Subsidy on BT Seeds: ਬੀਟੀ ਬੀਜਾਂ ‘ਤੇ ਸਬਸਿਡੀ ਦੇਣ ਲਈ ਸਰਕਾਰ ਨੇ ਕੀਤੀ ਪੋਰਟਲ ਦੀ ਸ਼ੁਰੂਆਤ
Online Portal: ਪੰਜਾਬ ਸਰਕਾਰ ਨੇ ਬੀਟੀ ਬੀਜਾਂ ਤੇ ਸਬਸਿਡੀ ਦੇਣ ਲਈ ਆਨਲਾਈਨ ਪੋਰਟਲ ਖੋਲ੍ਹਿਆ ਹੈ। ਬੀਜ ਤੇ ਸਬਸਿਡੀ ਪ੍ਰਾਪਤ ਕਰਨ ਦੇ ਚਾਹਵਾਨ ਕਿਸਾਨ https://agrimachinerypb.com ਤੇ ਜਾ ਕੇ ਅਪਲਾਈ ਕਰ ਸਕਦੇ ਹਨ
ਫਰੀਦਕੋਟ ਨਿਊਜ: ਪੰਜਾਬ ਦੇ ਕਿਸਾਨਾਂ ਨੂੰ ਰਾਹਤ ਦੇਣ ਲਈ ਜਿੱਥੇ ਪੰਜਾਬ ਸਰਕਾਰ ਵੱਲੋਂ ਇੱਕ ਹੋਰ ਵੱਡਾ ਕਦਮ ਚੁੱਕਿਆ ਗਿਆ ਹੈ। ਇੱਕ ਪਾਸੇ ਜਿੱਥੇ ਬੇਮੌਸਮੀ ਬਰਸਾਤ ਕਾਰਨ ਖਰਾਬ ਹੋਈਆਂ ਫਸਲਾਂ ਦਾ ਮੁਆਵਜਾ ਦੇਣ ਅਤੇ ਕੇਂਦਰ ਸਰਕਾਰ ਵੱਲੋਂ ਖਰਾਬ ਹੋਈਆ ਫਸਲਾਂ ਦੀ ਖਰੀਦ ਤੇ ਪ੍ਰਤੀ ਕੁਇੰਟਲ 31 ਰੁਪਏ ਲਗਾਏ ਗਏ ਕੱਟ ਦੀ ਭਰਪਾਈ ਕਰਨ ਦਾ ਐਲਾਨ ਕੀਤਾ ਗਿਆ ਹੈ, ਉਥੇ ਹੀ ਹੁਣ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਖ ਵੱਖ ਫਸਲਾਂ ਦੇ ਬੀਟੀ ਬੀਜਾਂ ਤੇ ਸਰਕਾਰੀ ਸਬਸਿਡੀ ਦੇਣ ਦਾ ਵੀ ਫੈਸਲਾ ਲਿਆ ਗਿਆ ਹੈ। ਸਰਕਾਰ ਦੇ ਇਸ ਫੈਸਲੇ ਨਾਲ ਕਿਸਾਨਾਂ ਨੂੰ ਜਿੱਥੇ ਅਵੱਲ ਦਰਜੇ ਦੇ ਬੀਟੀ ਬੀਜ (BT Seeds) ਮਿਲਣਗੇ, ਉਥੇ ਹੀ ਬਜਾਰ ਨਾਲੋਂ ਰੇਟ ਵੀ ਘੱਟ ਰਹੇਗਾ।
ਇਸੇ ਦੇ ਤਹਿਤ ਪੰਜਾਬ ਸਰਕਾਰ ਵਲੋਂ ਨਰਮੇ ਦੇ ਬੀਟੀ ਬੀਜਾਂ ਤੇ ਸਬਸਿਡੀ ਦੇਣ ਲਈ ਖੇਤੀਬਾੜੀ ਵਿਭਾਗ ਦਾ ਪੋਰਟਲ ਖੋਲ ਦਿੱਤਾ ਗਿਆ ਹੈ ਅਤੇ ਬੀਜ ਤੇ ਸਬਸਿਡੀ ਪ੍ਰਾਪਤ ਕਰਨ ਦੇ ਚਾਹਵਾਨ ਕਿਸਾਨ ਆਨਲਾਈਨ ਅਪਲਾਈ ਕਰ ਸਕਦੇ ਹਨ।ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫ਼ਸਰ ਡਾ. ਕਰਨਜੀਤ ਸਿੰਘ ਗਿੱਲ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਮੌਕੇ ਦਿੱਤੀ। ਮੁੱਖ ਖੇਤੀਬਾੜੀ ਅਫ਼ਸਰ ਡਾ. ਕਰਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਕਿਸਾਨ https://agrimachinerypb.com ਪੋਰਟਲ ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਸ ਲਈ ਕਿਸਾਨ ਆਪਣੇ ਅਧਾਰ ਕਾਰਡ ਰਾਹੀਂ ਰਜਿਸਟਰਡ ਮੋਬਾਇਲ ਨੰਬਰ ਤੇ ਪ੍ਰਾਪਤ ਓਟੀਪੀ ਰਾਹੀਂ ਅਪਲਾਈ ਕਰਵਾ ਸਕਦੇ ਹਨ।
