E20 ਪੈਟਰੋਲ ਦੇ ਡਰ ਨਾਲ 100-ਆਕਟੇਨ ਦੀ ਮੰਗ ਦੋਗੁਣੀ, ਜਾਣੋ ਕਿਉਂ 160 ਰੁਪਏ ਲੀਟਰ ਪੈਟਰੋਲ ਖਰੀਦ ਰਹੇ ਲੋਕ

Updated On: 

30 Jul 2026 16:16 PM IST

E20 Petrol: ਇਥੇਨੋਲ-ਮਿਕਸ ਪੈਟਰੋਲ ਕਾਰਨ ਵਾਹਨਾਂ ਨੂੰ ਨੁਕਸਾਨ ਪਹੁੰਚਣ ਸਬੰਧੀ ਵੱਧ ਰਹੀਆਂ ਚਿੰਤਾਵਾਂ ਦੇ ਦਰਮਿਆਨ ਇਹ ਵਾਧਾ ਕੀਤਾ ਗਿਆ ਹੈ। 100-ਆਕਟੇਨ ਪੈਟਰੋਲ ਮੁੱਖ ਤੌਰ 'ਤੇ ਸੁਪਰਕਾਰਾਂ, ਲਗਜ਼ਰੀ ਸੈਡਾਨਾਂ ਅਤੇ ਸੁਪਰਬਾਈਕਾਂ ਵਰਗੇ ਉੱਚ-ਪ੍ਰਦਰਸ਼ਨ (ਹਾਈ-ਪਰਫਾਰਮੈਂਸ) ਵਾਲੇ ਵਾਹਨਾਂ ਲਈ ਤਿਆਰ ਕੀਤਾ ਗਿਆ ਹੈ।

E20 ਪੈਟਰੋਲ ਦੇ ਡਰ ਨਾਲ 100-ਆਕਟੇਨ ਦੀ ਮੰਗ ਦੋਗੁਣੀ, ਜਾਣੋ ਕਿਉਂ 160 ਰੁਪਏ ਲੀਟਰ ਪੈਟਰੋਲ ਖਰੀਦ ਰਹੇ ਲੋਕ

ਜਾਣੋ ਕਿਉਂ 160 ਰੁਪਏ ਲੀਟਰ ਪੈਟਰੋਲ ਖਰੀਦ ਰਹੇ ਲੋਕ

ਦੇਸ਼ ਵਿੱਚ ਇਥੇਨੋਲ-ਮਿਕਸ ਪੈਟਰੋਲ (E20) ਨੂੰ ਲੈ ਕੇ ਬਹਿਸ ਜਾਰੀ ਹੈ। ਇਸੇ ਦੌਰਾਨ ਪਿਛਲੇ ਕੁਝ ਮਹੀਨਿਆਂ ਵਿੱਚ 100-ਆਕਟੇਨ ਪ੍ਰੀਮੀਅਮ ਪੈਟਰੋਲ ਦੀ ਵਿਕਰੀ ਦੋਗੁਣੀ ਤੋਂ ਵੀ ਵੱਧ ਹੋ ਗਈ ਹੈ। ਇਹ ਇਕੱਲਾ ਅਜਿਹਾ ਪੈਟਰੋਲ ਗ੍ਰੇਡ ਹੈ, ਜਿਸ ਵਿੱਚ ਇਥੇਨੋਲ ਨਹੀਂ ਮਿਲਾਇਆ ਜਾਂਦਾ। ਇਥੇਨੋਲ-ਮਿਕਸ ਪੈਟਰੋਲ ਕਾਰਨ ਵਾਹਨਾਂ ਨੂੰ ਨੁਕਸਾਨ ਪਹੁੰਚਣ ਸਬੰਧੀ ਵੱਧ ਰਹੀਆਂ ਚਿੰਤਾਵਾਂ ਦੇ ਵਿਚਕਾਰ ਇਸ ਦੀ ਮੰਗ ਵਿੱਚ ਇਹ ਵਾਧਾ ਦੇਖਿਆ ਗਿਆ ਹੈ। ਬਿਜ਼ਨਸ ਸਟੈਂਡਰਡ ਦੀ ਰਿਪੋਰਟ ਮੁਤਾਬਕ, ਇਸ ਮਾਮਲੇ ਨਾਲ ਜਾਣੂ ਲੋਕਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਜੁਲਾਈ ਮਹੀਨੇ ਦੌਰਾਨ ਇਸ ਦੀ ਵਿਕਰੀ ਵਿੱਚ ਖਾਸ ਤੌਰ ਤੇ ਤੇਜ਼ੀ ਆਈ, ਕਿਉਂਕਿ ਉਸ ਸਮੇਂ ਇਥੇਨੋਲ ਮਿਕਸ ਨੂੰ ਲੈ ਕੇ ਵਿਵਾਦ ਹੋਰ ਵੱਧ ਗਿਆ ਸੀ।

