ਪੰਜਾਬ ਕੇਂਦਰੀ ਯੂਨੀਵਰਸਿਟੀ ਅਤੇ ਮਿਜ਼ੋਰਮ ਯੂਨੀਵਰਸਿਟੀ ਵਿਚਕਾਰ ਹੋਇਆ ਸਮਝੌਤਾ, ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਮਿਲਣਗੇ ਵੱਡੇ ਲਾਭ
Central University of Punjab: ਬਠਿੰਡਾ ਦੀ ਪੰਜਾਬ ਕੇਂਦਰੀ ਯੂਨੀਵਰਸਿਟੀ ਅਤੇ ਮਿਜ਼ੋਰਮ ਯੂਨੀਵਰਸਿਟੀ ਵਿਚਕਾਰ ਅਕਾਦਮਿਕ ਅਤੇ ਖੋਜ ਖੇਤਰ ਵਿੱਚ ਸਹਿਯੋਗ ਵਧਾਉਣ ਲਈ ਅਹਿਮ ਸਮਝੌਤਾ ਹੋਇਆ ਹੈ। ਇਸ ਤਹਿਤ ਦੋਵਾਂ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਾਂਝੀ ਖੋਜ, ਸਿੱਖਿਆ ਅਤੇ ਤਕਨੀਕੀ ਸਰੋਤਾਂ ਦਾ ਲਾਭ ਮਿਲੇਗਾ।
PKU ਦਾ ਮਿਜ਼ੋਰਮ ਯੂਨੀਵਰਸਿਟੀ ਨਾਲ ਸਮਝੌਤਾ
ਪੰਜਾਬ ਕੇਂਦਰੀ ਯੂਨੀਵਰਸਿਟੀ (CU Punjab), ਬਠਿੰਡਾ ਅਤੇ ਮਿਜ਼ੋਰਮ ਯੂਨੀਵਰਸਿਟੀ, ਆਈਜ਼ੋਲ ਵਿਚਕਾਰ ਅਕਾਦਮਿਕ ਅਤੇ ਖੋਜ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਸਮਝੌਤਾ ਪੱਤਰ (MoU) ‘ਤੇ ਦਸਤਖ਼ਤ ਕੀਤੇ ਗਏ ਹਨ। ਇਹ ਸਮਝੌਤਾ 5 ਸਾਲਾਂ ਲਈ ਲਾਗੂ ਰਹੇਗਾ। ਦੋਵੇਂ ਸੰਸਥਾਵਾਂ ਦੀ ਆਪਸੀ ਸਹਿਮਤੀ ਨਾਲ ਇਸ ਦੀ ਮਿਆਦ ਅੱਗੇ ਵੀ ਵਧਾਈ ਜਾ ਸਕੇਗੀ।
ਇਸ ਸਾਂਝੇਦਾਰੀ ਨਾਲ ਦੋਵਾਂ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਾਂਝੀ ਖੋਜ, ਅਕਾਦਮਿਕ ਸਮਾਗਮਾਂ ਅਤੇ ਸਰੋਤਾਂ ਦੀ ਸਾਂਝੀ ਵਰਤੋਂ ਦਾ ਸਿੱਧਾ ਲਾਭ ਮਿਲੇਗਾ। ਸਮਝੌਤੇ ਤਹਿਤ CU Punjab ਆਪਣੇ ਉਪਲਬਧ ਸਰੋਤਾਂ ਦੇ ਆਧਾਰ ‘ਤੇ ਮਿਜ਼ੋਰਮ ਯੂਨੀਵਰਸਿਟੀ ਦੇ ਪ੍ਰੋਗਰਾਮਾਂ ਨੂੰ ਅਕਾਦਮਿਕ, ਤਕਨੀਕੀ ਅਤੇ ਬੁਨਿਆਦੀ ਢਾਂਚੇ ਨਾਲ ਜੁੜਿਆ ਸਹਿਯੋਗ ਪ੍ਰਦਾਨ ਕਰੇਗੀ।
ਦੂਜੇ ਪਾਸੇ, ਮਿਜ਼ੋਰਮ ਯੂਨੀਵਰਸਿਟੀ ਸਾਂਝੀ ਦਿਲਚਸਪੀ ਵਾਲੇ ਵਿਸ਼ਿਆਂ ‘ਤੇ ਖੋਜ ਨੂੰ ਉਤਸ਼ਾਹਿਤ ਕਰੇਗੀ ਅਤੇ ਆਪਣੇ ਨੈੱਟਵਰਕ ਰਾਹੀਂ CU Punjab ਦੀਆਂ ਅਕਾਦਮਿਕ ਅਤੇ ਖੋਜ ਸਹੂਲਤਾਂ ਦਾ ਪ੍ਰਚਾਰ-ਪ੍ਰਸਾਰ ਕਰੇਗੀ।
ਕਾਰਜਕਾਰੀ ਵਾਈਸ ਚਾਂਸਲਰ ਨੇ ਪ੍ਰਗਟਾਇਆ ਧੰਨਵਾਦ
ਇਹ ਸਮਝੌਤਾ CU Punjab ਦੇ ਕਾਰਜਕਾਰੀ ਵਾਈਸ ਚਾਂਸਲਰ ਪ੍ਰੋ. ਰਾਮਾਕ੍ਰਿਸ਼ਨਾ ਵੁਸੀਰਿਕਾ ਦੀ ਦੇਖ-ਰੇਖ ਹੇਠ ਸੰਪੰਨ ਹੋਇਆ। ਉਨ੍ਹਾਂ ਨੇ ਇਸ ਸਾਂਝੇਦਾਰੀ ਨੂੰ ਸੰਭਵ ਬਣਾਉਣ ਲਈ ਮਿਜ਼ੋਰਮ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਦਿਬਾਕਰ ਚੰਦਰ ਡੇਕਾ ਦਾ ਧੰਨਵਾਦ ਕੀਤਾ।
ਦਸਤਖ਼ਤ ਸਮਾਰੋਹ ਵਿੱਚ CU Punjab ਦੇ ਰਜਿਸਟਰਾਰ ਡਾ. ਵਿਜੇ ਸ਼ਰਮਾ, ਸੂਚਨਾ ਅਤੇ ਸੰਚਾਰ ਅਧਿਐਨ ਫੈਕਲਟੀ ਦੇ ਡੀਨ ਪ੍ਰੋ. ਭਵ ਨਾਥ ਪਾਂਡੇ ਅਤੇ ਮਿਜ਼ੋਰਮ ਯੂਨੀਵਰਸਿਟੀ ਦੇ ਲਾਇਬ੍ਰੇਰੀ ਅਤੇ ਸੂਚਨਾ ਵਿਗਿਆਨ ਵਿਭਾਗ ਦੇ ਮੁਖੀ ਪ੍ਰੋ. ਮਨੋਜ ਕੁਮਾਰ ਵਰਮਾ ਮੌਜੂਦ ਰਹੇ।
ਇਹ ਵੀ ਪੜ੍ਹੋ
ਇਸ ਤੋਂ ਇਲਾਵਾ IQAC ਦੀ ਡਾਇਰੈਕਟਰ ਪ੍ਰੋ. ਮੋਨੀਸ਼ਾ ਧੀਮਾਨ, ਸਿੱਖਿਆ ਫੈਕਲਟੀ ਦੇ ਡੀਨ ਪ੍ਰੋ. ਐੱਸ.ਐੱਸ. ਢਿੱਲੋਂ, ਸਮਾਜ ਸ਼ਾਸਤਰ ਵਿਭਾਗ ਦੀ ਮੁਖੀ ਪ੍ਰੋ. ਨੀਲੂ ਰਾਵਤ, ਜਨ ਸੰਚਾਰ ਵਿਭਾਗ ਦੇ ਮੁਖੀ ਡਾ. ਰੂਬਲ ਕਨੌਜੀਆ, ਪ੍ਰੋ. ਮਹਿੰਦਰ ਕੁਮਾਰ, ਡਾ. ਰਿਸ਼ਭ ਸ਼੍ਰੀਵਾਸਤਵ ਅਤੇ ਡਾ. ਫਲੋਰੈਂਸ ਗੁਇਟੇ ਵੀ ਹਾਜ਼ਰ ਸਨ।
