ਪਾਕਿਸਤਾਨ ਭਾਰਤ ਨਾਲ ਸ਼ਾਂਤੀ ਵਾਰਤਾ ਲਈ ਤਿਆਰ: ਸ਼ਾਹਬਾਜ਼ ਸ਼ਰੀਫ

tv9-punjabi
Updated On: 

16 May 2025 07:15 AM

ਸ਼ਾਹਬਾਜ਼ ਸ਼ਰੀਫ ਨੇ ਬੁੱਧਵਾਰ ਨੂੰ ਭਾਰਤ ਨੂੰ ਕਸ਼ਮੀਰ ਵਿਵਾਦ ਅਤੇ ਪਾਣੀ ਦੀ ਵੰਡ ਸਮੇਤ ਦੁਵੱਲੇ ਮੁੱਦਿਆਂ ਨੂੰ ਹੱਲ ਕਰਨ ਲਈ ਇੱਕ ਵਿਆਪਕ ਗੱਲਬਾਤ ਲਈ ਸੱਦਾ ਦਿੱਤਾ। ਇਸ ਦੌਰਾਨ, ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਵੀਰਵਾਰ ਨੂੰ ਸਪੱਸ਼ਟ ਕੀਤਾ ਕਿ ਗੱਲਬਾਤ ਤਾਂ ਹੀ ਹੋਵੇਗੀ ਜੇਕਰ ਪਾਕਿਸਤਾਨ ਆਪਣੇ ਦੇਸ਼ ਵਿੱਚ ਵਧ ਰਹੇ ਅੱਤਵਾਦੀ ਢਾਂਚੇ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵੇਗਾ।

ਪਾਕਿਸਤਾਨ ਭਾਰਤ ਨਾਲ ਸ਼ਾਂਤੀ ਵਾਰਤਾ ਲਈ ਤਿਆਰ: ਸ਼ਾਹਬਾਜ਼ ਸ਼ਰੀਫ
Follow Us On

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਵੀਰਵਾਰ ਨੂੰ ਕਿਹਾ ਕਿ ਉਹ ਭਾਰਤ ਨਾਲ ਸ਼ਾਂਤੀ ਗੱਲਬਾਤ ਕਰਨ ਲਈ ਤਿਆਰ ਹਨ, ਇਹ ਗੱਲ ਆਪ੍ਰੇਸ਼ਨ ਸਿੰਦੂਰ ਦੌਰਾਨ ਦੋ ਦੇਸ਼ਾਂ ਵਿਚਕਾਰ ਹੋਏ ਵਿਵਾਦ ਤੋਂ ਕੁਝ ਦਿਨ ਬਾਅਦ ਕਹੀ ਗਈ ਹੈ।

ਇਸ ਤੋਂ ਪਹਿਲਾਂ ਬੁੱਧਵਾਰ ਨੂੰ, ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਭਾਰਤ ਨੂੰ ਕਸ਼ਮੀਰ ਵਿਵਾਦ ਅਤੇ ਪਾਣੀ ਦੀ ਵੰਡ ਸਮੇਤ ਦੁਵੱਲੇ ਮੁੱਦਿਆਂ ਨੂੰ ਹੱਲ ਕਰਨ ਲਈ ਇੱਕ ਵਿਆਪਕ ਗੱਲਬਾਤ ਲਈ ਸੱਦਾ ਦਿੱਤਾ ਸੀ।

ਪਾਕਿਸਤਾਨੀ ਪ੍ਰਧਾਨ ਮੰਤਰੀ ਦੀਆਂ ਤਾਜ਼ਾ ਟਿੱਪਣੀਆਂ ਉਦੋਂ ਆਈਆਂ ਹਨ ਜਦੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਹੁਣ 18 ਮਈ ਤੱਕ ਵਧਾ ਦਿੱਤੀ ਗਈ ਹੈ। ਉਪ ਪ੍ਰਧਾਨ ਮੰਤਰੀ (ਡੀਪੀਐਮ) ਇਸਹਾਕ ਡਾਰ ਨੇ ਵੀਰਵਾਰ ਨੂੰ ਕਿਹਾ ਕਿ ਪਾਕਿਸਤਾਨ ਅਤੇ ਭਾਰਤ ਦੇ ਡਾਇਰੈਕਟਰ ਜਨਰਲ ਆਫ਼ ਮਿਲਟਰੀ ਆਪ੍ਰੇਸ਼ਨਜ਼ (ਡੀਜੀਐਮਓਜ਼) ਨੇ ਜੰਗਬੰਦੀ ‘ਤੇ ਚਰਚਾ ਕਰਨ ਲਈ ਇੱਕ ਹੌਟਲਾਈਨ ‘ਤੇ ਗੱਲ ਕੀਤੀ ਅਤੇ ਇਸਨੂੰ 18 ਮਈ ਤੱਕ ਵਧਾ ਦਿੱਤਾ ਗਿਆ ਹੈ।