ਸਰਕਾਰੀ ਤੇਲ ਕੰਪਨੀਆਂ ਵੇਚਦੀਆਂ ਹਨ 100-ਆਕਟੇਨ ਪੈਟਰੋਲ

ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ (OMCs) ਵੱਖ-ਵੱਖ ਬ੍ਰਾਂਡ ਨਾਵਾਂ ਹੇਠ 100-ਆਕਟੇਨ ਪ੍ਰੀਮੀਅਮ ਪੈਟਰੋਲ ਵੇਚਦੀਆਂ ਹਨ। ਇਨ੍ਹਾਂ ਵਿੱਚ ਇੰਡੀਅਨ ਆਇਲ ਕਾਰਪੋਰੇਸ਼ਨ (IOC) ਦਾ XP100, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ (BPCL) ਦਾ Speed100 ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ (HPCL) ਦਾ poWer100 ਸ਼ਾਮਲ ਹੈ।

100-ਆਕਟੇਨ ਪੈਟਰੋਲ ਦੀ ਮੰਗ ਸੀਮਤ

100-ਆਕਟੇਨ ਪੈਟਰੋਲ ਮੁੱਖ ਤੌਰ ਤੇ ਸੁਪਰਕਾਰਾਂ, ਲਗਜ਼ਰੀ ਸੈਡਾਨਾਂ ਅਤੇ ਸੁਪਰਬਾਈਕਾਂ ਵਰਗੇ ਉੱਚ-ਪ੍ਰਦਰਸ਼ਨ (ਹਾਈ-ਪਰਫਾਰਮੈਂਸ) ਵਾਲੇ ਵਾਹਨਾਂ ਲਈ ਤਿਆਰ ਕੀਤਾ ਗਿਆ ਹੈ। ਸੂਤਰਾਂ ਮੁਤਾਬਕ, ਦੇਸ਼ ਵਿੱਚ ਇਸ ਈਂਧਨ ਦੀ ਮੰਗ ਕਾਫ਼ੀ ਸੀਮਤ ਹੈ ਅਤੇ ਇਹ ਕੁੱਲ ਪੈਟਰੋਲ ਵਿਕਰੀ ਦਾ ਸਿਰਫ਼ 0.1 ਫ਼ੀਸਦੀ ਹੈ। ਇਸ ਦਾ ਮੁੱਖ ਕਾਰਨ ਆਮ ਪੈਟਰੋਲ ਦੇ ਮੁਕਾਬਲੇ ਇਸ ਦੀ ਕਾਫ਼ੀ ਵੱਧ ਕੀਮਤ ਹੈ।

ਆਮ ਪੈਟਰੋਲ ਨਾਲੋਂ ਕਿੰਨਾ ਮਹਿੰਗਾ ਹੈ 100-ਆਕਟੇਨ?

ਦਿੱਲੀ ਵਿੱਚ ਇਥੇਨੋਲ-ਮੁਕਤ 100-ਆਕਟੇਨ ਪ੍ਰੀਮੀਅਮ ਪੈਟਰੋਲ ਦੀ ਕੀਮਤ ਲਗਭਗ 160 ਰੁਪਏ ਪ੍ਰਤੀ ਲੀਟਰ ਹੈ, ਜੋ ਆਮ ਪੈਟਰੋਲ ਨਾਲੋਂ ਕਰੀਬ 57 ਫ਼ੀਸਦੀ ਮਹਿੰਗਾ ਹੈ। ਉੱਥੇ ਹੀ 20 ਫ਼ੀਸਦੀ ਇਥੇਨੋਲ ਮਿਸ਼ਰਤ ਆਮ ਪੈਟਰੋਲ (E20) ਦੀ ਕੀਮਤ 102.12 ਰੁਪਏ ਪ੍ਰਤੀ ਲੀਟਰ ਹੈ, ਜਦਕਿ E20-ਮਿਸ਼ਰਤ ਪ੍ਰੀਮੀਅਮ ਗ੍ਰੇਡ (XP95, Speed97 ਅਤੇ poWer95) ਦੀ ਕੀਮਤ ਲਗਭਗ 111 ਤੋਂ 112 ਰੁਪਏ ਪ੍ਰਤੀ ਲੀਟਰ ਹੈ।

