾਨਾਂ ਵਾਲੇ ਵਿਦਿਆਰਥੀਆਂ ਨੇ 100 ਫੀਸਦੀ ਅੰਕ ਹਾਸਲ ਕੀਤੇ ਹਨ। ਟਾਪ 3 ਵਿੱਚ ਸਰਕਾਰੀ ਸਕੂਲ ਦਾ ਇੱਕ ਵੀ ਵਿਦਿਆਰਥੀ ਸ਼ਾਮਲ ਨਹੀਂ ਹੈ। ਟਾਪ 50 ਦੀ ਗੱਲ ਕਰੀਏ ਤਾਂ ਸਰਕਾਰੀ ਸਕੂਲਾਂ ਦੇ ਕੁੱਲ 21 ਵਿਦਿਆਰਥੀ ਹਨ, ਜੋ ਕਿ ਤਸੱਲੀਬਖਸ਼ ਮੰਨੇ ਜਾ ਰਹੇ ਹਨ। ਦੂਜੇ ਪਾਸੇ , ਸਕੂਲ ਆਫ ਐਮਿਨੈਂਸ ਦੇ ਸਿਰਫ਼ 3 ਵਿਦਿਆਰਥੀ ਹੀ ਟਾਪ 50 ਵਿੱਚ ਆਪਣੀ ਜਗ੍ਹਾ ਬਣਾ ਸਕੇ।

Follow Us