ਆਈਐਮਐਫ ਦੇ ਵੱਡੇ ਬੇਲਆਊਟ ਪੈਕੇਜ ਦੇ ਬਦਲੇ ਪਾਕਿਸਤਾਨ ਵਿੱਚ ਟੈਕਸ ਵਧਾਉਣ ਦੀ ਤਿਆਰੀ
ਆਈਐਮਐਫ ਵੱਲੋਂ ਪਾਕਿਸਤਾਨ ਨੂੰ ਮੁਲਕ ਵਿੱਚ ਨਵੇਂ ਟੈਕਸ ਲਗਾਉਣ ਸਮੇਤ ਕੁਝ ਹੋਰ ਸਖਤ ਕਦਮ ਚੁੱਕੇ ਜਾਣ ਦੀ ਹਦਾਇਤ ਦਿੱਤੀ ਗਈ ਸੀ। ਜਿਸ ਤੋਂ ਪਾਕਿਸਤਾਨ ਦੋਵਾਂ ਦੀ ਮੁਲਾਕਾਤ ਬੇ-ਨਤੀਜਾ ਖ਼ਤਮ ਹੋਈ ਸੀ।
ਇਸਲਾਮਾਬਾਦ: ਇੰਟਰਨੈਸ਼ਨਲ ਮਾਨੀਟਰੀ ਫੰਡ- ਆਈਐਮਐਫ ਤੋਂ ਮਿਲਣ ਵਾਲੇ ਬੇਹੱਦ ਜ਼ਰੂਰੀ 1.1 ਬਿਲੀਅਨ ਅਮਰੀਕੀ ਡਾਲਰ ਦੇ ਕਰਜ਼ ਦੀ ਪਹਿਲੀ ਕਿਸ਼ਤ ਨੂੰ ਬੇਸਬਰੀ ਨਾਲ ਉਡੀਕਦੇ ਪਾਕਿਸਤਾਨ ਵਿੱਚ ਇਸ ਮਹੀਨੇ ਟੈਕਸ ਵਧਾਉਣ ਦੀ ਤਿਆਰੀ ਹੈ। ਇਸ ਦੇ ਨਾਲ ਹੀ ਉੱਥੇ ਦੇ ਵਿੱਤ ਮਾਹਿਰਾਂ ਵੱਲੋਂ ਮੁਲਕ ਵਿੱਚ ਮਹਿੰਗਾਈ ਬੇਤਹਾਸ਼ਾ ਵੱਧ ਜਾਣ ਦਾ ਵੀ ਅੰਦੇਸ਼ਾ ਜਤਾਇਆ ਜਾ ਰਿਹਾ ਹੈ।
ਸ਼ਰਤਾਂ ਨੂੰ ਪੂਰਾ ਕਰਨ ਵਿੱਚ ਨਾਕਾਮ ਪਾਕਿਸਤਾਨ
ਦੱਸ ਦਈਏ ਕਿ ਆਈਐਸਐਫ ਵੱਲੋਂ ਸਾਲ 2019 ਵਿੱਚ ਪਾਕਿਸਤਾਨ ਨਾਲ 6 ਬਿਲੀਅਨ ਅਮਰੀਕੀ ਡਾਲਰ ਦੇ ਕਰਜ਼ ਦਾ ਕਰਾਰ ਕੀਤਾ ਗਿਆ ਸੀ, ਜਿਸ ਦੇ ਵਿਚੋਂ ਪਾਕਿਸਤਾਨ ਨੂੰ 1.1 ਬਿਲੀਅਨ ਅਮਰੀਕੀ ਡਾਲਰ ਦੇ ਕਰਜ਼ ਦੀ ਪਹਿਲੀ ਕਿਸ਼ਤ ਪਿਛਲੇ ਦਸੰਬਰ ਤੋਂ ਇਸ ਲਈ ਰੋਕੀ ਗਈ ਹੈ ਕਿ ਪਾਕਿਸਤਾਨ ਉਸਦੀਆਂ ਸ਼ਰਤਾਂ ਨੂੰ ਪੂਰਾ ਕਰਨ ਵਿੱਚ ਨਾਕਾਮ ਰਿਹਾ। ਇਸ ਮਸਲੇ ਨੂੰ ਲੈ ਕੇ ਆਈਐਸਐਫ ਪ੍ਰਤਿਨਿਧਿਮੰਡਲ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਬੀਤੇ ਸ਼ੁੱਕਰਵਾਰ ਬੇ-ਨਤੀਜਾ ਖ਼ਤਮ ਹੋਈ ਸੀ, ਜਦੋਂ ਆਈਐਮਐਫ ਵੱਲੋਂ ਪਾਕਿਸਤਾਨ ਸਰਕਾਰ ਨੂੰ ਮੁਲਕ ਵਿੱਚ ਨਵੇਂ ਟੈਕਸ ਲਗਾਉਣ ਸਮੇਤ ਕੁਝ ਹੋਰ ਸਖਤ ਕਦਮ ਚੁੱਕੇ ਜਾਣ ਦੀ ਹਦਾਇਤ ਦਿੱਤੀ ਗਈ ਸੀ।
ਫਜ਼ੀਹਤ ਦਾ ਸਬੱਬ ਬਣੀ ਬੇ-ਨਤੀਜਾ ਬੈਠਕ
ਆਈਐਮਐਫ ਦੇ ਨਾਲ ਪਾਕਿਸਤਾਨੀ ਅਧਿਕਾਰੀਆਂ ਦੀ ਬੇ-ਨਤੀਜਾ ਬੈਠਕ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਲਈ ਵੀ ਫਜ਼ੀਹਤ ਦਾ ਇੱਕ ਵੱਡਾ ਸਬੱਬ ਬਣੀ ਹੈ, ਜੋ ਮੁਲਕ ਵਿੱਚ ਵੱਧਦੀ ਮਹਿੰਗਾਈ ਨੂੰ ਕਾਬੂ ‘ਚ ਲਿਆਉਣ ਲਈ ਸਭ ਕੁਝ ਕਰਨ ਨੂੰ ਤਿਆਰ ਹਨ, ਪਰ ਬਜ਼ਾਰ ਚੋਂ ਆਟਾ ਅਤੇ ਮੁਲਕ ਚੋਂ ਬਿਜਲੀ ਗਾਇਬ ਹੋਣ ਮਗਰੋਂ ਬਾਸ਼ਿੰਦਿਆਂ ਦਾ ਉੱਥੇ ਜੀਣਾ ਮੁਹਾਲ ਹੋਇਆ ਪਿਆ ਹੈ। ਉੱਤੋਂ, ਪਾਕਿਸਤਾਨ ਵਿੱਚ ਆਏ ਦਿਨ ਕੀਤੇ ਜਾਂਦੇ ਬੰਬ ਧਮਾਕਿਆਂ ਨੇ ਵੀ ਲੋਕਾਂ ਦਾ ਜੀਣਾ ਦੁਸ਼ਵਾਰ ਕੀਤਾ ਹੋਇਆ ਹੈ।
ਹੜ੍ਹਾਂ ਚ ਗਈਆਂ ਸਨ 1,739 ਜਾਨਾਂ
ਸੂਰਤ-ਏ-ਹਾਲ ਅਜਿਹੇ ਬਣ ਗਏ ਹਨ ਕਿ ਸ਼ਹਿਰ ਕਰਾਚੀ ਵਿੱਚ ਦੁੱਧ 210 ਰੁਪਏ ਲੀਟਰ ਵਿੱਕ ਰਿਹਾ ਹੈ। ਪਿਛਲੇ ਸਾਲ ਪਾਕਿਸਤਾਨ ‘ਚ ਗਰਮੀਆਂ ਵਿੱਚ ਆਏ ਹੜ੍ਹਾਂ ਨੇ 1,739 ਲੋਕਾਂ ਦੀ ਜਾਨ ਲੈ ਲਈ ਸੀ ਅਤੇ 20 ਲੱਖ ਘਰ ਤਬਾਹ ਹੋ ਗਏ ਸਨ।