1 ਫ਼ੀਸਦੀ ਤੋਂ ਵੀ ਘੱਟ ਪੈਟਰੋਲ ਪੰਪਾਂ ਤੇ ਉਪਲਬਧ

ਸੂਤਰਾਂ ਮੁਤਾਬਕ, ਸੀਮਤ ਮੰਗ ਕਾਰਨ ਦੇਸ਼ ਦੇ 1 ਫ਼ੀਸਦੀ ਤੋਂ ਵੀ ਘੱਟ ਰਿਟੇਲ ਫਿਊਲ ਆਊਟਲੈੱਟਸ ਤੇ ਹੀ 100-ਆਕਟੇਨ ਪੈਟਰੋਲ ਉਪਲਬਧ ਹੈ। ਇਸ ਦੀ ਉਪਲਬਧਤਾ ਮੁੱਖ ਤੌਰ ਤੇ ਮੈਟਰੋ ਸ਼ਹਿਰਾਂ ਤੱਕ ਹੀ ਸੀਮਤ ਹੈ। ਅਧਿਕਾਰੀਆਂ ਨੂੰ ਉਮੀਦ ਹੈ ਕਿ ਇਥੇਨੋਲ-ਮੁਕਤ ਪ੍ਰੀਮੀਅਮ ਪੈਟਰੋਲ ਦੀ ਮੰਗ ਵਿੱਚ ਆਇਆ ਹਾਲੀਆ ਵਾਧਾ ਅਸਥਾਈ ਹੈ ਅਤੇ ਇਥੇਨੋਲ-ਮਿਸ਼ਰਤ ਈਂਧਨ ਨੂੰ ਲੈ ਕੇ ਚਿੰਤਾਵਾਂ ਘੱਟ ਹੋਣ ਤੋਂ ਬਾਅਦ ਇਸ ਦੀ ਵਿਕਰੀ ਮੁੜ ਆਮ ਹੋ ਜਾਵੇਗੀ।

ਇਥੇਨੋਲ ਮਿਸ਼ਰਣ ਨੂੰ ਲੈ ਕੇ ਸਰਕਾਰ ਦਾ ਸਪੱਸ਼ਟੀਕਰਨ

ਪਿਛਲੇ ਹਫ਼ਤੇ ਸਰਕਾਰ ਨੇ ਕਿਹਾ ਸੀ ਕਿ ਸਰਕਾਰੀ ਫਿਊਲ ਰਿਟੇਲਰਾਂ ਵੱਲੋਂ ਵੇਚੇ ਜਾਣ ਵਾਲੇ ਪ੍ਰੀਮੀਅਮ ਗ੍ਰੇਡ ਪੈਟਰੋਲ ਦੀ ਸਪਲਾਈ ਬਿਨਾਂ ਇਥੇਨੋਲ ਮਿਸ਼ਰਣ ਦੇ ਜਾਰੀ ਰਹੇਗੀ। ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਪੈਟਰੋਲ ਵਿੱਚ ਇਥੇਨੋਲ ਦੀ ਮਾਤਰਾ 20 ਫ਼ੀਸਦੀ ਤੋਂ ਵੱਧ ਕਰਨ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ ਅਤੇ E0 ਜਾਂ E10 ਪੈਟਰੋਲ ਨੂੰ ਮੁੜ ਸ਼ੁਰੂ ਕਰਨ ਦਾ ਵੀ ਕੋਈ ਪ੍ਰਸਤਾਵ ਨਹੀਂ ਹੈ।

ਹਾਈ ਆਕਟੇਨ ਰੇਟਿੰਗ ਦਾ ਕੀ ਫ਼ਾਇਦਾ ਹੈ?

