ਜ਼ਿਆਦਾ ਮੀਂਹ ਦੇ ਬਾਵਜੂਦ ਘਟਿਆ ਜਲ ਪੱਧਰ, ਦੋ ਸਾਲਾਂ ਦੀ ਰਿਕਾਰਡਤੋੜ ਗਰਮੀ ਨੇ ਸੁਕਾਏ ਦੁਨੀਆ ਭਰ ਦੇ ਜਲ ਭੰਡਾਰ, ਨਦੀਆਂ ਤੇ ਝੀਲਾਂ

Updated On: 

27 Nov 2026 13:18 PM IST

Global Water Crisis: ਦੁਨੀਆ ਵਿੱਚ ਵੱਧ ਮੀਂਹ ਪੈਣ ਦੇ ਬਾਵਜੂਦ ਨਦੀਆਂ, ਝੀਲਾਂ ਅਤੇ ਜਲ ਭੰਡਾਰਾਂ ਵਿੱਚ ਪਾਣੀ ਦਾ ਪੱਧਰ ਘਟ ਰਿਹਾ ਹੈ। ਸਾਲ 2023 ਅਤੇ 2024 ਦੌਰਾਨ ਪਈ ਰਿਕਾਰਡਤੋੜ ਗਰਮੀ ਕਾਰਨ ਮਿੱਠੇ ਪਾਣੀ ਦੇ ਭੰਡਾਰਾਂ ਵਿੱਚ 1991 ਤੋਂ ਬਾਅਦ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ।

ਜ਼ਿਆਦਾ ਮੀਂਹ ਦੇ ਬਾਵਜੂਦ ਘਟਿਆ ਜਲ ਪੱਧਰ, ਦੋ ਸਾਲਾਂ ਦੀ ਰਿਕਾਰਡਤੋੜ ਗਰਮੀ ਨੇ ਸੁਕਾਏ ਦੁਨੀਆ ਭਰ ਦੇ ਜਲ ਭੰਡਾਰ, ਨਦੀਆਂ ਤੇ ਝੀਲਾਂ

ਵੱਧ ਮੀਂਹ ਦੇ ਬਾਵਜੂਦ ਘਟਿਆ ਜਲ ਪੱਧਰ

ਦੁਨੀਆ ਭਰ ਵਿੱਚ ਮੀਂਹ ਪੈਣ ਦੇ ਬਾਵਜੂਦ ਨਦੀਆਂ, ਝੀਲਾਂ ਅਤੇ ਜਲ ਭੰਡਾਰਾਂ ਵਿੱਚ ਪਾਣੀ ਘਟਦਾ ਜਾ ਰਿਹਾ ਹੈ। ਇਸ ਦਾ ਵੱਡਾ ਕਾਰਨ ਸਾਲ 2023 ਅਤੇ 2024 ਦੌਰਾਨ ਪਈ ਰਿਕਾਰਡਤੋੜ ਗਰਮੀ ਨੂੰ ਮੰਨਿਆ ਜਾ ਰਿਹਾ ਹੈ। ਇੱਕ ਨਵੀਂ ਕੌਮਾਂਤਰੀ ਖੋਜ ਮੁਤਾਬਕ, ਇਨ੍ਹਾਂ ਦੋ ਸਾਲਾਂ ਦੌਰਾਨ ਧਰਤੀ ‘ਤੇ ਮੌਜੂਦ ਮਿੱਠੇ ਪਾਣੀ ਦੀ ਮਾਤਰਾ ਵਿੱਚ 1991 ਤੋਂ ਬਾਅਦ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ। ਨਦੀਆਂ ਵਿੱਚ ਪਾਣੀ ਦਾ ਵਹਾਅ ਆਮ ਨਾਲੋਂ 5.7 ਫ਼ੀਸਦੀ ਘਟ ਗਿਆ, ਜਦਕਿ ਝੀਲਾਂ ਅਤੇ ਜਲ ਭੰਡਾਰਾਂ ਵਿੱਚ ਜਮ੍ਹਾਂ ਪਾਣੀ 9.5 ਫ਼ੀਸਦੀ ਘੱਟ ਗਿਆ।

