ਇਹ ਗਲਤੀ ਕੀਤੀ ਤਾਂ ਸਸਪੈਂਡ ਹੋ ਸਕਦਾ ਹੈ ਡਰਾਈਵਿੰਗ ਲਾਇਸੈਂਸ, ਸਰਕਾਰ ਨੇ ਕੀਤੀ ਇਹ ਤਿਆਰੀ
New Traffic Rules Soon: ਜੇਕਰ ਤੁਸੀਂ ਗੱਡੀ ਚਲਾਉਂਦੇ ਸਮੇਂ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਕਰਦੇ ਹੋ, ਤਾਂ ਹੁਣ ਤੁਹਾਡਾ ਡਰਾਈਵਿੰਗ ਲਾਇਸੈਂਸ ਸਸਪੈਂਡ ਕੀਤਾ ਜਾ ਸਕਦਾ ਹੈ। ਸਰਕਾਰ ਇਸ ਲਈ ਇੱਕ ਨਵਾਂ ਨਿਯਮ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਸ ਵਿੱਚ ਨੈਗੇਟਿਵ ਮਾਰਕਿੰਗ ਸਿਸਟਮ ਸ਼ਾਮਲ ਕੀਤਾ ਜਾਵੇਗਾ।

ਹੁਣ ਜੇਕਰ ਤੁਸੀਂ ਗਲਤ ਢੰਗ ਨਾਲ ਗੱਡੀ ਚਲਾਉਂਦੇ ਹੋ ਤਾਂ ਤੁਹਾਡਾ ਡਰਾਈਵਿੰਗ ਲਾਇਸੈਂਸ ਸਸਪੈਂਡ ਕੀਤਾ ਜਾ ਸਕਦਾ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਰੋਕਣ ਲਈ, ਸੜਕ ਆਵਾਜਾਈ ਮੰਤਰਾਲੇ ਨੇ ਡਰਾਈਵਿੰਗ ਲਾਇਸੈਂਸ (DL) ‘ਤੇ ਨੈਗੇਟਿਵ ਮਾਰਕਿੰਗ ਸਿਸਟਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਨਵਾਂ ਸਿਸਟਮ ਸਿਗਨਲ ਜੰਪਿੰਗ ਅਤੇ ਤੇਜ਼ ਰਫ਼ਤਾਰ ਵਰਗੀਆਂ ਉਲੰਘਣਾਵਾਂ ਲਈ ਅਪਰਾਧੀਆਂ ਦੀ ਨਿਗਰਾਨੀ ਕਰੇਗਾ, ਅਤੇ ਜੇਕਰ ਡਰਾਈਵਰ ਨੂੰ ਤੈਅ ਨੈਗੇਟਿਵ ਮਾਰਕਿੰਗ ਮਿਲਦੀ ਹੈ ਤਾਂ ਡੀਐਲ ਨੂੰ ਸਸਪੈਂਡ ਕੀਤਾ ਜਾ ਸਕਦਾ ਹੈ।
ਅਧਿਕਾਰੀਆਂ ਨੇ ਹਾਦਸਿਆਂ ਅਤੇ ਟ੍ਰੈਫਿਕ ਉਲੰਘਣਾਵਾਂ ਨੂੰ ਘਟਾਉਣ ਲਈ ਕਈ ਤਰੀਕੇ ਅਜ਼ਮਾਏ ਹਨ, ਜਿਨ੍ਹਾਂ ਵਿੱਚ ਭਾਰੀ ਜੁਰਮਾਨੇ ਅਤੇ ਪੈਨਲਟੀਆਂ ਸ਼ਾਮਲ ਹਨ। ਹਾਲਾਂਕਿ, ਇਹ ਪ੍ਰਭਾਵਸ਼ਾਲੀ ਸਾਬਤ ਨਹੀਂ ਹੋਏ ਹਨ ਅਤੇ ਭਾਰਤ ਵਿੱਚ ਹਰ ਸਾਲ 1.7 ਲੱਖ ਤੋਂ ਵੱਧ ਹਾਦਸੇ ਹੁੰਦੇ ਹਨ। ਰਿਪੋਰਟਾਂ ਦੇ ਅਨੁਸਾਰ, ਅਧਿਕਾਰੀਆਂ ਨੇ ਫੈਸਲਾ ਕੀਤਾ ਹੈ ਕਿ ਸਖ਼ਤ ਉਪਾਅ ਕਰਨ ਦੀ ਲੋੜ ਹੈ ਜਿਸ ਲਈ ਪੁਆਇੰਟ ਸਿਸਟਮ ਸ਼ੂਰੀ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਨੂੰ ਉਲੰਘਣਾਵਾਂ ਲਈ ਜੁਰਮਾਨੇ ਦੇ ਨਾਲ ਪੇਸ਼ ਕੀਤਾ ਜਾਵੇਗਾ।
ਇਨ੍ਹਾਂ ਦੇਸ਼ਾਂ ਵਿੱਚ ਪਹਿਲਾਂ ਤੋਂ ਹੀ ਇਹ ਹੈ ਸਿਸਟਮ