100-ਆਕਟੇਨ ਪੈਟਰੋਲ ਇੱਕ ਪ੍ਰੀਮੀਅਮ ਗ੍ਰੇਡ ਈਂਧਨ ਹੈ, ਜਿਸ ਦਾ ਰਿਸਰਚ ਆਕਟੇਨ ਨੰਬਰ (RON) 100 ਹੁੰਦਾ ਹੈ। ਇਹ ਆਮ ਪੈਟਰੋਲ ਦੇ ਮੁਕਾਬਲੇ ਇੰਜਣ ਨਾਕਿੰਗ (Engine Knocking) ਤੋਂ ਬਿਹਤਰ ਸੁਰੱਖਿਆ ਪ੍ਰਦਾਨ ਕਰਦਾ ਹੈ। ਇਸ ਦੀ ਉੱਚ ਆਕਟੇਨ ਰੇਟਿੰਗ ਈਂਧਨ ਨੂੰ ਸੜਨ ਤੋਂ ਪਹਿਲਾਂ ਇੰਜਣ ਦੇ ਅੰਦਰ ਉੱਚ ਤਾਪਮਾਨ ਅਤੇ ਵੱਧ ਕੰਪ੍ਰੈਸ਼ਨ ਨੂੰ ਸਹਿਣ ਦੇ ਯੋਗ ਬਣਾਉਂਦੀ ਹੈ। ਇਸੇ ਲਈ ਇਹ ਹਾਈ-ਪਰਫਾਰਮੈਂਸ ਅਤੇ ਹਾਈ-ਕੰਪ੍ਰੈਸ਼ਨ ਇੰਜਣਾਂ ਲਈ ਜ਼ਿਆਦਾ ਉਚਿਤ ਮੰਨਿਆ ਜਾਂਦਾ ਹੈ।

ਗਾਹਕ ਨੇ ਕੀ ਕਿਹਾ?

ਹਾਲ ਹੀ ਵਿੱਚ ਇਹ ਈਂਧਨ ਖਰੀਦਣ ਵਾਲੇ ਇੱਕ ਗਾਹਕ ਨੇ ਕਿਹਾ, 100-ਆਕਟੇਨ ਫਿਊਲ ਕਾਫ਼ੀ ਮਹਿੰਗਾ ਹੈ। ਇਸ ਦੀ ਕੀਮਤ E20 ਪੈਟਰੋਲ ਨਾਲੋਂ ਲਗਭਗ 45 ਫ਼ੀਸਦੀ ਵੱਧ ਹੈ। ਇਸ ਲਈ ਇਸ ਦੀ ਵਰਤੋਂ ਨਾਲ ਮਿਲਣ ਵਾਲਾ ਮਾਈਲੇਜ ਆਰਥਿਕ ਤੌਰ ਤੇ ਕੋਈ ਵੱਡਾ ਫ਼ਾਇਦਾ ਨਹੀਂ ਦਿੰਦਾ। ਇਸ ਦਾ ਸਭ ਤੋਂ ਵੱਡਾ ਫ਼ਾਇਦਾ ਇਹ ਹੈ ਕਿ ਇਥੇਨੋਲ-ਮਿਸ਼ਰਤ ਪੈਟਰੋਲ ਕਾਰਨ ਇੰਜਣ ਨੂੰ ਹੋ ਸਕਣ ਵਾਲੇ ਸੰਭਾਵਿਤ ਨੁਕਸਾਨ ਤੋਂ ਬਚਣ ਲਈ 100-ਆਕਟੇਨ ਪੈਟਰੋਲ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਇਥੇਨੋਲ ਮਿਸ਼ਰਣ ਨੂੰ ਲੈ ਕੇ ਵਿਵਾਦ

