ਦਿੱਲੀ ‘ਚ ਬੰਦ ਹੋ ਸਕਦੀਆਂ ਹਨ ਲੱਖਾਂ ਪੈਟਰੋਲ ਗੱਡੀਆਂ? ਸਿਰਫ਼ BS-6 ਵਾਹਨ ਚਲਾਉਣ ਦੇ ਸੁਝਾਅ ਨਾਲ 25 ਲੱਖ ਲੋਕਾਂ ਦੀ ਵਧੀ ਚਿੰਤਾ
Delhi Air Pollution: ਦਿੱਲੀ ਦੀ ਜ਼ਹਿਰੀਲੀ ਹਵਾ 'ਤੇ ਲਗਾਮ ਲਗਾਉਣ ਲਈ ਸੁਪਰੀਮ ਕੋਰਟ ਨੇ ਸਿਰਫ਼ BS-6 ਮਾਪਦੰਡਾਂ ਵਾਲੀਆਂ ਗੱਡੀਆਂ ਨੂੰ ਹੀ ਸੜਕਾਂ 'ਤੇ ਚਲਾਉਣ ਦਾ ਸੁਝਾਅ ਦਿੱਤਾ ਹੈ। ਜੇਕਰ ਇਹ ਪ੍ਰਸਤਾਵ ਲਾਗੂ ਹੋ ਜਾਂਦਾ ਹੈ, ਤਾਂ ਲੱਖਾਂ ਲੋਕਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।
ਦਿੱਲੀ ‘ਚ ਲੱਖਾਂ ਗੱਡੀਆਂ 'ਤੇ ਲੱਗੇਗੀ ਪਾਬੰਦੀ?
ਦਿੱਲੀ ਵਿੱਚ ਵਧਦੇ ਹਵਾ ਪ੍ਰਦੂਸ਼ਣ ਦੀ ਸਮੱਸਿਆ ਨੂੰ ਦੂਰ ਕਰਨ ਲਈ ਪੁਰਾਣੀਆਂ ਗੱਡੀਆਂ ਦਾ ਮੁੱਦਾ ਇੱਕ ਵਾਰ ਫਿਰ ਚਰਚਾ ਵਿੱਚ ਆ ਗਿਆ ਹੈ। ਇਸ ਸਮੱਸਿਆ ਦੇ ਹੱਲ ਲਈ ਸੁਪਰੀਮ ਕੋਰਟ ਨੇ ਹਾਲ ਹੀ ਵਿੱਚ ਮੌਖਿਕ ਤੌਰ ‘ਤੇ ਸਿਰਫ਼ BS-6 ਮਾਪਦੰਡਾਂ ਵਾਲੀਆਂ ਗੱਡੀਆਂ ਚਲਾਉਣ ਦਾ ਸੁਝਾਅ ਦਿੱਤਾ ਹੈ। ਜੇਕਰ ਇਹ ਪ੍ਰਸਤਾਵ ਅੱਗੇ ਵਧਦਾ ਹੈ, ਤਾਂ ਪੁਰਾਣੀਆਂ ਕਾਰਾਂ ਅਤੇ ਬਾਈਕ ਰੱਖਣ ਵਾਲਿਆਂ ਦੀ ਜੇਬ ‘ਤੇ ਵੱਡਾ ਅਸਰ ਪੈ ਸਕਦਾ ਹੈ।
ਪਿਛਲੇ 15 ਸਾਲਾਂ ਦੌਰਾਨ ਦਿੱਲੀ ਵਿੱਚ ਰਜਿਸਟਰ ਹੋਈਆਂ ਹਰ 10 ਪੈਟਰੋਲ ਕਾਰਾਂ ਵਿੱਚੋਂ 4 ਤੋਂ ਵੱਧ ਅਤੇ ਲਗਭਗ ਇੰਨੀਆਂ ਹੀ ਬਾਈਕ BS-6 ਤੋਂ ਹੇਠਲੇ ਮਾਪਦੰਡਾਂ ਵਾਲੀਆਂ ਹਨ। ਅਜਿਹੇ ਵਿੱਚ ਸੰਭਾਵਿਤ ਪਾਬੰਦੀ ਦਾ ਅਸਰ ਇਨ੍ਹਾਂ ਵਾਹਨਾਂ ‘ਤੇ ਪੈ ਸਕਦਾ ਹੈ।
ਇੱਕ ਅਨੁਮਾਨ ਮੁਤਾਬਕ, ਦਿੱਲੀ ਵਿੱਚ BS-VI ਤੋਂ ਘੱਟ ਮਾਪਦੰਡਾਂ ਵਾਲੀਆਂ ਪੈਟਰੋਲ ਕਾਰਾਂ ਅਤੇ ਦੋਪਹੀਆ ਵਾਹਨਾਂ ਨੂੰ ਬਦਲਣ ਲਈ ਮਾਲਕਾਂ ਨੂੰ ਲਗਭਗ 75,831 ਕਰੋੜ ਰੁਪਏ ਖਰਚ ਕਰਨੇ ਪੈ ਸਕਦੇ ਹਨ। ਵਾਹਨਾਂ ਦੀ ਰਜਿਸਟ੍ਰੇਸ਼ਨ ਨਾਲ ਜੁੜੇ ਅੰਕੜਿਆਂ ਮੁਤਾਬਕ, ਸਾਲ 2012 ਤੋਂ 2026 ਦਰਮਿਆਨ ਦਿੱਲੀ ਵਿੱਚ ਲਗਭਗ 18.9 ਲੱਖ ਪੈਟਰੋਲ ਕਾਰਾਂ ਰਜਿਸਟਰ ਹੋਈਆਂ ਹਨ। ਇਨ੍ਹਾਂ ਵਿੱਚੋਂ 8.4 ਲੱਖ ਕਾਰਾਂ BS-VI ਤੋਂ ਹੇਠਲੇ ਮਾਪਦੰਡਾਂ ਵਾਲੀਆਂ ਹਨ। ਇਸ ਤਰ੍ਹਾਂ ਕੁੱਲ ਪੈਟਰੋਲ ਕਾਰਾਂ ਵਿੱਚ ਇਨ੍ਹਾਂ ਦੀ ਹਿੱਸੇਦਾਰੀ ਲਗਭਗ 44.3 ਫੀਸਦੀ ਹੈ।
ਇਸੇ ਸਮੇਂ ਦੌਰਾਨ ਰਜਿਸਟਰ ਹੋਈਆਂ 42.8 ਲੱਖ ਪੈਟਰੋਲ ਬਾਈਕਾਂ ਵਿੱਚੋਂ 17.3 ਲੱਖ ਵਾਹਨ BS-VI ਤੋਂ ਹੇਠਲੇ ਮਾਪਦੰਡਾਂ ਵਾਲੇ ਹਨ। ਇਨ੍ਹਾਂ ਦੀ ਹਿੱਸੇਦਾਰੀ ਲਗਭਗ 40.3 ਫੀਸਦੀ ਹੈ।
ਹਾਲਾਂਕਿ, ਇਨ੍ਹਾਂ ਅੰਕੜਿਆਂ ਦਾ ਇਹ ਮਤਲਬ ਬਿਲਕੁਲ ਨਹੀਂ ਹੈ ਕਿ ਇਹ ਸਾਰੇ ਵਾਹਨ ਅੱਜ ਵੀ ਦਿੱਲੀ ਦੀਆਂ ਸੜਕਾਂ ‘ਤੇ ਚੱਲ ਰਹੇ ਹਨ। ਕੁਝ ਵਾਹਨ ਖਰਾਬ ਹੋਣ ਜਾਂ ਹੋਰ ਕਾਰਨਾਂ ਕਰਕੇ ਵਰਤੋਂ ਵਿੱਚ ਨਹੀਂ ਹਨ, ਜਦਕਿ ਕੁਝ ਗੱਡੀਆਂ ਦੂਜੇ ਸ਼ਹਿਰਾਂ ਵਿੱਚ ਜਾ ਚੁੱਕੀਆਂ ਹਨ। ਦਿੱਲੀ-NCR ਵਿੱਚ ਪੈਟਰੋਲ ਵਾਹਨਾਂ ਦੀ ਨਿਰਧਾਰਤ ਉਮਰ 15 ਸਾਲ ਹੈ। ਅਜਿਹੇ ਵਿੱਚ ਕੁਝ ਲੋਕ ਆਪਣੀ ਗੱਡੀ ਇਸ ਸਮਾਂ-ਸੀਮਾ ਤੱਕ ਚਲਾਉਂਦੇ ਹਨ, ਜਦਕਿ ਕੁਝ ਇਸ ਨੂੰ ਦੂਜੇ ਸ਼ਹਿਰਾਂ ਵਿੱਚ ਵੇਚ ਦਿੰਦੇ ਹਨ।
ਇਹ ਵੀ ਪੜ੍ਹੋ
ਕਿਵੇਂ ਕੱਢਿਆ ਗਿਆ 76 ਹਜ਼ਾਰ ਕਰੋੜ ਰੁਪਏ ਦਾ ਹਿਸਾਬ?
ਵਾਹਨਾਂ ਨੂੰ ਬਦਲਣ ਦੀ ਸੰਭਾਵਿਤ ਲਾਗਤ ਦਾ ਅੰਦਾਜ਼ਾ ਲਗਾਉਣ ਲਈ ਇੱਕ ਕਾਰ ਦੀ ਕੀਮਤ 8 ਲੱਖ ਰੁਪਏ ਅਤੇ ਇੱਕ ਬਾਈਕ ਦੀ ਕੀਮਤ 50 ਹਜ਼ਾਰ ਰੁਪਏ ਮੰਨੀ ਗਈ ਹੈ। ਇਸ ਹਿਸਾਬ ਨਾਲ 8.4 ਲੱਖ ਪੈਟਰੋਲ ਕਾਰਾਂ ਨੂੰ ਬਦਲਣ ‘ਤੇ ਲਗਭਗ 67,182 ਕਰੋੜ ਰੁਪਏ ਖਰਚ ਹੋ ਸਕਦੇ ਹਨ।
ਉੱਥੇ ਹੀ, 17.3 ਲੱਖ ਬਾਈਕਾਂ ਨੂੰ ਬਦਲਣ ਦੀ ਲਾਗਤ ਲਗਭਗ 8,648 ਕਰੋੜ ਰੁਪਏ ਆਵੇਗੀ। ਦੋਵਾਂ ਨੂੰ ਮਿਲਾ ਕੇ ਇਹ ਰਕਮ ਲਗਭਗ 75,831 ਕਰੋੜ ਰੁਪਏ ਬਣਦੀ ਹੈ।
ਹਾਲਾਂਕਿ, ਇਹ ਸਿਰਫ਼ ਇੱਕ ਅਨੁਮਾਨ ਹੈ। ਟਰਾਂਸਪੋਰਟ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਮੁਤਾਬਕ, ਇਹ ਮੰਨਣਾ ਸਹੀ ਨਹੀਂ ਹੋਵੇਗਾ ਕਿ ਪਾਬੰਦੀ ਲੱਗਣ ‘ਤੇ ਹਰ ਵਾਹਨ ਮਾਲਕ ਨਵੀਂ ਗੱਡੀ ਹੀ ਖਰੀਦੇਗਾ। ਕੁਝ ਲੋਕ ਗੱਡੀ ਬਦਲਣ ਦੀ ਬਜਾਏ ਉਸ ਦੀ ਵਰਤੋਂ ਬੰਦ ਕਰ ਸਕਦੇ ਹਨ, ਜਦਕਿ ਕੁਝ ਆਪਣੀ ਪੁਰਾਣੀ ਕਾਰ ਵੇਚ ਕੇ ਦੂਜੀ ਗੱਡੀ ਖਰੀਦਣ ਬਾਰੇ ਸੋਚ ਸਕਦੇ ਹਨ।
BS-VI ਵਾਹਨਾਂ ਦੀ ਸ਼ੁਰੂਆਤ ਕਦੋਂ ਹੋਈ?
