ਇਜ਼ਰਾਈਲ-ਹਮਾਸ ਜੰਗ ਵਿੱਚ ਹੁਣ ਤੱਕ 31 ਪੱਤਰਕਾਰਾਂ ਦੀ ਮੌਤ, ਕਈ ਲਾਪਤਾ : ਰਿਪੋਰਟ

Published: 

31 Oct 2023 19:22 PM

Hamas Israel War: ਇਜ਼ਰਾਈਲ-ਹਮਾਸ ਜੰਗ ਦਰਮਿਆਨ ਪੱਤਰਕਾਰਾਂ ਦੀ ਮੌਤ ਨੂੰ ਲੈ ਕੇ ਇਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ। 'ਕਮੇਟੀ ਟੂ ਪ੍ਰੋਟੈਕਟ ਜਰਨਲਿਸਟਸ' ਨੇ ਆਪਣੀ ਰਿਪੋਰਟ 'ਚ ਦਾਅਵਾ ਕੀਤਾ ਹੈ ਕਿ ਜੰਗ ਕਾਰਨ ਹੁਣ ਤੱਕ ਕੁੱਲ 31 ਪੱਤਰਕਾਰਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਕਈ ਜ਼ਖਮੀ ਹੋਏ ਹਨ। ਦੋਵਾਂ ਵਿਚਾਲੇ ਜੰਗ ਇਸ ਵੇਲ੍ਹੇ ਖ਼ਤਰਨਾਕ ਮੌੜ ਤੇ ਪਹੁੰਚ ਚੁੱਕੀ ਹੈ। ਕੋਈ ਵੀ ਪਿੱਛੇ ਹੱਟਣ ਨੂੰ ਤਿਆਰ ਨਹੀਂ ਹੈ। ਬੇਗੁਨਾਹ ਲੋਕ ਮਾਰੇ ਜਾ ਰਹੇ ਹਨ।

ਇਜ਼ਰਾਈਲ-ਹਮਾਸ ਜੰਗ ਵਿੱਚ ਹੁਣ ਤੱਕ 31 ਪੱਤਰਕਾਰਾਂ ਦੀ ਮੌਤ, ਕਈ ਲਾਪਤਾ : ਰਿਪੋਰਟ
Follow Us On

ਇਜ਼ਰਾਈਲ-ਹਮਾਸ ਜੰਗ (Israel Hamas War) ਦਿਨੋਂ-ਦਿਨ ਖ਼ਤਰਨਾਕ ਹੁੰਦੀ ਜਾ ਰਹੀ ਹੈ। 7 ਅਕਤੂਬਰ ਤੋਂ ਸ਼ੁਰੂ ਹੋਈ ਇਸ ਜੰਗ ਵਿੱਚ ਹੁਣ ਤੱਕ ਕਈ ਹਜ਼ਾਰ ਲੋਕ ਆਪਣੀ ਜਾਨ ਗੁਆ ​​ਚੁੱਕੇ ਹਨ। ਗਾਜ਼ਾ ਪੱਟੀ (Gaza) ਵਿੱਚ ਸਭ ਤੋਂ ਵੱਧ ਲੋਕ ਮਾਰੇ ਗਏ ਹਨ। ਦੂਜੇ ਪਾਸੇ ਜੰਗ ਵਿੱਚ ਹੁਣ ਤੱਕ 31 ਪੱਤਰਕਾਰਾਂ ਦੀ ਵੀ ਮੌਤ ਹੋ ਚੁੱਕੀ ਹੈ। ਮਾਰੇ ਗਏ ਪੱਤਰਕਾਰਾਂ ਵਿਚ 26 ਫਲਸਤੀਨ, 4 ਇਜ਼ਰਾਈਲ ਅਤੇ 1 ਲੇਬਨਾਨ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ।

ਦ ਟਾਈਮਜ਼ ਆਫ਼ ਇਜ਼ਰਾਈਲ ਨੇ ਕਮੇਟੀ ਟੂ ਪ੍ਰੋਟੈਕਟ ਜਰਨਲਿਸਟਸ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ 31 ਪੱਤਰਕਾਰਾਂ ਦੀ ਮੌਤ ਤੋਂ ਇਲਾਵਾ 8 ਪੱਤਰਕਾਰਾਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ, ਜਦੋਂ ਕਿ 9 ਲਾਪਤਾ ਹਨ ਜਾਂ ਹਿਰਾਸਤ ਵਿੱਚ ਲਏ ਗਏ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਯੁੱਧ ਦੌਰਾਨ ਪੱਤਰਕਾਰਾਂ ਨੂੰ ਲਗਾਤਾਰ ਹਮਲਿਆਂ, ਗ੍ਰਿਫਤਾਰੀਆਂ, ਧਮਕੀਆਂ, ਸੈਂਸਰਸ਼ਿਪ ਅਤੇ ਇੱਥੋਂ ਤੱਕ ਕਿ ਪਰਿਵਾਰਕ ਮੈਂਬਰਾਂ ਦੇ ਕਤਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕਮੇਟੀ ਟੂ ਪ੍ਰੋਟੈਕਟ ਜਰਨਲਿਸਟਸ ਦੇ ਮੱਧ ਪੂਰਬ ਅਤੇ ਉੱਤਰੀ ਅਫਰੀਕਾ ਪ੍ਰੋਗਰਾਮ ਕੋਆਰਡੀਨੇਟਰ ਸ਼ਰੀਫ਼ ਮਨਸੂਰ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਹੈ ਕਿ ਪੱਤਰਕਾਰ ਸੰਕਟ ਦੇ ਸਮੇਂ ਮਹੱਤਵਪੂਰਨ ਕੰਮ ਕਰਦੇ ਹਨ ਅਤੇ ਯੁੱਧ ਦੌਰਾਨ ਨਿਸ਼ਾਨਾ ਨਹੀਂ ਬਣਾਇਆ ਜਾਣਾ ਚਾਹੀਦਾ ਹੈ। ਕਮੇਟੀ ਨੇ ਕਿਹਾ ਹੈ ਕਿ ਪੱਤਰਕਾਰ ਜੰਗ ਨੂੰ ਕਵਰ ਕਰਨ ਲਈ ਕੁਰਬਾਨੀ ਦੇਣ ਦਾ ਕੰਮ ਕਰ ਰਹੇ ਹਨ। ਖਾਸ ਕਰਕੇ ਗਾਜ਼ਾ ਵਿੱਚ ਰਹਿਣ ਵਾਲੇ ਪੱਤਰਕਾਰਾਂ ਦਾ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

