ਇਜ਼ਰਾਈਲ ਦੀ ਬੰਬਾਰੀ ‘ਚ ਹੁਣ ਤੱਕ ਗਾਜ਼ਾ ਸ਼ਹਿਰ ‘ਚ 9 ਹਜ਼ਾਰ ਲੋਕਾਂ ਦੀ ਹੋਈ ਮੌਤ, 3500 ਬੱਚੇ ਵੀ ਸ਼ਾਮਿਲ
ਹਮਾਸ ਨਾਲ ਜੰਗ ਵਿੱਚ ਇਜ਼ਰਾਇਲੀ ਫੌਜ ਸਿੱਧੇ ਤੌਰ 'ਤੇ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ, ਇਜ਼ਰਾਈਲ ਸ਼ਰਨਾਰਥੀ ਕੈਂਪਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ, ਜਿੱਥੇ ਉਹ ਕਥਿਤ ਤੌਰ 'ਤੇ ਹਮਾਸ ਲੜਾਕਿਆਂ ਦੇ ਹਮਲੇ ਦੀ ਆੜ ਵਿੱਚ ਨਾਗਰਿਕਾਂ 'ਤੇ ਬੰਬਾਰੀ ਕਰ ਰਿਹਾ ਹੈ। ਜੰਗਾਂ ਵਿੱਚ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣਾ ਜੰਗੀ ਅਪਰਾਧ ਮੰਨਿਆ ਜਾਂਦਾ ਹੈ।
World News: ਇਜ਼ਰਾਈਲ ਅਤੇ ਹਮਾਸ ਵਿਚਾਲੇ ਹੋਈ ਜੰਗ ਵਿੱਚ ਗਾਜ਼ਾ ਸ਼ਹਿਰ (Gaza City) ਤਬਾਹ ਹੋ ਗਿਆ ਹੈ। ਸਕੂਲਾਂ ਤੋਂ ਲੈ ਕੇ ਹਸਪਤਾਲਾਂ ਤੱਕ, ਧਾਰਮਿਕ ਸਥਾਨਾਂ ਤੱਕ ਹਜ਼ਾਰਾਂ ਘਰ ਢਹਿ-ਢੇਰੀ ਹੋ ਗਏ ਹਨ। ਫੌਜ ਉੱਤਰ ਤੋਂ ਦੱਖਣ ਤੱਕ ਭਾਰੀ ਬੰਬਾਰੀ ਕਰ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਗਾਜ਼ਾ ਦੇ ਸ਼ਰਨਾਰਥੀ ਕੈਂਪ ਇਜ਼ਰਾਇਲੀ ਫੌਜ ਦੇ ਨਿਸ਼ਾਨੇ ‘ਤੇ ਹਨ। ਮੱਧ ਗਾਜ਼ਾ ‘ਚ ਇਕ ਵਾਰ ਫਿਰ ਸ਼ਰਨਾਰਥੀ ਕੈਂਪ ‘ਤੇ ਹਮਲਾ ਹੋਇਆ ਹੈ, ਜਿਸ ‘ਚ 15 ਲੋਕਾਂ ਦੀ ਮੌਤ ਹੋ ਗਈ ਹੈ। ਹੈਰਾਨੀ ਦੀ ਗੱਲ ਹੈ ਕਿ 75 ਸਾਲ ਪਹਿਲਾਂ ਬੇਘਰ ਹੋਏ ਉਹੀ ਲੋਕ ਇਨ੍ਹਾਂ ਸ਼ਰਨਾਰਥੀ ਕੈਂਪਾਂ ਵਿਚ ਰਹਿ ਰਹੇ ਹਨ।
