ਗੂਗਲ ਮੈਪ ਕਾਰਨ ਟੁੱਟੇ ਪੁਲ ਤੋਂ ਨਦੀ ‘ਚ ਡਿੱਗੀ ਕਾਰ, 3 ਦੀ ਮੌਤ ਤੋਂ ਬਾਅਦ 4 PWD ਦੇ ਇੰਜੀਨੀਅਰਾਂ ਖਿਲਾਫ FIR ਦਰਜ
Google Map: ਗੂਗਲ ਮੈਪ ਰਾਹੀਂ ਰੂਟ 'ਤੇ ਜਾ ਰਹੀ ਕਾਰ ਰਾਮਗੰਗਾ ਨਦੀ 'ਚ ਡਿੱਗ ਗਈ, ਜਿਸ 'ਚ 3 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪ੍ਰਸ਼ਾਸਨ ਨੇ ਇਸ ਮਾਮਲੇ ਵਿੱਚ ਲੋਕ ਨਿਰਮਾਣ ਵਿਭਾਗ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪੁਲਿਸ ਨੇ ਵਿਭਾਗ ਦੇ 4 ਇੰਜੀਨੀਅਰਾਂ ਅਤੇ 5 ਹੋਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
Google Map: ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਵਿੱਚ ਇੱਕ ਕਾਰ ਪੁਲ ਤੋਂ ਨਦੀ ਵਿੱਚ ਡਿੱਗਣ ਦੇ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਨੇ ਲੋਕ ਨਿਰਮਾਣ ਵਿਭਾਗ ਦੇ 4 ਇੰਜਨੀਅਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਨ੍ਹਾਂ ਤੋਂ ਇਲਾਵਾ ਪੁਲਿਸ ਨੇ 5 ਹੋਰਾਂ ਨੂੰ ਵੀ ਐਫਆਈਆਰ ਵਿੱਚ ਸ਼ਾਮਲ ਕੀਤਾ ਹੈ। ਇਸ ਹਾਦਸੇ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਇਹ ਕਦਮ ਚੁੱਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਗੂਗਲ ਮੈਪ ਤੋਂ ਰੂਟ ਫਾਲੋ ਕਰ ਰਹੇ ਸਨ। ਪੁਲ ਟੁੱਟਣ ਦੇ ਬਾਵਜੂਦ ਵੀ ਕਿਸੇ ਤਰ੍ਹਾਂ ਦਾ ਕੋਈ ਸਾਈਨ ਬੋਰਡ ਜਾਂ ਬੈਰੀਅਰ ਨਹੀਂ ਸੀ, ਜੋ ਕਿ ਵੱਡੀ ਲਾਪਰਵਾਹੀ ਹੈ।
ਰਾਮਗੰਗਾ ਨਦੀ ‘ਚ ਕਾਰ ਡਿੱਗਣ ਅਤੇ 3 ਲੋਕਾਂ ਦੀ ਮੌਤ ਦੇ ਮਾਮਲੇ ‘ਚ ਪੁਲਿਸ ਨੇ PWD ਵਿਭਾਗ ਦੇ ਇੰਜੀਨੀਅਰਾਂ ਨੂੰ ਦੋਸ਼ੀ ਬਣਾਇਆ ਹੈ। ਉਸ ਤੋਂ ਇਲਾਵਾ 5 ਹੋਰਾਂ ਖਿਲਾਫ ਵੀ ਐਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਨੇ ਸਹਾਇਕ ਇੰਜੀਨੀਅਰ ਮੁਹੰਮਦ ਆਰਿਫ ਅਤੇ ਅਭਿਸ਼ੇਕ ਕੁਮਾਰ, ਜੂਨੀਅਰ ਇੰਜੀਨੀਅਰ ਅਜੇ ਗੰਗਵਾਰ ਅਤੇ ਮਹਾਰਾਜ ਸਿੰਘ ਖਿਲਾਫ FIR ਬਦਾਯੂੰ ਪ੍ਰਸ਼ਾਸਨ ਦੀ ਤਰਫੋਂ ਤਹਿਸੀਲਦਾਰ ਛਵੀਰਾਮ ਨੇ ਇਹ ਐਫਆਈਆਰ ਦਰਜ ਕਰਵਾਈ ਹੈ।
ਕੀ ਹੈ FIR ‘ਚ?