ਪੈਟਰੋਲ ਵਿੱਚ 20 ਫ਼ੀਸਦੀ ਇਥੇਨੋਲ (E20) ਮਿਲਾਉਣ ਨੂੰ ਲੈ ਕੇ ਵਿਵਾਦ ਇਸ ਚਿੰਤਾ ਤੇ ਕੇਂਦਰਿਤ ਹੈ ਕਿ ਕੁਝ ਵਾਹਨਾਂ, ਖ਼ਾਸ ਕਰਕੇ ਪੁਰਾਣੇ ਮਾਡਲਾਂ, ਜੋ E20 ਲਈ ਡਿਜ਼ਾਈਨ ਨਹੀਂ ਕੀਤੇ ਗਏ, ਉਨ੍ਹਾਂ ਵਿੱਚ ਪੁਰਜ਼ਿਆਂ ਦੀ ਘਿਸਾਈ, ਮਾਈਲੇਜ ਵਿੱਚ ਕਮੀ ਅਤੇ ਰੱਖ-ਰਖਾਅ ਨਾਲ ਜੁੜੀਆਂ ਸਮੱਸਿਆਵਾਂ ਆ ਸਕਦੀਆਂ ਹਨ।

E20 ਨਾਲ ਮਾਈਲੇਜ ਕਿੰਨਾ ਘੱਟਦਾ ਹੈ?

ਇਸ ਮਹੀਨੇ ਦੀ ਸ਼ੁਰੂਆਤ ਵਿੱਚ ਸਰਕਾਰ ਨੇ ਮੰਨਿਆ ਸੀ ਕਿ ਪੈਟਰੋਲ ਵਿੱਚ 20 ਫ਼ੀਸਦੀ ਇਥੇਨੋਲ ਮਿਲਾਉਣ ਨਾਲ ਆਮ ਪੈਟਰੋਲ ਦੇ ਮੁਕਾਬਲੇ ਮਾਈਲੇਜ 3 ਤੋਂ 5 ਫ਼ੀਸਦੀ ਤੱਕ ਘੱਟ ਹੋ ਜਾਂਦਾ ਹੈ। ਹਾਲਾਂਕਿ, ਸਰਕਾਰ ਨੇ ਇਹ ਵੀ ਕਿਹਾ ਕਿ ਇਸ ਮਿਸ਼ਰਣ ਨਾਲ ਆਕਟੇਨ ਰੇਟਿੰਗ ਵਿੱਚ ਕਾਫ਼ੀ ਸੁਧਾਰ ਹੁੰਦਾ ਹੈ, ਐਂਟੀ-ਨਾਕ ਪਰਫਾਰਮੈਂਸ ਬਿਹਤਰ ਹੁੰਦੀ ਹੈ, ਈਂਧਨ ਤੇਜ਼ੀ ਨਾਲ ਸੜਦਾ ਹੈ, ਵਾਹਨ ਦਾ ਪਿਕਅੱਪ ਵਧੀਆ ਹੁੰਦਾ ਹੈ, ਗੱਡੀ ਤੇਜ਼ੀ ਨਾਲ ਰਫ਼ਤਾਰ ਫੜਦੀ ਹੈ ਅਤੇ ਇੰਜਣ ਹੋਰ ਸਾਫ਼-ਸੁਥਰੇ ਢੰਗ ਨਾਲ ਕੰਮ ਕਰਦਾ ਹੈ।

1 ਲੱਖ ਕਰੋੜ ਰੁਪਏ ਦਾ ਨਿਵੇਸ਼

ਸਰਕਾਰ ਨੇ E20 ਦੇ ਨਾਲ-ਨਾਲ ਸ਼ੁੱਧ ਪੈਟਰੋਲ ਜਾਂ 10 ਫ਼ੀਸਦੀ ਇਥੇਨੋਲ-ਮਿਕਸ ਪੈਟਰੋਲ (E10) ਨੂੰ ਇਕੱਠੇ ਵੇਚਣ ਦੀ ਸੰਭਾਵਨਾ ਨੂੰ ਖਾਰਜ ਕਰ ਦਿੱਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਸਰਕਾਰੀ ਖੇਤਰ ਦੇ ਬੈਂਕਾਂ ਨੇ ਇਥੇਨੋਲ ਉਤਪਾਦਨ ਅਤੇ ਇਸ ਨਾਲ ਜੁੜੇ ਬੁਨਿਆਦੀ ਢਾਂਚੇ (Infrastructure) ਵਿੱਚ ਲਗਭਗ 1 ਲੱਖ ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।

Follow Us