ਮਨਪ੍ਰੀਤ ਮੋਨਿਕਾ ਸਿੰਘ ਨੇ ਅਮਰੀਕਾ ਵਿੱਚ ਰਚਿਆ ਇਤਿਹਾਸ
ਭਾਰਤੀ ਮੂਲ ਦੀ ਮਨਪ੍ਰੀਤ ਮੋਨਿਕਾ ਸਿੰਘ ਨੇ ਹੈਰਿਸ ਕਾਊਂਟੀ ਦੀ ਜੱਜ ਵਜੋਂ ਸਹੁੰ ਚੁੱਕੀ, ਅਮਰੀਕਾ ਦੀ ਪਹਿਲੀ ਮਹਿਲਾ ਸਿੱਖ ਜੱਜ ਬਣੀ
ਭਾਰਤੀ ਮੂਲ ਦੇ ਨਾਗਰਿਕ ਵਿਦੇਸ਼ਾਂ ਵਿੱਚ ਜਾ ਕੇ ਆਪਣੀ ਕਾਮਯਾਬੀ ਦੇ ਝੰਡੇ ਲਹਿਰਾ ਰਹੇ ਹਨ। ਅਮਰੀਕਾ ਹੋਵੇ ਜਾਂ ਨਿਊਜ਼ੀਲੈਂਡ, ਆਸਟ੍ਰੇਲੀਆ, ਕੈਨੇਡਾ ਜਾਂ ਫਿਰ ਯੂਕੇ ਇਹ ਲੋਕੀ ਹਰ ਥਾਂ ਸਫਲਤਾ ਹਾਸਿਲ ਕਰਕੇ ਦੇਸ਼ ਦਾ ਨਾਂ ਰੌਸ਼ਨ ਕਰ ਰਹੇ ਹਨ। ਅਜਿਹਾ ਹੀ ਇੱਕ ਨਾਮ ਹੈ ਮਨਪ੍ਰੀਤ ਮੋਨਿਕਾ ਸਿੰਘ ਦਾ। ਭਾਰਤੀ ਮੂਲ ਦੀ ਇਸ ਧੀ ਨੇ ਅਮਰੀਕਾ ਵਿੱਚ ਆਪਣਾ ਅਤੇ ਆਪਣੇ ਨਾਲ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਉਸ ਨੇ ਅਮਰੀਕਾ ਦੇ ਹੈਰਿਸ ਕਾਊਂਟੀ ਵਿੱਚ ਜੱਜ ਬਣ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਸੁਪਨਾ ਪੂਰਾ ਕੀਤਾ ਹੈ। ਪਿਛਲੇ ਹਫ਼ਤੇ ਹੈਰਿਸ ਕਾਉਂਟੀ ਦੇ ਜੱਜ ਵਜੋਂ ਸਹੁੰ ਚੁੱਕਦਿਆਂ ਹੀ ਉਹ ਅਜਿਹਾ ਕਰਨ ਵਾਲੀ ਅਮਰੀਕਾ ਦੀ ਪਹਿਲੀ ਸਿੱਖ ਔਰਤ ਬਣ ਗਈ ਹੈ। ਹਾਲਾਂਕਿ ਮਨਪ੍ਰੀਤ ਮੋਨਿਕਾ ਸਿੰਘ ਦਾ ਜਨਮ ਅਮਰੀਕਾ ਦੇ ਹਿਊਸਟਨ ਵਿੱਚ ਹੋਇਆ ਸੀ ਅਤੇ ਉਸਦਾ ਪਾਲਣ ਪੋਸ਼ਣ ਵੀ ਉੱਥੇ ਹੀ ਹੋਇਆ ਸੀ। ਉਹ ਵਰਤਮਾਨ ਵਿੱਚ ਆਪਣੇ ਪਰਿਵਾਰ ਨਾਲ ਬੇਲੇਅਰ ਵਿੱਚ ਰਹਿੰਦੀ ਹੈ। ਉਹ ਇਸ ਜਗ੍ਹਾ ਆਪਣੇ ਪਤੀ ਅਤੇ ਦੋ ਬੱਚਿਆਂ ਨਾਲ ਰਹਿ ਰਹੀ ਹੈ ।
ਪਿਤਾ 1970 ਵਿੱਚ ਪੰਜਾਬ ਤੋਂ ਅਮਰੀਕਾ ਆ ਗਏ
