ਇਜ਼ਰਾਈਲ ਤੋਂ ਅਗਵਾ ਕੀਤੀ ਗਈ ਜਰਮਨ ਕੁੜੀ ਦੀ ਮੌਤ, ਹਮਾਸ ਦੇ ਲੜਾਕਿਆਂ ਨੇ ਕਰਵਾਈ ਸੀ ਪਰੇਡ
7 ਅਕਤੂਬਰ ਨੂੰ ਹਮਾਸ ਦੇ ਅੱਤਵਾਦੀਆਂ ਦੁਆਰਾ ਹਮਲੇ ਤੋਂ ਬਾਅਦ ਇਜ਼ਰਾਈਲ ਵਿੱਚ ਇੱਕ ਸੰਗੀਤ ਸਮਾਰੋਹ ਤੋਂ ਹਮਾਸ ਦੇ ਲੜਾਕਿਆਂ ਦੁਆਰਾ ਅਗਵਾ ਕੀਤੇ ਗਏ ਇੱਕ ਜਰਮਨ ਟੈਟੂ ਕਲਾਕਾਰ ਦੀ ਮੌਤ ਹੋ ਗਈ ਹੈ। ਹਮਾਸ ਦੇ ਲੜਾਕਿਆਂ ਨੇ ਇਸ ਲੜਕੀ ਨੂੰ ਬੰਧਕ ਬਣਾ ਕੇ ਉਸ ਦੀ ਪਰੇਡ ਕਰਵਾਈ ਸੀ। ਉਸ ਦੀ ਮਾਂ ਨੇ ਵਾਇਰਲ ਵੀਡੀਓ ਵਿਚ ਦਿਖਾਈ ਦੇਣ ਵਾਲੇ ਟੈਟੂ ਅਤੇ ਉਸ ਦੇ ਵਾਲਾਂ ਦੇ ਰੰਗ ਦੇ ਆਧਾਰ 'ਤੇ ਬੇਟੀ ਦੀ ਪਛਾਣ ਕੀਤੀ ਸੀ।
ਇਜ਼ਰਾਈਲ ਤੋਂ ਅਗਵਾ ਕੀਤੀ ਗਈ ਜਰਮਨ ਟੈਟੂ ਕਲਾਕਾਰ ਸ਼ਾਨੀ ਲਾਉਕ ਦੀ ਮੌਤ ਹੋ ਗਈ ਹੈ। 7 ਅਕਤੂਬਰ ਨੂੰ ਇਜ਼ਰਾਈਲ ‘ਤੇ ਹਮਲੇ ਦੌਰਾਨ ਹਮਾਸ ਦੇ ਅੱਤਵਾਦੀਆਂ ਨੇ ਉਸ ਨੂੰਅਗਵਾ ਕਰ ਲਿਆ ਸੀ। ਇਸ ਤੋਂ ਬਾਅਦ ਉਸ ਦੇ ਕੱਪੜੇ ਪਾੜ ਕੇ ਉਸਦੀ ਪਰੇਡ ਕੱਢੀ ਗਈ ਸੀ। ਹੁਣ ਇਜ਼ਰਾਈਲ ਨੇ ਉਸ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
ਜਰਮਨ ਟੈਟੂ ਕਲਾਕਾਰ ਸ਼ਾਨੀ ਲਾਉਕ ਇਜ਼ਰਾਈਲ ਵਿੱਚ ਟ੍ਰਾਇਬ ਆਫ ਸੁਪਰਨੋਵਾ ਕੰਸਰਟ ਵਿੱਚ ਮੌਜੂਦ ਸੀ, ਜਿਸ ਉੱਤੇ 7 ਅਕਤੂਬਰ ਨੂੰ ਹਮਾਸ ਦੇ ਅੱਤਵਾਦੀਆਂ ਨੇ ਹਮਲਾ ਕੀਤਾ ਸੀ। ਇਸ ਹਮਲੇ ‘ਚ ਅੱਤਵਾਦੀਆਂ ਨੇ ਸ਼ਾਨੀ ਲਾਉਕ ਨੂੰ ਅਗਵਾ ਕਰ ਲਿਆ ਸੀ। ਇਸ ਤੋਂ ਬਾਅਦ ਵਾਇਰਲ ਹੋਈ ਵੀਡੀਓ ‘ਚ ਗਾਜ਼ਾ ‘ਚ ਹਥਿਆਰਬੰਦ ਅੱਤਵਾਦੀਆਂ ਨਾਲ ਭਰੀ ਪਿਕਅੱਪ ਦੇ ਪਿੱਛੇ ਇਕ ਨੌਜਵਾਨ ਔਰਤ ਬੇਹੋਸ਼ ਪਈ ਦਿਖਾਈ ਦੇ ਰਹੀ ਹੈ। ਉਸਦੀ ਮਾਂ ਰਿਕਾਰਡਾ ਨੇ ਉਸਨੂੰ ਉਸਦੇ ਟੈਟੂ ਅਤੇ ਰੰਗੇ ਵਾਲਾਂ ਦੇ ਅਧਾਰ ਤੇ ਪਛਾਣਿਆ।
‘ਮੇਰੀ ਧੀ ਹੁਣ ਜਿੰਦਾ ਨਹੀਂ’