ਇਹ ਖੋਜ ਚੀਨੀ ਅਕੈਡਮੀ ਆਫ਼ ਸਾਇੰਸਿਜ਼ ਦੀ ਅਗਵਾਈ ਵਿੱਚ ਕੀਤੀ ਗਈ। ਵਿਗਿਆਨੀਆਂ ਨੇ ਦੁਨੀਆ ਦੇ 150 ਵੱਡੇ ਨਦੀ ਖੇਤਰਾਂ ਅਤੇ 12 ਲੱਖ ਤੋਂ ਵੱਧ ਝੀਲਾਂ ਤੇ ਜਲ ਭੰਡਾਰਾਂ ਦੀਆਂ ਸੈਟੇਲਾਈਟ ਤਸਵੀਰਾਂ ਦਾ ਅਧਿਐਨ ਕੀਤਾ। ਇਸ ਵਿੱਚ ਸਾਲ 1991 ਤੋਂ 2025 ਤੱਕ ਦੇ ਅੰਕੜੇ ਸ਼ਾਮਲ ਕੀਤੇ ਗਏ। ਖੋਜ ਮੁਤਾਬਕ, 2023 ਅਤੇ 2024 ਦੌਰਾਨ ਨਦੀਆਂ ਵਿੱਚ ਹਰ ਸਾਲ ਲਗਭਗ 2,000 ਘਣ ਕਿਲੋਮੀਟਰ ਪਾਣੀ ਘਟਿਆ। ਇਸੇ ਤਰ੍ਹਾਂ ਝੀਲਾਂ ਅਤੇ ਜਲ ਭੰਡਾਰਾਂ ਵਿੱਚ ਜਮ੍ਹਾਂ ਪਾਣੀ ਦੀ ਮਾਤਰਾ ਵੀ ਕਰੀਬ 640 ਘਣ ਕਿਲੋਮੀਟਰ ਘੱਟ ਹੋ ਗਈ।

ਦੱਖਣੀ ਅਮਰੀਕਾ ਵਿੱਚ ਸਭ ਤੋਂ ਵੱਧ ਪਾਣੀ ਦੀ ਕਮੀ

ਪਾਣੀ ਦੀ ਘਾਟ ਦਾ ਸਭ ਤੋਂ ਵੱਧ ਅਸਰ ਦੱਖਣੀ ਅਮਰੀਕਾ ਵਿੱਚ ਦੇਖਣ ਨੂੰ ਮਿਲਿਆ। ਦੁਨੀਆ ਭਰ ਦੀਆਂ ਨਦੀਆਂ ਵਿੱਚ ਪਾਣੀ ਦੀ ਕੁੱਲ ਕਮੀ ਦਾ ਲਗਭਗ 70 ਫ਼ੀਸਦੀ ਹਿੱਸਾ ਇਸੇ ਮਹਾਂਦੀਪ ਵਿੱਚ ਦਰਜ ਕੀਤਾ ਗਿਆ। ਇੱਥੇ ਨਦੀਆਂ ਦੇ ਪਾਣੀ ਦੇ ਵਹਾਅ ਵਿੱਚ 17.8 ਫ਼ੀਸਦੀ ਅਤੇ ਝੀਲਾਂ ਤੇ ਜਲ ਭੰਡਾਰਾਂ ਵਿੱਚ ਪਾਣੀ ਦੀ ਮਾਤਰਾ ਵਿੱਚ 16.5 ਫ਼ੀਸਦੀ ਦੀ ਕਮੀ ਆਈ।

ਐਮਾਜ਼ਾਨ ਨਦੀ ਖੇਤਰ ਵਿੱਚ ਪਾਣੀ ਦਾ ਵਹਾਅ ਪਿਛਲੇ 40 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਇਸੇ ਦੌਰਾਨ ਦੱਖਣੀ ਅਮਰੀਕਾ ਦੇ ਕੁਝ ਇਲਾਕਿਆਂ ਵਿੱਚ ਭਾਰੀ ਮੀਂਹ ਪਿਆ ਅਤੇ ਹੜ੍ਹ ਵੀ ਆਏ। ਯਾਨੀ ਇੱਕੋ ਮਹਾਂਦੀਪ ਦੇ ਕੁਝ ਹਿੱਸਿਆਂ ਵਿੱਚ ਹੜ੍ਹਾਂ ਦੀ ਸਥਿਤੀ ਬਣੀ, ਜਦਕਿ ਹੋਰ ਇਲਾਕਿਆਂ ਵਿੱਚ ਪਾਣੀ ਦੀ ਭਾਰੀ ਕਮੀ ਦੇਖਣ ਨੂੰ ਮਿਲੀ।

