ਡੀਲ ‘ਤੇ ਸਸਪੈਂਸ, ਪਰ ਧਮਕੀ ਬਰਕਰਾਰ ਟਰੰਪ ਬੋਲੇ- ਈਰਾਨ ਨੇ ਗਲਤੀ ਕੀਤੀ ਤਾਂ ਫਿਰ ਹੋਣਗੇ ਹਮਲੇ

Updated On: 

03 May 2026 11:52 AM IST

Donald Trump: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਉਸਨੇ ਕੋਈ ਗਲਤ ਕਦਮ ਚੁੱਕਿਆ ਤਾਂ ਹਮਲੇ ਮੁੜ ਸ਼ੁਰੂ ਹੋ ਸਕਦੇ ਹਨ। ਇਰਾਨ ਨੇ ਹੋਰਮੁਜ਼ ਜਲਡਮਰੂ ਨੂੰ ਖੋਲ੍ਹਣ ਦਾ ਪ੍ਰਸਤਾਵ ਦਿੱਤਾ ਹੈ, ਪਰ ਪਰਮਾਣੂ ਮੁੱਦੇ 'ਤੇ ਬਾਅਦ ਵਿੱਚ ਗੱਲਬਾਤ ਕਰਨਾ ਚਾਹੁੰਦਾ ਹੈ। ਵੱਧਦੇ ਤਣਾਅ ਕਾਰਨ ਤੇਲ ਦੀ ਸਪਲਾਈ ਅਤੇ ਗਲੋਬਲ ਅਰਥਵਿਵਸਥਾ 'ਤੇ ਅਸਰ ਪੈ ਰਿਹਾ ਹੈ।

ਡੀਲ ਤੇ ਸਸਪੈਂਸ, ਪਰ ਧਮਕੀ ਬਰਕਰਾਰ ਟਰੰਪ ਬੋਲੇ- ਈਰਾਨ ਨੇ ਗਲਤੀ ਕੀਤੀ ਤਾਂ ਫਿਰ ਹੋਣਗੇ ਹਮਲੇ

ਡੋਨਾਲਡ ਟਰੰਪ। ਫੋਟੋ ਕ੍ਰੈਡਿਟ: PTI

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਈਰਾਨ ਨਾਲ ਸੰਭਾਵੀ ਸਮਝੌਤੇ ਦੀਆਂ ਰੂਪ-ਰੇਖਾਵਾਂ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ, ਪਰ ਅਜੇ ਵੀ ਇੱਕ ਪੂਰੇ, ਲਿਖਤੀ ਪ੍ਰਸਤਾਵ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਇਹ ਵੀ ਚੇਤਾਵਨੀ ਦਿੱਤੀ ਕਿ ਜੇਕਰ ਈਰਾਨ ਗਲਤ ਵਿਵਹਾਰ ਕਰਦਾ ਹੈ, ਤਾਂ ਅਮਰੀਕਾ ਈਰਾਨ ‘ਤੇ ਇੱਕ ਹੋਰ ਹਮਲਾ ਕਰ ਸਕਦਾ ਹੈ। ਟਰੰਪ ਨੇ ਫਲੋਰੀਡਾ ਦੇ ਵੈਸਟ ਪਾਮ ਬੀਚ ਤੋਂ ਮਿਆਮੀ ਜਾਂਦੇ ਸਮੇਂ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਸਮਝੌਤੇ ਦੀ ਧਾਰਨਾ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਜਲਦੀ ਹੀ ਪੂਰੀ ਜਾਣਕਾਰੀ ਦਿੱਤੀ ਜਾਵੇਗੀ।

ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਉਨ੍ਹਾਂ ਨੂੰ ਨੀ ਲਗਦਾ ਕਿ ਈਰਾਨ ਦੀ ਪੇਸ਼ਕਸ਼ ਸਵੀਕਾਰ ਕਰਨ ਯੋਗ ਹੈ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਈਰਾਨ ਨੇ ਹੁਣ ਤੱਕ ਆਪਣੀਆਂ ਕਾਰਵਾਈਆਂ ਲਈ ਘੱਟ ਕੀਮਤ ਚੁਕਾਈ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਈਰਾਨ ‘ਤੇ ਦੁਬਾਰਾ ਹਮਲਾ ਕਰ ਸਕਦੇ ਹਨ, ਤਾਂ ਉਨ੍ਹਾਂ ਨੇ ਕਿਹਾ ਕਿ ਉਹ ਸਪੱਸ਼ਟ ਜਵਾਬ ਨਹੀਂ ਦੇਣਾ ਚਾਉਂਦੇ, ਪਰ ਵਿਕਲਪ ਖੁੱਲ੍ਹਾ ਰਹਿੰਦਾ ਹੈ।

ਈਰਾਨ ਨੇ ਕੀ ਪ੍ਰਸਤਾਵ ਰੱਖਿਆ?

