ਹਿਮਾਲਿਆ ‘ਚ ਵਧਿਆ ਗਲੇਸ਼ੀਅਰ-ਹੜ੍ਹ ਦਾ ਖ਼ਤਰਾ ਤਾਂ ਨੇਪਾਲ ਨੇ ਭਾਰਤ-ਚੀਨ ਤੋਂ ਮੰਗਿਆ ਸਾਥ, ਕੀ ਹੈ ਪਲਾਨ?
Himalayan Climate Crisis: ਨੇਪਾਲ ਦੇ PM ਬਾਲੇਂਦਰ ਸ਼ਾਹ ਨੇ ਹਿਮਾਲਿਆਈ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਭਾਰਤ ਅਤੇ ਚੀਨ ਨਾਲ ਮਿਲ ਕੇ ਇੱਕ ਨਵਾਂ ਮਕੈਨਿਜ਼ਮ ਬਣਾਉਣ ਦਾ ਪ੍ਰਸਤਾਵ ਦਿੱਤਾ ਹੈ। ਇਸ ਵਿੱਚ ਸੈਟੇਲਾਈਟ ਡਾਟਾ, ਆਫ਼ਤ ਦੀ ਚੇਤਾਵਨੀ ਅਤੇ ਰਾਹਤ ਸਹਿਯੋਗ ਨੂੰ ਸ਼ਾਮਲ ਕੀਤਾ ਜਾਵੇਗਾ।
ਨੇਪਾਲ ਨੇ ਭਾਰਤ-ਚੀਨ ਤੋਂ ਮੰਗਿਆ ਸਾਥ
ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਨੇ ਹਿਮਾਲਿਆ ਵਿੱਚ ਵਧ ਰਹੇ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਭਾਰਤ ਅਤੇ ਚੀਨ ਨਾਲ ਮਿਲ ਕੇ ਇੱਕ ਨਵਾਂ ਤੰਤਰ ਬਣਾਉਣ ਦਾ ਪ੍ਰਸਤਾਵ ਦਿੱਤਾ ਹੈ। ਇਸ ਦਾ ਨਾਮ ਹਿਮਾਲੀਅਨ ਕਲਾਈਮੇਟ ਰਿਜ਼ੀਲਿਏਂਸ ਮਕੈਨਿਜ਼ਮ ਰੱਖਣ ਦੀ ਗੱਲ ਕਹੀ ਗਈ ਹੈ। ਇਸ ਦੀ ਅਗਵਾਈ ਨੇਪਾਲ, ਭਾਰਤ ਅਤੇ ਚੀਨ ਮਿਲ ਕੇ ਕਰਨਗੇ। ਸ਼ਾਹ ਨੇ ਵੀਰਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੈਸ਼ਨ ਵਿੱਚ ਪਹਿਲੀ ਵਾਰ ਭਾਸ਼ਣ ਦਿੱਤਾ। ਉਨ੍ਹਾਂ ਨੇ ਹਾਲ ਹੀ ਵਿੱਚ ਨੇਪਾਲ ਵਿੱਚ ਆਈ ਭਿਆਨਕ ਹੜ੍ਹ ਦਾ ਜ਼ਿਕਰ ਕਰਦਿਆਂ ਕਿਹਾ ਕਿ ਧਰਤੀ ਦਾ ਵਧਦਾ ਤਾਪਮਾਨ ਹਿਮਾਲਿਆ ਦੀ ਨਾਜ਼ੁਕ ਕੁਦਰਤੀ ਪ੍ਰਣਾਲੀ ਨੂੰ ਅਸਥਿਰ ਕਰ ਰਿਹਾ ਹੈ। ਨੇਪਾਲ ਵਿੱਚ 26 ਅਗਸਤ ਨੂੰ ਆਈ ਵਿਨਾਸ਼ਕਾਰੀ ਹੜ੍ਹ ਅਤੇ ਭੂਸਖਲਨ ਵਿੱਚ ਹੁਣ ਤੱਕ 1,451 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 6 ਹਜ਼ਾਰ ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ।
ਸ਼ਾਹ ਨੇ ਕਿਹਾ ਕਿ ਹਿੰਦੂ ਕੁਸ਼ ਹਿਮਾਲਿਆ ਖੇਤਰ ਵਿੱਚ ਲਗਭਗ 2 ਅਰਬ ਲੋਕ ਰਹਿੰਦੇ ਹਨ। ਹਿਮਾਲਿਆ ਇਨ੍ਹਾਂ ਲੋਕਾਂ ਲਈ ਪਾਣੀ, ਵਾਤਾਵਰਣ, ਖੇਤੀਬਾੜੀ ਅਤੇ ਰੋਜ਼ੀ-ਰੋਟੀ ਦਾ ਵੱਡਾ ਆਧਾਰ ਹੈ। ਇਸ ਦਾ ਪ੍ਰਭਾਵ ਨੇਪਾਲ ਤੋਂ ਬਹੁਤ ਦੂਰ ਰਹਿਣ ਵਾਲੀ ਆਬਾਦੀ ‘ਤੇ ਵੀ ਪੈਂਦਾ ਹੈ। ਸ਼ਾਹ ਨੇ ਕਿਹਾ ਕਿ ਹਿਮਾਲਿਆ ਦੁਨੀਆ ਤੋਂ ਵੱਖਰਾ ਕੋਈ ਛੋਟਾ ਇਲਾਕਾ ਨਹੀਂ ਹੈ, ਸਗੋਂ ਇਹ ਧਰਤੀ ਦੀ ਜੀਵਨ-ਵਿਵਸਥਾ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਇਸੇ ਨੂੰ ਦੇਖਦੇ ਹੋਏ ਸ਼ਾਹ ਨੇ ਭਾਰਤ ਅਤੇ ਚੀਨ ਨਾਲ ਮਿਲ ਕੇ ਤੁਰੰਤ ਹਿਮਾਲਯਨ ਨਕਲਾਈਮੇਟ ਰਿਜ਼ੀਲਿਏਂਸ ਮਕੈਨਿਜ਼ਮ ਬਣਾਉਣ ਦਾ ਪ੍ਰਸਤਾਵ ਰੱਖਿਆ।
ਨਵੇਂ ਮਕੈਨਿਜ਼ਮ ਨਾਲ ਕੀ ਫਾਇਦਾ ਹੋਵੇਗਾ?