ਅਲ ਨੀਨੋ ਅਤੇ ਗਰਮ ਸਮੁੰਦਰ ਵੀ ਜ਼ਿੰਮੇਵਾਰ

ਵਿਗਿਆਨੀਆਂ ਮੁਤਾਬਕ, ਪਾਣੀ ਦੀ ਕਮੀ ਪਿੱਛੇ ਅਲ ਨੀਨੋ ਅਤੇ ਉੱਤਰੀ ਅਟਲਾਂਟਿਕ ਮਹਾਂਸਾਗਰ ਦਾ ਆਮ ਨਾਲੋਂ ਵੱਧ ਗਰਮ ਹੋਣਾ ਵੀ ਵੱਡੇ ਕਾਰਨ ਰਹੇ। ਅਲ ਨੀਨੋ ਕਾਰਨ ਪ੍ਰਸ਼ਾਂਤ ਮਹਾਂਸਾਗਰ ਦਾ ਤਾਪਮਾਨ ਵਧਿਆ, ਜਦਕਿ ਉੱਤਰੀ ਅਟਲਾਂਟਿਕ ਮਹਾਂਸਾਗਰ ਵੀ ਅਸਧਾਰਨ ਤੌਰ ‘ਤੇ ਗਰਮ ਰਿਹਾ। ਇਸ ਕਾਰਨ ਹਵਾਵਾਂ ਦਾ ਰੁਖ ਬਦਲ ਗਿਆ ਅਤੇ ਜ਼ਮੀਨ ਤੋਂ ਨਮੀ ਸਮੁੰਦਰ ਵੱਲ ਜਾਣ ਲੱਗੀ। ਨਤੀਜੇ ਵਜੋਂ ਜ਼ਮੀਨੀ ਇਲਾਕਿਆਂ ਦੀ ਬਜਾਏ ਸਮੁੰਦਰਾਂ ਉੱਪਰ ਜ਼ਿਆਦਾ ਮੀਂਹ ਪਿਆ।

ਸਾਲ 2025 ਵਿੱਚ ਅਲ ਨੀਨੋ ਦਾ ਪ੍ਰਭਾਵ ਕਮਜ਼ੋਰ ਹੋਣ ਤੋਂ ਬਾਅਦ ਨਦੀਆਂ ਵਿੱਚ ਪਾਣੀ ਦਾ ਵਹਾਅ ਮੁੜ ਆਮ ਪੱਧਰ ਦੇ ਨੇੜੇ ਪਹੁੰਚ ਗਿਆ। ਹਾਲਾਂਕਿ, 2025 ਹੁਣ ਤੱਕ ਦੇ ਸਭ ਤੋਂ ਗਰਮ ਸਾਲਾਂ ਵਿੱਚੋਂ ਤੀਜੇ ਸਥਾਨ ‘ਤੇ ਰਿਹਾ। ਵਿਗਿਆਨੀਆਂ ਦਾ ਕਹਿਣਾ ਹੈ ਕਿ ਵਧਦੀ ਗਰਮੀ ਕਾਰਨ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਹੋਰ ਵਧ ਸਕਦੀਆਂ ਹਨ। ਇਸ ਦਾ ਸਿੱਧਾ ਅਸਰ ਪੀਣ ਵਾਲੇ ਪਾਣੀ ਦੀ ਉਪਲਬਧਤਾ, ਖੇਤੀਬਾੜੀ ਅਤੇ ਵਾਤਾਵਰਨ ‘ਤੇ ਪੈ ਸਕਦਾ ਹੈ।

Source: TV9Hindi.com

Loading...
Unable to load recommendations.
Follow Us