ਮੰਤਰਾਲੇ ਨੇ ਡੀਐਲ ਸਿਸਟਮ ਨੂੰ ਬਿਹਤਰ ਬਣਾਉਣ ਲਈ ਆਯੋਜਿਤ ਇੱਕ ਮੀਟਿੰਗ ਦੌਰਾਨ ਇਹ ਵਿਚਾਰ ਸਾਂਝਾ ਕੀਤਾ ਅਤੇ ਅਧਿਕਾਰੀਆਂ ਨੇ ਆਸਟ੍ਰੇਲੀਆ, ਯੂਕੇ, ਜਰਮਨੀ, ਬ੍ਰਾਜ਼ੀਲ, ਫਰਾਂਸ ਅਤੇ ਕੈਨੇਡਾ ਵਰਗੇ ਦੇਸ਼ਾਂ ਦਾ ਹਵਾਲਾ ਦਿੱਤਾ, ਜਿੱਥੇ ਅਜਿਹੇ ਸਿਸਟਮ ਮੌਜੂਦ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਗਲੇ ਦੋ ਮਹੀਨਿਆਂ ਵਿੱਚ ਕਾਨੂੰਨ ਵਿੱਚ ਸੋਧ ਕੀਤੇ ਜਾਣ ‘ਤੇ ਨਵਾਂ ਨੰਬਰ ਸਿਸਟਮ ਪੇਸ਼ ਕੀਤਾ ਜਾਵੇਗਾ। ਚੰਗੀ ਖ਼ਬਰ ਇਹ ਹੈ ਕਿ ਚੰਗੀ ਡਰਾਈਵ ਲਈ ਅੰਕ ਦਿੱਤੇ ਜਾਣਗੇ ਅਤੇ ਮਾੜੀ ਡਰਾਈਵ ਲਈ ਅੰਕ ਕੱਟੇ ਜਾਣਗੇ।
ਰੀਨਿਊ ਕਰਵਾਉਣ ਵਾਲਿਆਂ ਨੂੰ ਦੇਣਾ ਹੋਵੇਗਾ ਟੈਸਟ
ਨਵੀਂ ਪ੍ਰਣਾਲੀ ਦੇ ਤਹਿਤ ਹੋਰ ਯੋਜਨਾਵਾਂ ਵਿੱਚ ਉਨ੍ਹਾਂ ਲੋਕਾਂ ਲਈ ਲਾਜ਼ਮੀ ਡਰਾਈਵਿੰਗ ਟੈਸਟ ਸ਼ਾਮਲ ਹੋਣਗੇ ਜੋ ਆਪਣੇ ਡਰਾਈਵਿੰਗ ਲਾਇਸੈਂਸ ਨੂੰ ਰੀਨਿਊ ਕਰਵਾਉਣਾ ਚਾਹੁੰਦੇ ਹਨ ਅਤੇ ਜਿਨ੍ਹਾਂ ਨੇ ਕੋਈ ਅਪਰਾਧ ਕੀਤਾ ਹੈ। ਵਰਤਮਾਨ ਵਿੱਚ, ਡਰਾਈਵਿੰਗ ਟੈਸਟ ਉਨ੍ਹਾਂ ਲੋਕਾਂ ਲਈ ਲਾਜ਼ਮੀ ਨਹੀਂ ਹੈ ਜੋ ਆਪਣੇ ਲਾਇਸੈਂਸ ਦੀ ਮਿਆਦ ਪੁੱਗਣ ਤੋਂ ਪਹਿਲਾਂ ਇਸਨੂੰ ਰੀਨਿਊ ਕਰਨਾ ਚਾਹੁੰਦੇ ਹਨ।
ਇਹ ਹਨ ਹਾਦਸੇ ਹੋਣ ਦੇ ਕਾਰਨ
ਭਾਰਤ ਵਿੱਚ ਸੜਕ ਹਾਦਸੇ ਇੱਕ ਗੰਭੀਰ ਸਮੱਸਿਆ ਬਣ ਗਏ ਹਨ। ਹਰ ਸਾਲ ਹਜ਼ਾਰਾਂ ਲੋਕ ਇਨ੍ਹਾਂ ਹਾਦਸਿਆਂ ਵਿੱਚ ਆਪਣੀਆਂ ਜਾਨਾਂ ਗੁਆ ਦਿੰਦੇ ਹਨ। ਮੁੱਖ ਕਾਰਨਾਂ ਵਿੱਚ ਤੇਜ਼ ਰਫ਼ਤਾਰ, ਸ਼ਰਾਬ ਪੀ ਕੇ ਗੱਡੀ ਚਲਾਉਣਾ, ਟ੍ਰੈਫਿਕ ਨਿਯਮਾਂ ਦੀ ਅਣਦੇਖੀ ਅਤੇ ਸੜਕਾਂ ਦੀ ਮਾੜੀ ਹਾਲਤ ਸ਼ਾਮਲ ਹਨ। ਜ਼ਿਆਦਾਤਰ ਹਾਦਸੇ ਲਾਪਰਵਾਹੀ ਕਾਰਨ ਹੁੰਦੇ ਹਨ। ਸਰਕਾਰ ਨੇ ਹੈਲਮੇਟ ਅਤੇ ਸੀਟ ਬੈਲਟ ਲਾਜ਼ਮੀ ਕਰ ਦਿੱਤੇ ਹਨ, ਪਰ ਜਾਗਰੂਕਤਾ ਦੀ ਘਾਟ ਕਾਰਨ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ। ਹਾਦਸਿਆਂ ਨੂੰ ਸਿਰਫ਼ ਜਨਤਕ ਸਹਿਯੋਗ, ਸਖ਼ਤ ਕਾਨੂੰਨਾਂ ਅਤੇ ਸੜਕ ਸੁਰੱਖਿਆ ਸਿੱਖਿਆ ਰਾਹੀਂ ਹੀ ਘਟਾਇਆ ਜਾ ਸਕਦਾ ਹੈ।