ਪਾਕਿਸਤਾਨ ‘ਚ ਪ੍ਰਕਾਸ਼ ਪੁਰਬ ਮਨਾਉਣ ਗਏ ਭਾਰਤੀ ਸਿੱਖ ਪਰਿਵਾਰ ਤੋਂ ਲੱਖਾਂ ਦੀ ਲੁੱਟ, ਲਾਹੌਰ ‘ਚ ਪੁਲਿਸ ਦੀ ਵਰਦੀ ‘ਚ ਸਨ ਲੁਟੇਰੇ
ਬੀਤੇ ਦਿਨੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਪਾਕਿਸਤਾਨ ਗਏ ਭਾਰਤੀ ਸਿੱਖ ਪਰਿਵਾਰ ਤੋਂ ਲੱਖਾਂ ਰੁਪਏ ਦੀ ਲੁੱਟ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਇਹ ਲੁੱਟ ਪਾਕਿਸਤਾਨ ਦੇ ਪੰਜਾਬ ਦੀ ਰਾਜਧਾਨੀ ਲਾਹੌਰ ਵਿੱਚ ਹੋਈ ਹੈ। ਜਿੱਥੇ ਪੁਲਿਸ ਦੀ ਵਰਦੀ 'ਚ ਲੁਟੇਰੇ ਨੇ ਕਰੀਬ 4 ਲੱਖ ਰੁਪਏ ਦੀ ਲੁੱਟ ਕੀਤੀ ਹੈ। ਪੰਜਾਬ ਦੇ ਕਾਰਜਕਾਰੀ ਮੁੱਖ ਮੰਤਰੀ ਮੋਹਸਿਨ ਨਕਵੀ ਨੇ ਵੀ ਸਿੱਖ ਸ਼ਰਧਾਲੂ ਪਰਿਵਾਰ ਨੂੰ ਨਿਸ਼ਾਨਾ ਬਣਾ ਕੇ ਲੁੱਟ ਦੀ ਘਟਨਾ ਦਾ ਸਖ਼ਤ ਨੋਟਿਸ ਲਿਆ ਹੈ ਅਤੇ ਲਾਹੌਰ ਪੁਲਿਸ ਮੁਖੀ ਤੋਂ ਤੁਰੰਤ ਰਿਪੋਰਟ ਮੰਗੀ ਹੈ।

ਪਾਕਿਸਤਾਨ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਅਤੇ ਗੁਰਧਾਮਾਂ ਦੇ ਦਰਸ਼ਨਾਂ ਲਈ ਗਏ ਇੱਕ ਸਿੱਖ ਪਰਿਵਾਰ ਨੂੰ ਲੁੱਟ ਲਿਆ ਗਿਆ। ਲੁੱਟ ਦੀ ਇਹ ਵਾਰਦਾਤ ਪਾਕਿਸਤਾਨ ਦੇ ਪੰਜਾਬ ਦੀ ਰਾਜਧਾਨੀ ਲਾਹੌਰ ਵਿੱਚ ਹੋਈ। ਲੁਟੇਰਿਆਂ ਨੇ ਪੁਲਿਸ ਦੀ ਵਰਦੀ ਵਿੱਚ ਆ ਕੇ 2 ਲੱਖ 50 ਹਜ਼ਾਰ ਭਾਰਤੀ ਰੁਪਏ ਅਤੇ 1 ਲੱਖ 50 ਹਜ਼ਾਰ ਪਾਕਿਸਤਾਨੀ ਰੁਪਏ ਲੁੱਟ ਲਏ। ਕੁੱਲ ਮਿਲਾ ਕੇ ਕਰੀਬ 4 ਲੱਖ ਰੁਪਏ ਦੀ ਲੁੱਟ ਹੋਈ ਹੈ। ਹੈਰਾਨੀ ਦੀ ਗੱਲ ਹੈ ਕਿ ਪਰਿਵਾਰ ਦੀ ਲੁੱਟ ਸਬੰਧੀ ਐਫਆਈਆਰ ਗੁਲਬਰਗ ਥਾਣੇ ਵਿੱਚ ਦਰਜ ਕੀਤੀ ਗਈ ਸੀ ਪਰ ਲੁੱਟ ਦੀ ਧਾਰਾ ਨਹੀਂ ਜੋੜੀ ਗਈ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਧਾਮਾਂ ਦੇ ਦਰਸ਼ਨਾਂ ਲਈ ਭਾਰਤ ਤੋਂ ਸਿੱਖ ਸ਼ਰਧਾਲੂ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਲਈ ਰਵਾਨਾ ਹੋਏ ਸਨ। ਇਸ ਸਮੇਂ ਸਿੱਖ ਜਥੇ ਲਾਹੌਰ ਪਾਕਿਸਤਾਨ ਪਹੁੰਚ ਚੁੱਕੇ ਸਨ। 29 ਨਵੰਬਰ ਦੀ ਸ਼ਾਮ ਨੂੰ ਕੰਵਲਜੀਤ ਸਿੰਘ ਆਪਣੇ ਪਰਿਵਾਰ ਨਾਲ ਪਾਕਿਸਤਾਨ ਦੇ ਗੁਲਬਰਗ, ਲਾਹੌਰ ਵਿੱਚ ਖਰੀਦਦਾਰੀ ਕਰਨ ਲਈ ਲਿਬਰਟੀ ਮਾਰਕੀਟ ਪਹੁੰਚਿਆ ਸੀ।
ਨੁਕਸਾਨ ਦੀ ਭਰਪਾਈ ਕਰਨ ਦਾ ਵਾਅਦਾ
ਪੁਲਿਸ ਅਧਿਕਾਰੀ ਅਹਿਤਸ਼ਾਮ ਹੈਦਰ ਨੇ ਦੱਸਿਆ ਕਿ ਜਦੋਂ ਸਿੱਖ ਪਰਿਵਾਰ ਇੱਕ ਦੁਕਾਨ ਤੋਂ ਬਾਹਰ ਆਇਆ ਤਾਂ ਪੁਲਿਸ ਵਰਦੀ ਵਿੱਚ ਦੋ ਲੁਟੇਰਿਆਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਬੰਦੂਕ ਦੀ ਨੋਕ ਤੇ ਨਕਦੀ ਤੇ ਗਹਿਣੇ ਲੁੱਟ ਲਏ। ਲੁਟੇਰਿਆਂ ਨੇ ਸਿੱਖ ਪਰਿਵਾਰ ਦੇ ਗਹਿਣਿਆਂ ਤੋਂ ਇਲਾਵਾ 250,000 ਭਾਰਤੀ ਰੁਪਏ ਅਤੇ 150,000 ਪਾਕਿਸਤਾਨੀ ਰੁਪਏ ਲੁੱਟ ਲਏ। ਪੁਲਿਸ ਅਧਿਕਾਰੀ ਹੈਦਰ ਨੇ ਦੱਸਿਆ ਕਿ ਪੁਲਿਸ ਦੇ ਡਿਪਟੀ ਇੰਸਪੈਕਟਰ ਜਨਰਲ ਨੇ ਭਾਰਤੀ ਸਿੱਖ ਪਰਿਵਾਰ ਨਾਲ ਮੀਟਿੰਗ ਕੀਤੀ ਹੈ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਲੁਟੇਰਿਆਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ।
ਪੁਲਿਸ ਨੇ ਆਪਣੇ ਆਧਾਰ ‘ਤੇ FIR ਦਰਜ ਕੀਤੀ
ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਐਫਆਈਆਰ ਤਾਂ ਦਰਜ ਕਰ ਲਈ ਪਰ ਐਫਆਈਆਰ ਵਿੱਚ ਡਕੈਤੀ ਦੀ ਧਾਰਾ ਨਹੀਂ ਜੋੜੀ ਗਈ। ਪਾਕਿਸਤਾਨੀ ਮੀਡੀਆ ਸੂਤਰ ਮੁਤਾਬਕ ਪੁਲਿਸ ਨੇ ਐਫਆਈਆਰ ਵਿੱਚ ਆਪਣੇ ਆਪ ਨੂੰ ਸ਼ਿਕਾਇਤਕਰਤਾ ਵਜੋਂ ਨਾਮਜ਼ਦ ਕੀਤਾ ਹੈ ਅਤੇ ਐਫਆਈਆਰ ਵਿੱਚ ਭਾਰਤੀ ਸਿੱਖ ਸ਼ਰਧਾਲੂ ਦੇ ਬਿਆਨ ਵੀ ਸ਼ਾਮਲ ਕੀਤੇ ਗਏ ਹਨ। ਪੁਲਿਸ ਇਸ ਮਾਮਲੇ ਦੀ ਜਾਂਚ ਜਾਰੀ ਹੋਣ ਦੀ ਗੱਲ ਕਹਿ ਕੇ ਪੱਲਾ ਝਾੜ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਨੂੰ ਇਸ ਮਾਮਲੇ ਵਿੱਚ ਇੱਕ ਸੀ.ਸੀ.ਟੀ.ਵੀ. ਹੱਥ ਲਗਿਆ ਹੈ। ਜਿਸ ‘ਚ ਪੀੜਤ ਪਰਿਵਾਰ ਨੂੰ ਜ਼ਬਰਦਸਤੀ ਕਾਰ ‘ਚ ਬਿਠਾ ਕੇ ਬੰਦੂਕ ਦੀ ਨੋਕ ‘ਤੇ ਲੁੱਟਦੇ ਦੇਖਿਆ ਜਾ ਸਕਦਾ ਹੈ।
ਮੁੱਖ ਮੰਤਰੀ ਨੇ ਪੁਲਿਸ ਤੋਂ ਮੰਗੀ ਰਿਪੋਰਟ
ਪੰਜਾਬ ਦੇ ਕਾਰਜਕਾਰੀ ਮੁੱਖ ਮੰਤਰੀ ਮੋਹਸਿਨ ਨਕਵੀ ਨੇ ਵੀ ਸਿੱਖ ਸ਼ਰਧਾਲੂ ਪਰਿਵਾਰ ਨੂੰ ਨਿਸ਼ਾਨਾ ਬਣਾ ਕੇ ਲੁੱਟ ਦੀ ਘਟਨਾ ਦਾ ਸਖ਼ਤ ਨੋਟਿਸ ਲਿਆ ਹੈ ਅਤੇ ਲਾਹੌਰ ਪੁਲਿਸ ਮੁਖੀ ਤੋਂ ਤੁਰੰਤ ਰਿਪੋਰਟ ਮੰਗੀ ਹੈ। ਨਕਵੀ ਨੇ ਸੀਸੀਟੀਵੀ ਫੁਟੇਜ ਰਾਹੀਂ ਸ਼ੱਕੀਆਂ ਦੀ ਫੌਰੀ ਪਛਾਣ ਤੇ ਜ਼ੋਰ ਦਿੰਦਿਆਂ ਡਕੈਤੀ ਵਿੱਚ ਸ਼ਾਮਲ ਮੁਲਜ਼ਮਾਂ ਦੀ ਜਲਦੀ ਗ੍ਰਿਫ਼ਤਾਰੀ ਦੇ ਨਿਰਦੇਸ਼ ਦਿੱਤੇ ਹਨ। ਗੁਲਬਰਗ ਵਰਗੇ ਇਲਾਕੇ ਵਿੱਚ ਸਿੱਖ ਪਰਿਵਾਰ ਦੀ ਲੁੱਟ ਦੀ ਘਟਨਾ ਨੂੰ ਸੁਰੱਖਿਆ ਪੱਖੋਂ ਵੱਡੀ ਖਾਮੀ ਦੱਸਦਿਆਂ ਉਨ੍ਹਾਂ ਦੋਸ਼ੀਆਂ ਨੂੰ 48 ਘੰਟਿਆਂ ਦੇ ਅੰਦਰ ਅੰਦਰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਦੀ ਮੰਗ ਕੀਤੀ।
ਇਹ ਵੀ ਪੜ੍ਹੋ