ਸ਼ਾਹ ਨੇ ਕਿਹਾ ਕਿ ਇਸ ਮਕੈਨਿਜ਼ਮ ਰਾਹੀਂ ਤਿੰਨੇ ਦੇਸ਼ ਸੈਟੇਲਾਈਟ ਤੋਂ ਮਿਲਣ ਵਾਲੀ ਜਾਣਕਾਰੀ ਅਤੇ ਮਾਹਰਾਂ ਦੀ ਮੁਹਾਰਤ ਸਾਂਝੀ ਕਰ ਸਕਦੇ ਹਨ। ਇਸ ਵਿਵਸਥਾ ਤਹਿਤ ਖਤਰਨਾਕ ਗਲੇਸ਼ੀਅਲ ਝੀਲਾਂ, ਯਾਨੀ ਗਲੇਸ਼ੀਅਰਾਂ ਦੇ ਪਿਘਲਣ ਨਾਲ ਬਣੀਆਂ ਝੀਲਾਂ ‘ਤੇ ਨਜ਼ਰ ਰੱਖਣ ਦੀ ਗੱਲ ਕਹੀ ਗਈ ਹੈ। ਇਸ ਦੇ ਨਾਲ ਹੀ ਤਿੰਨਾਂ ਦੇਸ਼ਾਂ ਵਿਚਕਾਰ ਅਰਲੀ ਵਾਰਨਿੰਗ ਸਿਸਟਮ ਨੂੰ ਮਜ਼ਬੂਤ ਕੀਤਾ ਜਾਵੇਗਾ, ਤਾਂ ਜੋ ਹੜ੍ਹ ਜਾਂ ਹੋਰ ਆਫ਼ਤਾਂ ਬਾਰੇ ਪਹਿਲਾਂ ਹੀ ਜਾਣਕਾਰੀ ਮਿਲ ਸਕੇ।
ਜਦੋਂ ਕੋਈ ਵੱਡੀ ਕੁਦਰਤੀ ਆਫ਼ਤ ਆਵੇ ਤਾਂ ਤਿੰਨੇ ਦੇਸ਼ ਸਰਹੱਦ ਦੇ ਦੋਵੇਂ ਪਾਸਿਆਂ ‘ਤੇ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਸਹਿਯੋਗ ਕਰਨ। ਸ਼ਾਹ ਦਾ ਕਹਿਣਾ ਸੀ ਕਿ ਹਿਮਾਲਿਆ ਨੂੰ ਵੱਖ-ਵੱਖ ਦੇਸ਼ਾਂ ਵਿਚਕਾਰ ਵੰਡੀ ਹੋਈ ਜਾਣਕਾਰੀ ਦਾ ਖੇਤਰ ਬਣਾਉਣ ਦੀ ਬਜਾਏ ਅੰਤਰਰਾਸ਼ਟਰੀ ਸਹਿਯੋਗ ਵਾਲੀ ਲੈਬ ਬਣਾਇਆ ਜਾਣਾ ਚਾਹੀਦਾ ਹੈ।
ਪਹਾੜਾਂ ਦੀਆਂ ਢਲਾਣਾਂ ਹੋ ਰਹੀਆਂ ਕਮਜ਼ੋਰ: ਸ਼ਾਹ
ਨੇਪਾਲ ਦੇ ਪ੍ਰਧਾਨ ਮੰਤਰੀ ਨੇ ਪੈਰਮਾਫ੍ਰੌਸਟ (ਲੰਬੇ ਸਮੇਂ ਤੋਂ ਜੰਮੀ ਜ਼ਮੀਨ ਦੀ ਬਰਫ਼) ਦੇ ਪਿਘਲਣ ਦੇ ਖ਼ਤਰੇ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਕਿ ਇਸ ਕਾਰਨ ਗਲੇਸ਼ੀਅਰਾਂ ਦੇ ਹੇਠਾਂ ਪਹਾੜਾਂ ਦੀਆਂ ਢਲਾਣਾਂ ਕਮਜ਼ੋਰ ਹੋ ਰਹੀਆਂ ਹਨ। ਇਸ ਨਾਲ ਬਰਫ਼ ਅਤੇ ਚੱਟਾਨਾਂ ਦੇ ਖਿਸਕਣ, ਹੜ੍ਹ, ਭੂਸਖਲਨ ਅਤੇ ਹੋਰ ਸਬੰਧਤ ਆਫ਼ਤਾਂ ਦਾ ਖ਼ਤਰਾ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਦੀਆਂ ਘਟਨਾਵਾਂ ਕਾਰਨ ਨੇਪਾਲ-ਚੀਨ ਸਰਹੱਦ ਦੇ ਦੋਵੇਂ ਪਾਸਿਆਂ ਭਾਰੀ ਤਬਾਹੀ ਹੋਈ ਅਤੇ ਹੜ੍ਹ ਦਾ ਪਾਣੀ ਵਧਦਾ ਹੋਇਆ ਭਾਰਤ ਤੱਕ ਪਹੁੰਚ ਗਿਆ।
