ਪਾਕਿਸਤਾਨ ‘ਚ ਫਿਰ ਹੋਇਆ ਅੱਤਵਾਦੀ ਹਮਲਾ, 6 ਪੁਲਿਸ ਮੁਲਾਜ਼ਮਾਂ ਦੀ ਮੌਤ, 2 ਅੱਤਵਾਦੀ ਵੀ ਢੇਰ

Published: 

12 Dec 2023 15:01 PM

ਉੱਤਰੀ-ਪੱਛਮੀ ਪਾਕਿਸਤਾਨ ਦਾ ਇਲਾਕਾ ਮੰਗਲਵਾਰ ਨੂੰ ਹੋਏ ਅੱਤਵਾਦੀ ਹਮਲੇ ਨਾਲ ਹਿੱਲ ਗਿਆ। ਖੈਬਰ ਪਖਤੂਨਖਵਾ ਦੇ ਇੱਕ ਕਸਬੇ ਖੇਤਰ ਵਿੱਚ ਅੱਤਵਾਦੀਆਂ ਨੇ ਇੱਕ ਪੁਲਿਸ ਸਟੇਸ਼ਨ ਦੀ ਕੰਧ ਨਾਲ ਵਿਸਫੋਟਕਾਂ ਨਾਲ ਭਰੇ ਇੱਕ ਵਾਹਨ ਨਾਲ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਉਥੇ ਹਫੜਾ-ਦਫੜੀ ਮਚ ਗਈ। ਇਸ ਘਟਨਾ ਵਿੱਚ 6 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਜ਼ਿਲ੍ਹੇ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ।

ਪਾਕਿਸਤਾਨ ਚ ਫਿਰ ਹੋਇਆ ਅੱਤਵਾਦੀ ਹਮਲਾ, 6 ਪੁਲਿਸ ਮੁਲਾਜ਼ਮਾਂ ਦੀ ਮੌਤ, 2 ਅੱਤਵਾਦੀ ਵੀ ਢੇਰ
Follow Us On

ਪਾਕਿਸਤਾਨ ਵਿੱਚ ਅੱਤਵਾਦੀਆਂ ਨੇ ਇੱਕ ਵਾਰ ਫਿਰ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪਾਕਿਸਤਾਨ ਦੇ ਖੈਬਰ ਪਖਤੂਨਖਵਾ ‘ਚ ਮੰਗਲਵਾਰ ਨੂੰ ਅੱਤਵਾਦੀਆਂ ਨੇ ਪੁਲਿਸ ਨੂੰ ਨਿਸ਼ਾਨਾ ਬਣਾਇਆ ਹੈ। ਪੁਲਿਸ ਸਟੇਸ਼ਨ ‘ਤੇ ਹੋਏ ਅੱਤਵਾਦੀ ਹਮਲੇ ‘ਚ ਘੱਟੋ-ਘੱਟ 6 ਪੁਲਿਸ ਮੁਲਾਜ਼ਮ ਮਾਰੇ ਗਏ ਹਨ। ਅੱਤਵਾਦੀ ਘਟਨਾ ‘ਚ 16 ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਸਾਰੇ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਜਾਣਕਾਰੀ ਮੁਤਾਬਕ ਅੱਤਵਾਦੀਆਂ ਨੇ ਦੱਖਣੀ ਵਜ਼ੀਰਿਸਤਾਨ ਕਬਾਇਲੀ ਜ਼ਿਲੇ ਦੀ ਸਰਹੱਦ ਨਾਲ ਲੱਗਦੇ ਡੇਰਾ ਇਸਮਾਈਲ ਖਾਨ ਜ਼ਿਲੇ ਦੇ ਇਕ ਦੂਰ-ਦੁਰਾਡੇ ਇਲਾਕੇ ‘ਚ ਸਥਿਤ ਦਰਬਾਨ ਪੁਲਿਸ ਸਟੇਸ਼ਨ ‘ਤੇ ਹਮਲਾ ਕੀਤਾ ਹੈ। ਸੂਤਰਾਂ ਮੁਤਾਬਕ ਅੱਤਵਾਦੀਆਂ ਨੇ ਪਹਿਲਾਂ ਵਿਸਫੋਟਕ ਨਾਲ ਭਰੀ ਗੱਡੀ ਨੂੰ ਪੁਲਿਸ ਸਟੇਸ਼ਨ ਦੀ ਇਮਾਰਤ ‘ਚ ਟਕਰਾਇਆ, ਜਿਸ ਤੋਂ ਬਾਅਦ ਮੋਰਟਾਰ ਨਾਲ ਹਮਲਾ ਕੀਤਾ ਗਿਆ।