ਸ਼ਾਨੀ ਲਾਉਕ ਦੀ ਮਾਂ ਰਿਕਾਰਡਾ ਨੇ ਜਰਮਨ ਦੀ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਬਦਕਿਸਮਤੀ ਨਾਲ ਸਾਨੂੰ ਕੱਲ੍ਹ ਖ਼ਬਰ ਮਿਲੀ ਕਿ ਮੇਰੀ ਬੇਟੀ ਹੁਣ ਜ਼ਿੰਦਾ ਨਹੀਂ ਹੈ। ਹੁਣ ਸ਼ਾਨੀ ਲਾਉਕ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਹੈ, ਟਾਈਮਜ਼ ਆਫ਼ ਇਜ਼ਰਾਈਲ ਦੀ ਇੱਕ ਰਿਪੋਰਟ ਦੇ ਅਨੁਸਾਰ, ਜਰਮਨ ਲੜਕੀ ਦੀ ਲਾਸ਼ ਅਜੇ ਤੱਕ ਗਾਜ਼ਾ ਵਾਪਸ ਨਹੀਂ ਆਈ ਹੈ। ਇਸ ਤੋਂ ਪਹਿਲਾਂ ਜਰਮਨ ਲੜਕੀ ਦੀ ਚਚੇਰੀ ਭੈਣ ਟੋਮਾਸੀਨਾ ਬੇਨਟਰੌਬ ਲਾਉਕ ਨੇ ਸ਼ਾਨੀ ਲਾਉਕ ਦੇ ਜ਼ਿੰਦਾ ਪਰਤਣ ਦੀ ਉਮੀਦ ਜਤਾਈ ਸੀ।
ਇਜ਼ਰਾਈਲ ਸਰਕਾਰ ਨੇ ਕਿਹਾ- ‘ਸਾਡਾ ਦਿਲ ਟੁੱਟਿਆ’
ਜਰਮਨ ਟੈਟੂ ਆਰਟਿਸਟ ਦੀ ਮੌਤ ‘ਤੇ ਇਜ਼ਰਾਈਲ ਸਰਕਾਰ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇਕ ਪੋਸਟ ‘ਚ ਕਿਹਾ ਇਸ ਤੋਂ ਬਾਅਦ ਉਸ ‘ਤੇ ਤਸ਼ੱਦਦ ਕੀਤਾ ਗਿਆ ਅਤੇ ਗਾਜ਼ਾ ਦੇ ਆਲੇ-ਦੁਆਲੇ ਪਰੇਡ ਕੀਤੀ ਗਈ। ਇਹ ਬਹੁਤ ਡਰਾਉਣਾ ਹੈ। ਸਾਡੇ ਦਿਲ ਟੁੱਟ ਗਏ ਹਨ, ਇਹ ਭਿਆਨਕ ਹੈ।
ਸ਼ਾਨੀ ਦੇ ਕ੍ਰੈਡਿਟ ਕਾਰਡ ਦੀ ਕੀਤੀ ਗਈ ਸੀ ਵਰਤੋਂ
ਇਜ਼ਰਾਈਲੀ ਸੰਗੀਤ ਸਮਾਰੋਹ ਜਿਸ ਤੋਂ ਜਰਮਨ ਟੈਟੂ ਕਲਾਕਾਰ ਨੂੰ ਅਗਵਾ ਕੀਤਾ ਗਿਆ ਸੀ, ਹਮਾਸ ਦੇ ਅੱਤਵਾਦੀਆਂ ਦੁਆਰਾ ਹਮਲਾ ਕੀਤੇ ਗਏ ਪਹਿਲੇ ਸਥਾਨਾਂ ਵਿੱਚੋਂ ਇੱਕ ਸੀ। ਲੋਕਾਂ ਵਿੱਚ ਦਹਿਸ਼ਤ ਫੈਲਾਉਣ ਲਈ ਉਸ ਦੀ ਪਰੇਡ ਕਰਕੇ ਵੀਡੀਓ ਵਾਇਰਲ ਕੀਤੀ ਗਈ। ਬੈਂਕ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਨੀ ਦੀ ਮਾਂ ਰਿਕਾਰਡਾ ਅਨੁਸਾਰ ਸ਼ਾਨੀ ਦਾ ਕ੍ਰੈਡਿਟ ਕਾਰਡ ਆਖਰੀ ਵਾਰ ਗਾਜ਼ਾ ਵਿੱਚ ਵਰਤਿਆ ਗਿਆ ਸੀ। ਖ਼ਦਸ਼ਾ ਜਤਾਇਆ ਗਿਆ ਕਿ ਅੱਤਵਾਦੀਆਂ ਨੇ ਉਸ ਕੋਲੋਂ ਹੀ ਲੁੱਟ ਕੇ ਉਸਦੇ ਕ੍ਰੈਡਿਟ ਕਾਰਡ ਦੀ ਵਰਤੋਂ ਕੀਤੀ ਹੋਵੇਗੀ।