ਇਸ ਦੌਰਾਨ, ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਵੀਰਵਾਰ ਨੂੰ ਸਪੱਸ਼ਟ ਕੀਤਾ ਕਿ ਗੱਲਬਾਤ ਤਾਂ ਹੀ ਹੋਵੇਗੀ ਜੇਕਰ ਪਾਕਿਸਤਾਨ ਆਪਣੇ ਦੇਸ਼ ਵਿੱਚ ਵਧ ਰਹੇ ਅੱਤਵਾਦੀ ਢਾਂਚੇ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵੇਗਾ। ਉਨ੍ਹਾਂ ਕਿਹਾ, “ਪਾਕਿਸਤਾਨ ਜਾਣਦਾ ਹੈ ਕਿ ਕੀ ਕਰਨਾ ਹੈ। ਸਾਡੇ ਕੋਲ ਅੱਤਵਾਦੀਆਂ ਦੀ ਇੱਕ ਸੂਚੀ ਹੈ ਜਿਸ ਨੂੰ ਸੌਂਪਣਾ ਹੈ। ਜਿੰਨਾ ਚਿਰ ਅੱਤਵਾਦ ਦਾ ਨਾਲਾ ਵਗਦਾ ਰਹੇਗਾ, ਕੋਈ ਗੱਲਬਾਤ ਨਹੀਂ ਹੋਵੇਗੀ।” ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ 1960 ਦੀ ਸਿੰਧੂ ਜਲ ਸੰਧੀ ਵੀ ਉਦੋਂ ਤੱਕ ਠੰਢੇ ਬਸਤੇ ਵਿੱਚ ਰਹੇਗੀ ਜਦੋਂ ਤੱਕ ਪਾਕਿਸਤਾਨ ਵਿੱਚੋਂ ਅੱਤਵਾਦ ਦਾ ਪੂਰੀ ਤਰ੍ਹਾਂ ਖਾਤਮਾ ਨਹੀਂ ਹੋ ਜਾਂਦਾ।

ਭਾਰਤ ਅਤੇ ਪਾਕਿਸਤਾਨ ਨੇ ਚਾਰ ਦਿਨਾਂ ਦੇ ਤੀਬਰ ਸਰਹੱਦ ਪਾਰ ਡਰੋਨ ਅਤੇ ਮਿਜ਼ਾਈਲ ਹਮਲਿਆਂ ਤੋਂ ਬਾਅਦ 10 ਮਈ ਨੂੰ ਟਕਰਾਅ ਨੂੰ ਖਤਮ ਕਰਨ ਲਈ ਇੱਕ ਸਮਝੌਤਾ ਕੀਤਾ।

ਪਹਿਲਗਾਮ ਦੇ ਵਿੱਚ ਹੋਏ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਭਾਰਤ ਨੇ 7 ​​ਮਈ ਨੂੰ ਸਵੇਰੇ ਅੱਤਵਾਦੀ ਢਾਂਚੇ ‘ਤੇ ‘ਆਪ੍ਰੇਸ਼ਨ ਸਿੰਦੂਰ’ ਦੇ ਤਹਿਤ ਸਟੀਕ ਹਮਲੇ ਕੀਤੇ ਸਨ। ਪਹਿਲਗਾਮ ਅੱਤਵਾਦੀ ਹਮਲੇ ਦੇ ਵਿੱਚ ਨਿਰਦੋਸ਼ 26 ਲੋਕ ਮਾਰੇ ਗਏ ਸਨ। ਭਾਰਤੀ ਕਾਰਵਾਈ ਤੋਂ ਬਾਅਦ, ਪਾਕਿਸਤਾਨ ਨੇ 8, 9 ਅਤੇ 10 ਮਈ ਨੂੰ ਭਾਰਤੀ ਫੌਜੀ ਠਿਕਾਣਿਆਂ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਭਾਰਤੀ ਫੌਜਾਂ ਨੇ ਕਈ ਪਾਕਿਸਤਾਨੀ ਫੌਜੀ ਠਿਕਾਣਿਆਂ ‘ਤੇ ਭਿਆਨਕ ਜਵਾਬੀ ਹਮਲਾ ਕੀਤਾ।