ਦੂਜੇ ਪਾਸੇ, ਇੱਕ ਸੀਨੀਅਰ ਈਰਾਨੀ ਅਧਿਕਾਰੀ ਨੇ ਕਿਹਾ ਕਿ ਈਰਾਨ ਨੇ ਇੱਕ ਨਵਾਂ ਪ੍ਰਸਤਾਵ ਰੱਖਿਆ ਹੈ, ਜਿਸਨੂੰ ਟਰੰਪ ਨੇ ਇਸ ਸਮੇਂ ਰੱਦ ਕਰ ਦਿੱਤਾ ਹੈ। ਇਸ ਪ੍ਰਸਤਾਵ ਦੇ ਅਨੁਸਾਰ, ਈਰਾਨ ਹੋਰਮੁਜ਼ ਜਲਡਮਰੂ ਨੂੰ ਦੁਬਾਰਾ ਖੋਲ੍ਹਣ ਲਈ ਤਿਆਰ ਹੈ ਤਾਂ ਜੋ ਜਹਾਜ਼ਰਾਨੀ ਮੁੜ ਸ਼ੁਰੂ ਹੋ ਸਕੇ। ਬਦਲੇ ਵਿੱਚ, ਈਰਾਨ ਚਾਹੁੰਦਾ ਹੈ ਕਿ ਅਮਰੀਕਾ ਆਪਣੀ ਸਮੁੰਦਰੀ ਨਾਕਾਬੰਦੀ ਹਟਾ ਦੇਵੇ।

ਈਰਾਨ ਨੇ ਇਹ ਵੀ ਕਿਹਾ ਹੈ ਕਿ ਉਸਦੇ ਪ੍ਰਮਾਣੂ ਪ੍ਰੋਗਰਾਮ ‘ਤੇ ਗੱਲਬਾਤ ਬਾਅਦ ਵਿੱਚ ਕੀਤੀ ਜਾ ਸਕਦੀ ਹੈ, ਭਾਵ ਪਹਿਲਾਂ ਧਿਆਨ ਜਲਡਮਰੂ ਨੂੰ ਖੋਲ੍ਹਣ ਅਤੇ ਤਣਾਅ ਘਟਾਉਣ ‘ਤੇ ਹੋਣਾ ਚਾਹੀਦਾ ਹੈ, ਅਤੇ ਫਿਰ ਪ੍ਰਮਾਣੂ ਮੁੱਦਿਆਂ ‘ਤੇ ਚਰਚਾ ਕਰਨੀ ਚਾਹੀਦੀ ਹੈ।

ਪ੍ਰਸਤਾਵ ਵਿੱਚ ਈਰਾਨ ਦੀਆਂ 14 ਮੰਗਾਂ

ਹਾਲ ਹੀ ਦੇ ਦਿਨਾਂ ਵਿੱਚ ਆਈਆਂ ਰਿਪੋਰਟਾਂ ਅਨੁਸਾਰ, ਈਰਾਨ ਨੇ ਇਹ ਪ੍ਰਸਤਾਵ ਵਿਚੋਲਿਆਂ ਰਾਹੀਂ ਅਮਰੀਕਾ ਨੂੰ ਭੇਜਿਆ ਹੈ। ਪ੍ਰਸਤਾਵ ਵਿੱਚ ਕੁੱਲ 14 ਮੰਗਾਂ ਸ਼ਾਮਲ ਹਨ। ਇਨ੍ਹਾਂ ਵਿੱਚ ਈਰਾਨ ਦੇ ਆਲੇ ਦੁਆਲੇ ਦੇ ਇਲਾਕਿਆਂ ਤੋਂ ਅਮਰੀਕੀ ਫੌਜੀ ਮੌਜੂਦਗੀ ਦੀ ਵਾਪਸੀ, ਆਰਥਿਕ ਪਾਬੰਦੀਆਂ ਹਟਾਉਣਾ, ਜ਼ਬਤ ਈਰਾਨੀ ਜਾਇਦਾਦਾਂ ਦੀ ਵਾਪਸੀ ਅਤੇ ਯੁੱਧ ਦੇ ਨੁਕਸਾਨ ਲਈ ਮੁਆਵਜ਼ਾ ਸ਼ਾਮਲ ਹੈ।

ਇਸ ਤੋਂ ਇਲਾਵਾ, ਈਰਾਨ ਨੇ ਲੇਬਨਾਨ ਸਮੇਤ ਸਾਰੇ ਮੋਰਚਿਆਂ ‘ਤੇ ਦੁਸ਼ਮਣੀ ਖਤਮ ਕਰਨ ਅਤੇ ਹੋਰਮੁਜ਼ ਜਲਡਮਰੂ ਲਈ ਇੱਕ ਨਵਾਂ ਨਿਯੰਤਰਣ ਪ੍ਰਣਾਲੀ ਬਣਾਉਣ ਦੀ ਮੰਗ ਕੀਤੀ ਹੈ। 8 ਅਪ੍ਰੈਲ ਨੂੰ, ਸੰਯੁਕਤ ਰਾਜ ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ ‘ਤੇ ਆਪਣੇ ਹਮਲੇ ਰੋਕ ਦਿੱਤੇ, ਪਰ ਅਜੇ ਤੱਕ ਕੋਈ ਪੱਕਾ ਸਮਝੌਤਾ ਨਹੀਂ ਹੋਇਆ ਹੈ। ਇਸ ਟਕਰਾਅ ਨੇ ਪੂਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ ਹੈ, ਕਿਉਂਕਿ ਦੁਨੀਆ ਦੇ ਲਗਭਗ 20% ਤੇਲ ਅਤੇ ਗੈਸ ਹੋਰਮੁਜ਼ ਜਲਡਮਰੂ ਵਿੱਚੋਂ ਲੰਘਦੇ ਹਨ।

ਇਹ ਵੀ ਪੜੋ : ਦਿੱਲੀ ਦੇ ਵਿਵੇਕ ਵਿਹਾਰ ਚ ਅੱਗ ਦਾ ਤਾਂਡਵ, ਚਾਰ ਮੰਜ਼ਿਲਾ ਇਮਾਰਤ ਵਿੱਚ 9 ਲੋਕਾਂ ਦੀ ਮੌਤ, AC ਬਲਾਸਟ ਦੀ ਸੰਭਾਵਨਾ

Source:Tv9hindi.com

Follow Us