ਇਜ਼ਰਾਇਲੀ ਫੌਜ (Israeli army) ਦਾ ਦਾਅਵਾ ਹੈ ਕਿ ਉਹ ਆਪਣੇ ਹਮਲਿਆਂ ‘ਚ ਖਾਸ ਤੌਰ ‘ਤੇ ਹਮਾਸ ਕਮਾਂਡਰਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਹਮਾਸ ਦੇ ਲੜਾਕਿਆਂ ਦੀ ਆੜ ਵਿੱਚ ਕੀਤੀ ਗਈ ਬੰਬਾਰੀ ਵਿੱਚ 3500 ਤੋਂ ਵੱਧ ਬੱਚਿਆਂ ਦੀ ਜਾਨ ਚਲੀ ਗਈ ਅਤੇ ਹਜ਼ਾਰਾਂ ਔਰਤਾਂ ਦੀ ਮੌਤ ਹੋ ਗਈ। ਵੀਰਵਾਰ ਤੱਕ, ਗਾਜ਼ਾ ਸ਼ਹਿਰ ਵਿੱਚ 9,000 ਫਲਸਤੀਨੀ ਮਾਰੇ ਗਏ ਹਨ। ਬੰਬਾਰੀ ਕਾਰਨ ਸ਼ਹਿਰ ਦੀ 23 ਲੱਖ ਆਬਾਦੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ।
ਇਜ਼ਰਾਇਲੀ ਫੌਜ ਗਾਜ਼ਾ ‘ਚ ਕਰ ਰਹੀ ਜ਼ਮੀਨੀ ਕਾਰਵਾਈ
ਇਜ਼ਰਾਇਲੀ ਫੌਜ ਗਾਜ਼ਾ ‘ਚ ਜ਼ਮੀਨੀ ਕਾਰਵਾਈ ਕਰ ਰਹੀ ਹੈ ਅਤੇ ਹੁਣ ਤੱਕ ਪੂਰੇ ਸ਼ਹਿਰ ‘ਚ ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ਸਮੇਤ 9000 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਕੇਂਦਰੀ ਗਾਜ਼ਾ ਵਿੱਚ ਬੁਰੀਜ ਸ਼ਰਨਾਰਥੀ ਕੈਂਪ, ਜੋ ਸ਼ਹਿਰ ਦੇ ਹੋਰ ਕੈਂਪਾਂ ਨਾਲੋਂ ਛੋਟਾ ਹੈ, ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਹ ਤੀਜੀ ਵਾਰ ਹੈ ਜਦੋਂ ਇਜ਼ਰਾਈਲੀ ਫੌਜ ਨੇ ਕਿਸੇ ਸ਼ਰਨਾਰਥੀ ਕੈਂਪ (Refugee camp) ਨੂੰ ਨਿਸ਼ਾਨਾ ਬਣਾਇਆ ਹੈ। ਹਮਲੇ ਕਾਰਨ ਕਈ ਘਰ ਤਬਾਹ ਹੋ ਗਏ ਅਤੇ ਵੱਡੀ ਗਿਣਤੀ ਵਿੱਚ ਲੋਕ ਮਲਬੇ ਹੇਠਾਂ ਦੱਬ ਗਏ।
ਸ਼ਰਨਾਰਥੀ ਕੈਂਪਾਂ ‘ਤੇ ਹਮਲੇ ਤੇਜ਼