ਮਨਪ੍ਰੀਤ ਮੋਨਿਕਾ ਸਿੰਘ ਦਾ ਜਨਮ ਭਾਵੇਂ ਅਮਰੀਕਾ ਵਿੱਚ ਹੋਇਆ ਹੋਵੇ ਪਰ ਉਸ ਦੀਆਂ ਜੜ੍ਹਾਂ ਪੰਜਾਬ ਵਿੱਚ ਹੀ ਹਨ। ਇਸ ਬਾਰੇ ਗੱਲ ਕਰਦਿਆਂ ਮੋਨਿਕਾ ਨੇ ਦੱਸਿਆ ਕਿ ਉਸ ਦੇ ਪਿਤਾ 1965 ਦੇ ਇਮੀਗ੍ਰੇਸ਼ਨ ਐਕਟ ਤਹਿਤ ਗ੍ਰੀਨ ਕਾਰਡ ਜਾਰੀ ਹੋਣ ਤੋਂ ਬਾਅਦ 1970 ਦੇ ਦਹਾਕੇ ਦੇ ਸ਼ੁਰੂ ਵਿੱਚ ਅਮਰੀਕਾ ਆ ਗਏ ਸਨ। ਮੋਨਿਕਾ ਨੇ ਦੱਸਿਆ ਕਿ ਉਸ ਦੇ ਪਿਤਾ ਏਜੇ ਆਰਕੀਟੈਕਟ ਹਨ। ਮੋਨਿਕਾ ਨੇ ਕਿਹਾ ਕਿ ਉਸ ਨੂੰ ਮਾਣ ਹੈ ਕਿ ਉਸ ਨੇ ਸਮੁੱਚੇ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕਰਦਿਆਂ ਇਹ ਉਪਲਬਧੀ ਹਾਸਲ ਕੀਤੀ ਹੈ। ਮੋਨਿਕਾ ਨੇ ਪਿਛਲੇ ਸ਼ੁੱਕਰਵਾਰ ਨੂੰ ਟੈਕਸਾਸ ਵਿੱਚ ਲਾਅ ਨੰਬਰ 4 ਵਿੱਚ ਹੈਰਿਸ ਕਾਉਂਟੀ ਸਿਵਲ ਕੋਰਟ ਦੇ ਜੱਜ ਵਜੋਂ ਸਹੁੰ ਚੁੱਕੀ।
ਕਈ ਮਹੱਤਵਪੂਰਨ ਸੰਸਥਾਵਾਂ ਵਿੱਚ ਸ਼ਾਮਲ
ਮਨਪ੍ਰੀਤ ਮੋਨਿਕਾ ਸਿੰਘ ਪਿਛਲੇ ਵੀਹ ਸਾਲਾਂ ਤੋਂ ਹੇਠਲੀ ਅਦਾਲਤ ਦਾ ਵਕੀਲ ਹੈ। ਮੋਨਿਕਾ ਹਮੇਸ਼ਾ ਸਮਾਜ ਲਈ ਕੰਮ ਕਰਦੀ ਰਹੀ ਹੈ ਅਤੇ ਸਥਾਨਕ, ਰਾਜ ਅਤੇ ਰਾਸ਼ਟਰੀ ਪੱਧਰ ‘ਤੇ ਕਈ ਨਾਗਰਿਕ ਅਧਿਕਾਰ ਸੰਗਠਨਾਂ ਵਿਚ ਸ਼ਾਮਲ ਰਹੀ ਹੈ। ਦੱਸਣਯੋਗ ਹੈ ਕਿ ਅੰਕੜਿਆਂ ਅਨੁਸਾਰ ਅਮਰੀਕਾ ਵਿਚ ਲਗਪਗ ਪੰਜ ਲੱਖ ਸਿੱਖ ਰਹਿੰਦੇ ਹਨ ਅਤੇ ਇਕੱਲੇ ਹਿਊਸਟਨ ਵਿਚ ਇਨ੍ਹਾਂ ਦੀ ਗਿਣਤੀ 20 ਹਜ਼ਾਰ ਦੇ ਕਰੀਬ ਹੈ। ਮਨਪ੍ਰੀਤ ਮੋਨਿਕਾ ਸਿੰਘ ਦੇ ਸਹੁੰ ਚੁੱਕ ਸਮਾਗਮ ਦੀ ਪ੍ਰਧਾਨਗੀ ਟੈਕਸਾਸ ਦੇ ਪਹਿਲੇ ਦੱਖਣੀ ਏਸ਼ੀਆਈ ਜੱਜ ਰਵੀ ਸੰਦਿਲ ਨੇ ਕੀਤੀ।