ਬਦਾਯੂੰ ਦੇ ਦਾਤਾਗੰਜ ਥਾਣੇ ਵਿੱਚ ਤਹਿਸੀਲਦਾਰ ਛਵੀਰਾਮ ਵੱਲੋਂ ਦਰਜ ਕਰਵਾਈ ਗਈ ਐਫਆਈਆਰ ਵਿੱਚ ਲੋਕ ਨਿਰਮਾਣ ਵਿਭਾਗ ਦੇ 2 ਸਹਾਇਕ ਇੰਜਨੀਅਰ ਅਤੇ 2 ਜੂਨੀਅਰ ਇੰਜਨੀਅਰਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ 5 ਹੋਰਾਂ ਨੂੰ ਵੀ ਐਫਆਈਆਰ ਵਿੱਚ ਨਾਮਜ਼ਦ ਕੀਤਾ ਗਿਆ ਹੈ। ਤਹਿਸੀਲਦਾਰ ਛਵੀਰਾਮ ਨੇ ਕਿਹਾ ਹੈ ਕਿ ਲੋਕ ਨਿਰਮਾਣ ਵਿਭਾਗ ਦੀ ਵੱਡੀ ਲਾਪਰਵਾਹੀ ਇਸ ਹਾਦਸੇ ਦਾ ਕਾਰਨ ਹੈ। ਉਨ੍ਹਾਂ ਨੇ ਐਫਆਈਆਰ ਵਿੱਚ ਲਿਖਿਆ ਹੈ ਕਿ ਪੁਲ ਦੇ ਦੋਵੇਂ ਪਾਸੇ ਜਾਣਬੁੱਝ ਕੇ ਮਜ਼ਬੂਤ ਬੈਰੀਕੇਡ, ਬੈਰੀਅਰ ਅਤੇ ਰਿਫਲੈਕਟਰ ਨਹੀਂ ਲਗਾਏ ਗਏ ਸਨ। ਗੂਗਲ ਮੈਪ ‘ਤੇ ਵੀ ਉਸ ਰਸਤੇ ਨੂੰ ਸਰਚ ਕਰਨ ‘ਤੇ ਕੋਈ ਪਾਬੰਦੀ ਨਹੀਂ ਲਗਾਈ ਗਈ ਸੀ।
ਮਾਮਲਾ ਕੀ ਸੀ
ਬਦਾਯੂੰ ਅਤੇ ਬਰੇਲੀ ਜ਼ਿਲ੍ਹਿਆਂ ਵਿਚਕਾਰ ਰਾਮਗੰਗਾ ਨਦੀ ‘ਤੇ ਬਣਿਆ ਪੁਲ ਅੱਧ ਵਿਚਕਾਰ ਟੁੱਟ ਗਿਆ। ਪੁਲ ਦਾ ਨਿਰਮਾਣ ਪੂਰਾ ਨਹੀਂ ਹੋਇਆ ਅਤੇ ਬਰਸਾਤ ਦੇ ਮੌਸਮ ਦੌਰਾਨ ਜਦੋਂ ਦਰਿਆ ਵਿਚ ਹੜ੍ਹ ਆ ਗਿਆ ਤਾਂ ਪੁਲ ਦਾ ਅਗਲਾ ਹਿੱਸਾ ਦਰਿਆ ਵਿਚ ਵਹਿ ਗਿਆ। ਹਾਲਾਂਕਿ ਇਹ ਰਸਤਾ ਗੂਗਲ ਮੈਪ ‘ਤੇ ਦਿਖਾਈ ਦੇ ਰਿਹਾ ਸੀ। ਜਿਸ ਕਾਰਨ ਕਾਰ ਚਾਲਕ ਸਿੱਧਾ ਅੱਗੇ ਵਧਦਾ ਰਿਹਾ ਅਤੇ ਤੇਜ਼ ਰਫਤਾਰ ਕਾਰ ਅਚਾਨਕ ਨਦੀ ਵਿੱਚ ਜਾ ਡਿੱਗੀ। ਹਾਦਸੇ ਤੋਂ ਬਾਅਦ ਬਰੇਲੀ ਦੀ ਫਰੀਦਪੁਰ ਪੁਲਸ ਅਤੇ ਬਦਾਯੂੰ ਦੀ ਦਾਤਾਗੰਜ ਪੁਲਸ ਮੌਕੇ ‘ਤੇ ਪਹੁੰਚ ਗਈ। ਜੇਸੀਬੀ ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢਿਆ ਗਿਆ।