7 ਅਕਤੂਬਰ ਨੂੰ ਹਮਾਸ ਨੇ ਦਾਗੇ ਸਨ 5000 ਰਾਕੇਟ

ਦੱਸ ਦੇਈਏ ਕਿ 7 ਅਕਤੂਬਰ ਨੂੰ ਹਮਾਸ ਵੱਲੋਂ ਇਜ਼ਰਾਈਲ ‘ਤੇ ਇੱਕੋ ਸਮੇਂ 5000 ਰਾਕੇਟ ਦਾਗੇ ਗਏ ਸਨ। ਇਸ ਹਮਲੇ ਵਿੱਚ ਕਈ ਇਜ਼ਰਾਈਲੀ ਨਾਗਰਿਕ ਅਤੇ ਸੈਨਿਕ ਮਾਰੇ ਗਏ ਸਨ। ਹਮਲੇ ਤੋਂ ਸਦਮੇ ਵਿੱਚ, ਇਜ਼ਰਾਈਲ ਨੇ ਹਮਾਸ ਵਿਰੁੱਧ ਜੰਗ ਦਾ ਐਲਾਨ ਕੀਤਾ ਅਤੇ ਗਾਜ਼ਾ ਪੱਟੀ ‘ਤੇ ਬੰਬਾਰੀ ਸ਼ੁਰੂ ਕਰ ਦਿੱਤੀ। ਗਾਜ਼ਾ ਪੱਟੀ ਵਿੱਚ ਇਜ਼ਰਾਇਲੀ ਫੌਜ ਵੱਲੋਂ ਲਗਾਤਾਰ ਹਵਾਈ ਹਮਲੇ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਜ਼ਮੀਨੀ ਹਮਲਾ ਵੀ ਸ਼ੁਰੂ ਕਰ ਦਿੱਤਾ ਗਿਆ ਹੈ।

ਉੱਤਰੀ ਗਾਜ਼ਾ ਵਿੱਚ ਜ਼ਮੀਨੀ ਹਮਲਾ

ਇਜ਼ਰਾਈਲੀ ਬਲਾਂ ਨੇ ਮੰਗਲਵਾਰ ਨੂੰ ਉੱਤਰੀ ਗਾਜ਼ਾ ਵਿੱਚ ਹਮਾਸ ਦੇ ਬੁਨਿਆਦੀ ਢਾਂਚੇ ‘ਤੇ ਜ਼ਮੀਨੀ ਹਮਲਾ ਕੀਤਾ। ਇਜ਼ਰਾਇਲੀ ਫੌਜ ਦਾ ਦਾਅਵਾ ਹੈ ਕਿ 7 ਅਕਤੂਬਰ ਤੋਂ ਸ਼ੁਰੂ ਹੋਈ ਜੰਗ ਤੋਂ ਬਾਅਦ ਉੱਤਰੀ ਗਾਜ਼ਾ ਤੋਂ ਲਗਭਗ 8 ਲੱਖ ਲੋਕ ਭੱਜ ਚੁੱਕੇ ਹਨ। ਇਜ਼ਰਾਇਲੀ ਫੌਜ ਦੇ ਟੈਂਕ ਅਤੇ ਬਖਤਰਬੰਦ ਵਾਹਨ ਸੋਮਵਾਰ ਨੂੰ ਹੀ ਗਾਜ਼ਾ ਦੇ ਅੰਦਰੂਨੀ ਇਲਾਕਿਆਂ ‘ਚ ਪਹੁੰਚ ਗਏ ਸਨ। ਗਾਜ਼ਾ ਪੱਟੀ ਵਿੱਚ ਇਜ਼ਰਾਈਲੀ ਫੌਜ ਦੇ ਦਾਖਲੇ ਦੇ ਨਾਲ, ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਜੰਗਬੰਦੀ ਦੇ ਸੱਦੇ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ।

Exit mobile version