ਜਵਾਬੀ ਕਾਰਵਾਈ ‘ਚ ਦੋ ਅੱਤਵਾਦੀ ਢੇਰ

ਪੂਰੇ ਮਾਮਲੇ ‘ਚ ਸਥਾਨਕ ਪੁਲਿਸ ਨੇ ਦੱਸਿਆ ਕਿ ਇਸ ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਅਤੇ ਹਮਲਾਵਰਾਂ ਵਿਚਾਲੇ ਹੋਈ ਗੋਲੀਬਾਰੀ ‘ਚ ਘੱਟੋ-ਘੱਟ 6 ਸੁਰੱਖਿਆ ਕਰਮਚਾਰੀ ਮਾਰੇ ਗਏ ਅਤੇ 16 ਜ਼ਖਮੀ ਹੋ ਗਏ। ਹਾਲਾਂਕਿ ਖੈਬਰ ਪਖਤੂਨਖਵਾ ਪੁਲਿਸ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਸ ਮੁਕਾਬਲੇ ਦੌਰਾਨ ਪੁਲਿਸ ਨੇ ਦੋ ਅੱਤਵਾਦੀਆਂ ਨੂੰ ਵੀ ਮਾਰ ਮੁਕਾਇਆ ਹੈ। ਬਾਕੀ ਅੱਤਵਾਦੀਆਂ ਦੀ ਭਾਲ ਕੀਤੀ ਜਾ ਰਹੀ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਹਮਲਾ ਕਰਨ ਆਏ ਅੱਤਵਾਦੀਆਂ ਦੀ ਗਿਣਤੀ ਕਿੰਨੀ ਸੀ।

ਸਥਾਨਕ ਪੁਲਿਸ ਮੁਤਾਬਕ ਅੱਤਵਾਦੀ ਹਮਲੇ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਨੂੰ ਚੌਕਸ ਕਰ ਦਿੱਤਾ ਗਿਆ। ਇਲਾਕੇ ਦੇ ਲੋਕਾਂ ਨੂੰ ਸੁਚੇਤ ਕੀਤਾ ਗਿਆ ਅਤੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਜਿਸ ‘ਚ ਉਥੇ ਹੀ ਦੋ ਅੱਤਵਾਦੀ ਨੂੰ ਢੇਰ ਕਰ ਦਿੱਤਾ ਗਿਆ।

ਖੈਬਰ ਪਖਤੂਨਖਵਾ ‘ਚ ਸਕੂਲ ਅਤੇ ਕਾਲਜ ਬੰਦ

ਅੱਤਵਾਦੀ ਵਾਰਦਾਤ ਤੋਂ ਬਾਅਦ ਤੁਰੰਤ ਨਵੀਂ ਪੁਲਿਸ ਟੁਕੜੀ ਮੌਕੇ ‘ਤੇ ਭੇਜ ਦਿੱਤੀ ਗਈ। ਅੱਤਵਾਦੀ ਹਮਲੇ ਕਾਰਨ ਜ਼ਿਲ੍ਹਾ ਹਸਪਤਾਲਾਂ ਵਿੱਚ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ ਹੈ ਅਤੇ ਸੁਰੱਖਿਆ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਸਾਰੇ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ।