Nepal Flash Floods: ਹੜ੍ਹ ‘ਚ ਹਲੇ ਤੱਕ 359 ਲੋਕਾਂ ਦੀ ਮੌਤ, 1500 ਤੋਂ ਵੱਧ ਲਾਪਤਾ; 80 ਪੁਲ ਰੁੜ੍ਹੇ
Nepal Flash Floods: ਨੇਪਾਲ ਦੇ ਰਸੁਵਾ ਖੇਤਰ ਅਧੀਨ ਪੈਂਦੀ ਭੋਟੇਕੋਸ਼ੀ ਨਦੀ ਵਿੱਚ ਆਏ ਭਿਆਨਕ ਹੜ੍ਹ ਨੇ ਵੱਡੇ ਪੱਧਰ ਤੇ ਭਾਰੀ ਤਬਾਹੀ ਮਚਾਈ ਹੈ। ਅਚਾਨਕ ਆਏ ਇਸ ਵਿਨਾਸ਼ਕਾਰੀ ਫਲੈਸ਼ ਫਲੱਡ ਕਾਰਨ ਹੁਣ ਤੱਕ ਕਰੀਬ 359 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 1500 ਤੋਂ ਵੱਧ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਹੜ੍ਹ ਦੇ ਤੇਜ਼ ਵਹਾਅ ਕਾਰਨ ਕਈ ਖੇਤਰਾਂ ਦਾ ਆਵਾਜਾਈ ਪ੍ਰਬੰਧ ਅਤੇ ਸੰਪਰਕ ਢਾਂਚਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ।
ਨੇਪਾਲ ਦੇ ਰਸੁਵਾ ਖੇਤਰ ਅਧੀਨ ਪੈਂਦੀ ਭੋਟੇਕੋਸ਼ੀ ਨਦੀ ਵਿੱਚ ਆਏ ਭਿਆਨਕ ਹੜ੍ਹ ਨੇ ਵੱਡੇ ਪੱਧਰ ਤੇ ਭਾਰੀ ਤਬਾਹੀ ਮਚਾਈ ਹੈ। ਅਚਾਨਕ ਆਏ ਇਸ ਵਿਨਾਸ਼ਕਾਰੀ ਫਲੈਸ਼ ਫਲੱਡ ਕਾਰਨ ਹੁਣ ਤੱਕ ਕਰੀਬ 359 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 1500 ਤੋਂ ਵੱਧ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਹੜ੍ਹ ਦੇ ਤੇਜ਼ ਵਹਾਅ ਕਾਰਨ ਕਈ ਖੇਤਰਾਂ ਦਾ ਆਵਾਜਾਈ ਪ੍ਰਬੰਧ ਅਤੇ ਸੰਪਰਕ ਢਾਂਚਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ। ਸਰਕਾਰੀ ਅੰਕੜਿਆਂ ਮੁਤਾਬਕ 35 ਪੱਕੇ ਪੁਲ ਅਤੇ 45 ਝੂਲਾ ਪੁਲ ਪਾਣੀ ਵਿੱਚ ਰੁੜ੍ਹ ਗਏ ਹਨ, ਜਿਸ ਕਾਰਨ ਕਈ ਇਲਾਕਿਆਂ ਦਾ ਦੂਜੇ ਸ਼ਹਿਰਾਂ ਨਾਲੋਂ ਸੰਪਰਕ ਕੱਟਿਆ ਗਿਆ ਹੈ।
ਇਸ ਕੁਦਰਤੀ ਆਫ਼ਤ ਦੌਰਾਨ 13 ਹਾਈਡ੍ਰੋਪਾਵਰ ਪ੍ਰੋਜੈਕਟਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਅਤੇ ਕਈ ਵਾਹਨ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਏ। ਨੇਪਾਲੀ ਫ਼ੌਜ ਵੱਲੋਂ ਚਲਾਏ ਗਏ ਬਚਾਅ ਕਾਰਜਾਂ ਦੌਰਾਨ ਪ੍ਰਭਾਵਿਤ ਇਲਾਕਿਆਂ ਵਿੱਚੋਂ 250 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਲਾਪਤਾ ਲੋਕਾਂ ਵਿੱਚ ਕਈ ਭਾਰਤੀ ਨਾਗਰਿਕ ਵੀ ਸ਼ਾਮਲ ਹਨ।
ਯੂਪੀ ਤੇ ਬਿਹਾਰ ਵਿੱਚ ਪ੍ਰਸ਼ਾਸਨ ਹਾਈ ਅਲਰਟ
ਨੇਪਾਲ ਵਿੱਚ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਸਰਹੱਦ ਨਾਲ ਲੱਗਦੇ ਭਾਰਤੀ ਸੂਬਿਆਂ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਵੀ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੋ ਗਿਆ ਹੈ। ਗੰਡਕ, ਨਾਰਾਇਣੀ ਅਤੇ ਕੋਸੀ ਨਦੀ ਦੇ ਵਧ ਰਹੇ ਪਾਣੀ ਦੇ ਪੱਧਰ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਯੂਪੀ ਦੇ ਮਹਾਰਾਜਗੰਜ ਅਤੇ ਕੁਸ਼ੀਨਗਰ ਸਮੇਤ ਬਿਹਾਰ ਦੇ ਹੜ੍ਹ ਸੰਵੇਦਨਸ਼ੀਲ ਇਲਾਕਿਆਂ ਵਿੱਚ ਪ੍ਰਸ਼ਾਸਨ ਨੂੰ ਚੌਕਸੀ ਵਰਤਣ ਦੇ ਆਦੇਸ਼ ਦਿੱਤੇ ਗਏ ਹਨ। ਕੇਂਦਰੀ ਗ੍ਰਹਿ ਮੰਤਰਾਲੇ ਸਮੇਤ ਕਈ ਮੰਤਰਾਲੇ ਸਥਿਤੀ ਦੀ ਲਗਾਤਾਰ ਨਿਗਰਾਨੀ ਕਰ ਰਹੇ ਹਨ ਅਤੇ ਬਿਹਾਰ ਦੇ 6 ਸਰਹੱਦੀ ਜ਼ਿਲ੍ਹਿਆਂ ਵਿੱਚ ਵਿਸ਼ੇਸ਼ ਅਲਰਟ ਜਾਰੀ ਕੀਤਾ ਗਿਆ ਹੈ।