ਭਾਰਤ ਵਿੱਚ ਨਵੇਂ ਵਾਹਨਾਂ ਲਈ BS-VI ਨਿਕਾਸੀ ਮਾਪਦੰਡ 1 ਅਪ੍ਰੈਲ 2020 ਤੋਂ ਲਾਜ਼ਮੀ ਕਰ ਦਿੱਤੇ ਗਏ ਸਨ। ਇਨ੍ਹਾਂ ਮਾਪਦੰਡਾਂ ਦਾ ਮਕਸਦ ਗੱਡੀਆਂ ਵਿੱਚੋਂ ਨਿਕਲਣ ਵਾਲੇ ਨਾਈਟ੍ਰੋਜਨ ਆਕਸਾਈਡ, ਕਾਰਬਨ ਮੋਨੋਆਕਸਾਈਡ ਅਤੇ ਹੋਰ ਹਾਨੀਕਾਰਕ ਪ੍ਰਦੂਸ਼ਕਾਂ ਦੀ ਮਾਤਰਾ ਘਟਾਉਣਾ ਹੈ।
ਅੰਕੜਿਆਂ ਮੁਤਾਬਕ, ਸਾਲ 2019 ਵਿੱਚ ਦਿੱਲੀ ਵਿੱਚ ਰਜਿਸਟਰ ਹੋਏ 94.5 ਫੀਸਦੀ ਵਾਹਨ BS-VI ਤੋਂ ਹੇਠਲੇ ਮਾਪਦੰਡਾਂ ਵਾਲੇ ਸਨ। ਉੱਥੇ ਹੀ, 2021 ਤੋਂ ਬਾਅਦ ਸਾਲਾਨਾ ਰਜਿਸਟ੍ਰੇਸ਼ਨ ਵਿੱਚ ਅਜਿਹੇ ਵਾਹਨਾਂ ਦੀ ਹਿੱਸੇਦਾਰੀ ਘਟ ਕੇ 0.10 ਫੀਸਦੀ ਜਾਂ ਇਸ ਤੋਂ ਵੀ ਘੱਟ ਰਹਿ ਗਈ।
ICCT ਦੇ ਭਾਰਤ ਮੁਖੀ ਅਮਿਤ ਭੱਟ ਨੇ ਇਲੈਕਟ੍ਰਿਕ ਵਾਹਨਾਂ ਵਰਗੀਆਂ ਤਕਨੀਕਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਉੱਥੇ ਹੀ, ਟਰਾਂਸਪੋਰਟ ਵਿਭਾਗ ਦੇ ਸਾਬਕਾ ਡਿਪਟੀ ਕਮਿਸ਼ਨਰ ਅਨਿਲ ਛਿਕਾਰਾ ਮੁਤਾਬਕ, BS-IV ਮਾਪਦੰਡਾਂ ਨੂੰ ਪੂਰਾ ਕਰਨ ਵਾਲੀਆਂ ਅਤੇ ਚੰਗੀ ਹਾਲਤ ਵਿੱਚ ਰੱਖੀਆਂ ਗੱਡੀਆਂ ਖ਼ਿਲਾਫ਼ ਕਾਰਵਾਈ ਕਰਨ ਨਾਲ ਦਿੱਲੀ-NCR ਵਿੱਚ ਪ੍ਰਦੂਸ਼ਣ ਦੇ ਅਸਲ ਕਾਰਨਾਂ ਦਾ ਹੱਲ ਨਹੀਂ ਹੋਵੇਗਾ।
Source: TV9Hindi.com