ਅਪਲਾਈ ਕਰਨ ਤੋਂ ਪਹਿਲਾਂ ਰਖੋ ਧਿਆਨ
ਜਿਨ੍ਹਾਂ ਕਿਸਾਨਾਂ ਦਾ ਵੇਰਵਾ ਪੋਰਟਲ ਤੇ ਅਪਲੋਡ ਨਹੀਂ ਹੈ ਤਾਂ ਉਹ ਕਿਸਾਨ ਨਵੀਂ ਰਜਿਸਟ੍ਰੇਸ਼ਨ ਵਾਲੇ ਲਿੰਕ ਤੇ ਜਾ ਕੇ ਪਹਿਲਾਂ ਆਪਣੀ ਰਜਿਸਟ੍ਰੇਸ਼ਨ ਕਰਵਾ ਕੇ ਉਸ ਤੋਂ ਬਾਅਦ ਅਪਲਾਈ ਕਰ ਸਕਣਗੇ। ਉਨ੍ਹਾਂ ਕਿਹਾ ਕਿ ਇਕ ਕਿਸਾਨ ਨੂੰ ਵੱਧ ਤੋਂ ਵੱਧ 5 ਏਕੜ ਲਈ ਜਾਂ 10 ਪੈਕਟ ਬੀਟੀ ਹਾਈਬ੍ਰਿਡ ਨਰਮੇ ਦੇ ਬੀਜ `ਤੇ ਸਬਸਿਡੀ ਮਿਲਣ ਯੋਗ ਹੋਵੇਗੀ। ਸਬਸਿਡੀ ਕੇਵਲ ਸਰਕਾਰ ਤੋਂ ਪ੍ਰਵਾਨਿਤ ਕਿਸਮਾਂ ਦੇ ਬੀਜਾਂ ਤੇ ਹੀ ਮਿਲੇਗੀ। ਇਸ ਤੋਂ ਇਲਾਵਾ 25 ਮਾਰਚ ਤੋਂ 15 ਮਈ 2023 ਦੇ ਵਿਚਕਾਰਲੀ ਮਿਤੀਆਂ ਦੇ ਬਿਲ ਹੀ ਸਵੀਕਾਰ ਕੀਤੇ ਜਾਣਗੇ।
ਮੁੱਖ ਖੇਤੀਬਾੜੀ ਅਫਸਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਨਰਮੇ ਦੀ ਬਿਜਾਈ ਲਈ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਨਰਮੇ ਦੀ ਖੇਤੀ ਲਈ ਹਰ ਤਰ੍ਹਾਂ ਦਾ ਸਹਿਯੋਗ ਕਰੇਗੀ। ਕਿਸਾਨਾਂ ਨੂੰ ਛਿਟੀਆਂ ਵਿਚਲੇ ਟੀਂਡਿਆਂ ਨੂੰ ਨਸ਼ਟ ਕਰਨ, ਨਦੀਨਾਂ ਨੂੰ ਨਸ਼ਟ ਕਰਨ ਦੀ ਵੀ ਅਪੀਲ ਕਰਦਿਆਂ ਕਿਹਾ ਕਿ ਖੇਤਾਂ ਵਿਚ ਛਿਟੀਆਂ ਨਾ ਛੱਡੀਆਂ ਜਾਣ, ਕਿਉਂਕਿ ਇਸ ਵਿਚ ਲੁੱਕੀ ਗੁਲਾਬੀ ਸੂੰਡੀ ਨਰਮੇ ਦੀ ਅਗਲੀ ਫਸਲ ਤੇ ਹਮਲਾ ਕਰ ਸਕਦੀ ਹੈ।
ਨਰਮੇ ਦੀ ਬਿਜਾਈ ਤੋਂ ਪਹਿਲਾਂ-ਪਹਿਲਾਂ ਚਿੱਟੀ ਮੱਖੀ, ਖੇਤਾਂ ਵਿਚ ਵੱਟਾਂ, ਖਾਲੇ, ਖਾਲੀ ਥਾਵਾਂ, ਸੜਕ ਦੇ ਕਿਨਾਰਿਆਂ, ਨਹਿਰਾਂ, ਕੱਸੀਆਂ ਤੇ ਡਰੇਨਾਂ ਚ ਉੱਘੇ ਨਦੀਨਾਂ ਜਿਵੇਂ ਕਿ ਪੀਲੀ ਬੂਟੀ, ਪੁੱਠਕੰਡਾ, ਕੰਘੀ ਬੂਟੀ ਆਦਿ ਨਦੀਨਾਂ ਤੇ ਪਲਦੀ ਰਹਿੰਦੀ ਹੈ ਅਤੇ ਨਰਮੇ ਦੀ ਬਿਜਾਈ ਉਪਰੰਤ ਨਰਮੇ ਦੀ ਫਸਲ ਤੇ ਹਮਲਾ ਕਰਕੇ ਫਸਲ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਕਰਦੀ ਹੈ ਤੇ ਨਦੀਨਾਂ ਨੂੰ ਨਸ਼ਟ ਕਰਨ ਦਾ ਇਹ ਢੁਕਵਾਂ ਸਮਾਂ ਹੈ।