ਪੀਐੱਮ ਮੋਦੀ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਗੱਲਬਾਤ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਨ ਸ਼ਾਹ ਨਾਲ ਫ਼ੋਨ ‘ਤੇ ਗੱਲਬਾਤ ਕਰਕੇ ਹਾਲਾਤ ਦੀ ਜਾਣਕਾਰੀ ਲਈ ਅਤੇ ਭਾਰਤ ਵੱਲੋਂ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਰਾਹੀਂ ਕਿਹਾ ਕਿ ਇਸ ਔਖੀ ਘੜੀ ਵਿੱਚ ਭਾਰਤ ਦੇ ਲੋਕ ਨੇਪਾਲ ਦੇ ਆਪਣੇ ਭੈਣ-ਭਰਾਵਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ।
ਦੂਜੇ ਪਾਸੇ, ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਨ ਸ਼ਾਹ ਨੇ ਵੀਰਵਾਰ ਸ਼ਾਮ ਸੋਸ਼ਲ ਮੀਡੀਆ ਰਾਹੀਂ ਹੜ੍ਹ ਪ੍ਰਭਾਵਿਤ ਖੇਤਰਾਂ ਦੀ ਤਾਜ਼ਾ ਸਥਿਤੀ ਅਤੇ ਰਾਹਤ ਕਾਰਜਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਨੁਵਾਕੋਟ ਪਹੁੰਚ ਕੇ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਇਲਾਕਿਆਂ ਦਾ ਜ਼ਮੀਨੀ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਪੀੜਤ ਨਾਗਰਿਕਾਂ, ਸਥਾਨਕ ਨੁਮਾਇੰਦਿਆਂ, ਸੁਰੱਖਿਆ ਬਲਾਂ, ਡਾਕਟਰਾਂ ਅਤੇ ਰਾਹਤ ਟੀਮਾਂ ਨਾਲ ਸਿੱਧੀ ਗੱਲਬਾਤ ਕੀਤੀ। ਕਾਠਮੰਡੂ ਪਰਤਣ ਉਪਰੰਤ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਥਿਤੀ ਅਜੇ ਵੀ ਕਾਫ਼ੀ ਚੁਣੌਤੀਪੂਰਨ ਬਣੀ ਹੋਈ ਹੈ ਅਤੇ ਦੇਸ਼ ਦੀਆਂ ਸਾਰੀਆਂ ਪ੍ਰਸ਼ਾਸਨਿਕ ਤੇ ਸੁਰੱਖਿਆ ਏਜੰਸੀਆਂ ਪੂਰੀ ਸਮਰੱਥਾ ਨਾਲ ਮੈਦਾਨ ਵਿੱਚ ਡਟੀਆਂ ਹੋਈਆਂ ਹਨ।
ਇਹ ਵੀ ਪੜ੍ਹੋ
84 ਭਾਰਤੀ ਨਾਗਰਿਕਾਂ ਦਾ ਸੁਰੱਖਿਅਤ ਬਚਾਅ
ਨੇਪਾਲ ਵਿੱਚ ਆਏ ਹੜ੍ਹ ਕਾਰਨ 290 ਭਾਰਤੀ ਨਾਗਰਿਕਾਂ ਨਾਲ ਫ਼ਿਲਹਾਲ ਕੋਈ ਸੰਪਰਕ ਨਹੀਂ ਹੋ ਪਾ ਰਿਹਾ ਹੈ, ਜਿਨ੍ਹਾਂ ਦੀ ਭਾਲ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ। ਦੂਜੇ ਪਾਸੇ, ਰਾਹਤ ਅਤੇ ਬਚਾਅ ਟੀਮਾਂ ਨੇ ਸਫ਼ਲ ਕਾਰਵਾਈ ਕਰਦਿਆਂ 84 ਭਾਰਤੀਆਂ ਨੂੰ ਸੁਰੱਖਿਅਤ ਬਚਾ ਲਿਆ ਹੈ। ਬਚਾਏ ਗਏ ਲੋਕਾਂ ਵਿੱਚ ਤ੍ਰਿਸ਼ੂਲੀ-1 ਪ੍ਰੋਜੈਕਟ ਵਿੱਚ ਫਸੇ 63 ਵਰਕਰ ਅਤੇ ਤਾਮਿਲਨਾਡੂ ਦੇ ਰਹਿਣ ਵਾਲੇ 21 ਨਾਗਰਿਕ ਸ਼ਾਮਲ ਹਨ। ਪ੍ਰਸ਼ਾਸਨ ਸੰਪਰਕ ਤੋਂ ਬਾਹਰ ਚੱਲ ਰਹੇ ਬਾਕੀ ਭਾਰਤੀ ਨਾਗਰਿਕਾਂ ਦੀ ਭਾਲ ਲਈ ਤੇਜ਼ੀ ਨਾਲ ਮੁਹਿੰਮ ਚਲਾ ਰਿਹਾ ਹੈ।