ਬੁਰਿਜ ਕੈਂਪ ਸੰਯੁਕਤ ਰਾਸ਼ਟਰ ਰਾਹਤ ਅਤੇ ਕਾਰਜ ਏਜੰਸੀ ਫ਼ਿਲਸਤੀਨ ਸ਼ਰਨਾਰਥੀ (UNRWA) ਦੇ ਅਧੀਨ ਲਗਭਗ 46,000 ਰਜਿਸਟਰਡ ਫਲਸਤੀਨੀ ਸ਼ਰਨਾਰਥੀਆਂ ਦਾ ਘਰ ਹੈ। ਪਿਛਲੇ ਕੁਝ ਦਿਨਾਂ ਵਿੱਚ, ਇਜ਼ਰਾਈਲ ਨੇ ਸ਼ਰਨਾਰਥੀ ਕੈਂਪਾਂ ‘ਤੇ ਆਪਣੇ ਹਮਲੇ ਤੇਜ਼ ਕਰ ਦਿੱਤੇ ਹਨ, ਜੋ ਗਾਜ਼ਾ ਦੇ ਅੰਦਰ ਸੰਘਣੀ ਆਬਾਦੀ ਵਾਲੇ ਖੇਤਰ ਹਨ।
ਫਲਸਤੀਨੀਆਂ ਤੱਕ ਪਹੰਚ ਰਹੀ ਸਹਾਇਤਾ ਸਮੱਗਰੀ
ਸੰਯੁਕਤ ਰਾਸ਼ਟਰ ਦੇ ਕੈਂਪਾਂ ਅਤੇ ਯਤਨਾਂ ਦੇ ਬਾਵਜੂਦ, ਫਲਸਤੀਨੀਆਂ ਤੱਕ ਸਿਰਫ ਕੁਝ ਕੁ ਸਹਾਇਤਾ ਸਮੱਗਰੀ ਪਹੁੰਚ ਰਹੀ ਹੈ। ਉਨ੍ਹਾਂ ਕੋਲ ਪੀਣ ਵਾਲਾ ਸਾਫ਼ ਪਾਣੀ ਵੀ ਨਹੀਂ ਹੈ। ਔਰਤਾਂ ਨੂੰ ਪੀਰੀਅਡ ਦੀ ਸਮੱਸਿਆ ਲਈ ਦਵਾਈਆਂ ਲੈਣੀਆਂ ਪੈਂਦੀਆਂ ਹਨ, ਗਰਭਵਤੀ ਔਰਤਾਂ ਦਾ ਹਸਪਤਾਲ ‘ਚ ਸਹੀ ਇਲਾਜ ਨਹੀਂ ਹੋ ਰਿਹਾ। ਬਿਜਲੀ ਬੰਦ ਹੋਣ ਕਾਰਨ ਹਸਪਤਾਲਾਂ ਵਿੱਚ ਸਿਹਤ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਜੰਗ ਦੌਰਾਨ ਨਾਗਰਿਕਾਂ ‘ਤੇ ਸਿੱਧਾ ਹਮਲਾ ਕਰਨਾ ਜਾਂ ਨਿਸ਼ਾਨਾ ਬਣਾਉਣਾ ਜੰਗੀ ਅਪਰਾਧ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ
ਗਾਜ਼ਾ ਦੇ ਲੋਕਾਂ ਨੇ ‘ਨਸਲਕੁਸ਼ੀ-ਨਸਲਕੁਸ਼ੀ’ ਦੇ ਨਾਅਰੇ ਲਗਾਏ
ਫਲਸਤੀਨੀ ਅਧਿਕਾਰੀਆਂ ਮੁਤਾਬਕ ਬੁਰੀਜ ਕੈਂਪ ‘ਤੇ ਹਮਲੇ ਤੋਂ ਇਲਾਵਾ ਇਜ਼ਰਾਈਲ ਨੇ ਜਬਲੀਆ ਕੈਂਪ ‘ਤੇ ਵੀ ਲਗਾਤਾਰ ਤਿੰਨ ਦਿਨ ਹਮਲਾ ਕੀਤਾ, ਜਿਸ ‘ਚ 195 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 120 ਲਾਪਤਾ ਦੱਸੇ ਜਾ ਰਹੇ ਹਨ। ਸ਼ਾਇਦ ਉਹ ਢਹਿ ਢੇਰੀ ਹੋਏ ਮਕਾਨਾਂ ਦੇ ਮਲਬੇ ਹੇਠ ਦੱਬੇ ਹੋਏ ਹਨ। ਬੁਰੀਜ ਨਿਵਾਸੀਆਂ ਨੇ ਗੁੱਸੇ ਅਤੇ ਦੁੱਖ ਵਿੱਚ “ਨਸਲਕੁਸ਼ੀ, ਨਸਲਕੁਸ਼ੀ” ਦੇ ਨਾਅਰੇ ਲਗਾਏ।