ਕਿਮ ਜੋਂਗ ਉਨ ਦੀਆਂ ਅੱਖਾਂ ‘ਚੋਂ ਨਿਕਲੇ ਹੰਝੂ, ਜਾਣੋ ਉੱਤਰੀ ਕੋਰੀਆ ਦੇ ਸ਼ਾਸਕ ਕਿਉਂ ਹੋ ਗਏ ਭਾਵੁਕ
ਆਪਣੇ ਸਨਕੀ ਅੰਦਾਜ਼ ਲਈ ਮਸ਼ਹੂਰ ਉੱਤਰੀ ਕੋਰੀਆ ਦੇ ਸ਼ਾਸਕ ਦੀਆਂ ਅੱਖਾਂ 'ਚ ਹੰਝੂ ਆ ਗਏ ਜਦੋਂ ਉਨ੍ਹਾਂ ਨੇ ਉੱਤਰੀ ਕੋਰੀਆ ਦੀਆਂ ਔਰਤਾਂ ਨੂੰ ਵੱਧ ਤੋਂ ਵੱਧ ਬੱਚੇ ਪੈਦਾ ਕਰਨ ਦੀ ਅਪੀਲ ਕੀਤੀ। ਦੱਸ ਦੇਈਏ ਕਿ ਉੱਤਰੀ ਕੋਰੀਆ ਵਿੱਚ ਪ੍ਰਜਨਨ ਦਰ 1.8 ਦਰਜ ਕੀਤੀ ਗਈ ਹੈ। ਉੱਤਰੀ ਕੋਰੀਆ ਪਹਿਲਾ ਦੇਸ਼ ਨਹੀਂ ਹੈ ਜਿੱਥੇ ਜਣਨ ਦਰ ਘੱਟ ਹੈ। ਉੱਤਰੀ ਕੋਰੀਆ ਦੇ ਗੁਆਂਢੀ ਦੱਖਣੀ ਕੋਰੀਆ ਵਿੱਚ ਘੱਟ ਜਨਮ ਦਰ ਦਰਜ ਕੀਤੀ ਗਈ ਹੈ। ਇੱਥੇ ਜਣਨ ਦਰ 0.78 ਹੈ। ਜਦੋਂ ਕਿ ਜਾਪਾਨ ਵਿੱਚ ਇਹ 1.26 ਹੈ।

ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ ਉਨ (Kim Jong Un) ਨੇ ਉੱਤਰੀ ਕੋਰੀਆ ਦੀਆਂ ਔਰਤਾਂ ਨੂੰ ਵੱਧ ਤੋਂ ਵੱਧ ਬੱਚੇ ਪੈਦਾ ਕਰਨ ਦੀ ਅਪੀਲ ਕੀਤੀ ਹੈ। ਜਦੋਂ ਉਹ ਇਸ ਬਾਰੇ ਬੇਨਤੀ ਕਰ ਰਹੇ ਸਨ ਤਾਂ ਉਨ੍ਹਾਂ ਦੀਆਂ ਅੱਖਾਂ ਵਿਚ ਹੰਝੂ ਆ ਗਏ। ਕਿਮ ਜੋਂਗ ਦੀਆਂ ਅੱਖਾਂ ‘ਚ ਹੰਝੂ ਆ ਗਏ ਅਤੇ ਉੱਥੇ ਮੌਜੂਦ ਸਾਰੀਆਂ ਔਰਤਾਂ ਰੋਣ ਲੱਗੀਆਂ। ਕੋਰੀਆਈ ਤਾਨਾਸ਼ਾਹ ਦੇ ਭਾਵੁਕ ਹੋਣ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਆਪਣੀ ਭਾਵਨਾਤਮਕ ਅਪੀਲ ਵਿੱਚ ਕਿਮ ਜੋਂਗ ਉਨ ਨੇ ਆਪਣੇ ਦੇਸ਼ ਦੀਆਂ ਔਰਤਾਂ ਨੂੰ ਵੱਧ ਤੋਂ ਵੱਧ ਬੱਚੇ ਪੈਦਾ ਕਰਨ ਅਤੇ ਉਨ੍ਹਾਂ ਨੂੰ ਕਮਿਊਨਿਸਟਾਂ ਵਾਂਗ ਪਾਲਣ ਲਈ ਕਿਹਾ। ਇਸ ਭਾਸ਼ਣ ਦੌਰਾਨ ਉਨ੍ਹਾਂ ਦੀਆਂ ਅੱਖਾਂ ‘ਚ ਹੰਝੂ ਆ ਗਏ। ਉੱਤਰੀ ਕੋਰੀਆ ਦੇ ਪਿਓਂਗਯਾਂਗ ਵਿੱਚ ਮਾਵਾਂ ਦੀ ਪੰਜਵੀਂ ਰਾਸ਼ਟਰੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਮ ਨੇ ਉੱਤਰੀ ਕੋਰੀਆ ਦੀ ਘਟਦੀ ਜਨਮ ਦਰ ਨੂੰ ਵਧਾਉਣ ਦੇ ਮਹੱਤਵ ਉੱਤੇ ਜ਼ੋਰ ਦਿੱਤਾ।
ਫਰਟਿਲਿਟੀ ਰੇਟ ਨੂੰ ਵਧਾਉਣ ‘ਤੇ ਦਿੱਤਾ ਜ਼ੋਰ
ਵੀਡੀਓ ‘ਚ ਕਿਮ ਰੁਮਾਲ ਨਾਲ ਹੰਝੂ ਪੂੰਝਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜਨਮ ਦਰ ਵਿੱਚ ਗਿਰਾਵਟ ਨੂੰ ਰੋਕਣਾ ਅਤੇ ਬੱਚਿਆਂ ਦੀ ਚੰਗੀ ਦੇਖਭਾਲ ਅਤੇ ਸਿੱਖਿਆ ਪ੍ਰਦਾਨ ਕਰਨਾ ਸਾਡੇ ਸਾਰੇ ਪਰਿਵਾਰਕ ਮਾਮਲੇ ਹਨ, ਜਿਨ੍ਹਾਂ ਨੂੰ ਸਾਨੂੰ ਆਪਣੀਆਂ ਮਾਵਾਂ ਨਾਲ ਮਿਲ ਕੇ ਹੱਲ ਕਰਨਾ ਚਾਹੀਦਾ ਹੈ। ਦਰਅਸਲ, ਕਿਮ ਜੋਂਗ ਉਨ ਦਾ ਭਾਸ਼ਣ ਪ੍ਰਜਨਨ ਦਰ ਨੂੰ ਵਧਾਉਣ, ਬੱਚਿਆਂ ਦੇ ਪਾਲਣ-ਪੋਸ਼ਣ ਅਤੇ ਦੇਸ਼ ਦੀ ਤਾਕਤ ਵਧਾਉਣ ਵਿਚ ਔਰਤਾਂ ਦੀ ਭੂਮਿਕਾ ‘ਤੇ ਕੇਂਦਰਿਤ ਸੀ।
ਕਿਮ ਜੋਂਗ ਉਨ ਨੇ ਦੇਸ਼ ਦੇ ਭਵਿੱਖ ਨੂੰ ਸੰਵਾਰਨ ਵਿੱਚ ਮਾਵਾਂ ਦੀ ਅਹਿਮ ਜ਼ਿੰਮੇਵਾਰੀ ਨੂੰ ਵੀ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਸਾਰੀਆਂ ਮਾਵਾਂ ਨੂੰ ਸਮਾਜ ਅਤੇ ਆਪਣੇ ਪਰਿਵਾਰ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਅਤੇ ਫਰਜ਼ ਨਿਭਾਉਣੇ ਚਾਹੀਦੇ ਹਨ।