ਅਮਰੀਕਾ ‘ਚ ਪਿਤਾ ਦੀ ਨੌਕਰੀ ਚਲੇ ਜਾਣ ਦੇ ਡਰ ਦੀ ਮਾਰੀ ਭਾਰਤੀ ਕੁੜੀ ਘਰੋਂ ਲਾਪਤਾ
ਉੱਥੇ ਆਈਟੀ ਸੈਕਟਰ ਦੀ ਗੂਗਲ, ਮਾਈਕ੍ਰੋਸਾਫਟ, ਫੇਸਬੁੱਕ ਅਤੇ ਐਮਾਜ਼ੋਨ ਵਰਗੀਆਂ ਮੰਨਿਆ-ਪਰਮੰਨਿਆ ਕੰਪਨੀਆਂ ਵਿੱਚ ਕੰਮ ਕਰਨ ਵਾਲੇ ਕਰੀਬ 2,00,000 ਕਾਮਗਾਰਾਂ ਦੀ ਪਿਛਲੇ ਸਾਲ ਨਵੰਬਰ ਵਿੱਚ ਛੱਟਣੀ ਕੀਤੀ ਗਈ ਸੀ।
ਵਾਸ਼ਿੰਗਟਨ: ਸਕੂਲ ਵਿੱਚ ਪੜ੍ਹਨ ਵਾਲੀ 17 ਸਾਲ ਦੀ ਇੱਕ ਭਾਰਤੀ-ਅਮਰੀਕੀ ਕੁੜੀ ਨੂੰ ਉੱਥੇ ਅਮਰੀਕਾ ਦੀ ਅਰਕਾਂਸਸ ਸਟੇਟ ਤੋਂ ਘਰੋਂ ਲਾਪਤਾ ਹੋਏ ਤਿੰਨ ਹਫ਼ਤੇ ਤੋਂ ਵੀ ਵੱਧ ਸਮਾਂ ਹੋ ਚੁੱਕਿਆ ਹੈ ਅਤੇ ਹੁਣ ਪੁਲਿਸ ਵੱਲੋਂ ਇਸ ਗੱਲ ਦਾ ਇਸ਼ਾਰਾ ਕੀਤਾ ਗਿਆ ਹੈ ਕਿ ਇਹ ਕੁੜੀ ਹੋ ਸਕਦਾ ਹੈ ਕਿ ਆਪਣੇ ਪਿਤਾ ਦੀ ਨੌਕਰੀ ਚਲੇ ਜਾਣ ਤੇ ਉਸ ਨੂੰ ਅਮਰੀਕਾ ਛੱਡ ਕੇ ਜਾਣ ਦਾ ਡਰ ਸਤਾ ਰਿਹਾ ਹੋਵੇ। ਹੋ ਸਕਦਾ ਹੈ ਕਿ ਇਸੇ ਕਰਕੇ ਭਾਰਤੀ ਕੁੜੀ ਆਪਣੇ ਘਰੋਂ ਭੱਜ ਗਈ ਹੋਵੇ। ਦੱਸ ਦਇਏ ਕਿ ਅਮਰੀਕਾ ਦੇ ਆਈਟੀ ਖੇਤਰ ਵਿੱਚ ਕੰਮ ਕਰ ਰਹੇ ਲੋਕਾਂ ਉੱਤੇ ਛਟਣੀ ਦੀ ਤਲਵਾਰ ਲਟਕ ਰਹੀ ਹੈ। ਅਮਰੀਕਾ ਦੇ ਕੌਨਵੇ ਪੁਲਿਸ ਵਿਭਾਗ ਵੱਲੋਂ ਦਿੱਤੀ ਜਾਣਕਾਰੀ ‘ਚ ਦੱਸਿਆ ਗਿਆ ਹੈ ਕਿ ਅਰਕਾਨਸਸ ਵਿੱਚ ਕੌਨਵੇ ਦੀ ਰਹਿਣ ਵਾਲੀ ਤਨਵੀ ਮਰੁਪੱਲੀ ਨੂੰ ਆਖਰੀ ਵਾਰ ਬੀਤੀ 17 ਜਨਵਰੀ ਨੂੰ ਉਸ ਵੇਲੇ ਵੇਖਿਆ ਗਿਆ ਸੀ ਜਦੋਂ ਉਹ ਬੱਸ ਵਿੱਚ ਸਵਾਰ ਹੋ ਕੇ ਆਪਣੇ ਸਕੂਲ ਗਈ ਸੀ। ਪੁਲਿਸ ਨੇ ਇਸ ਗੱਲ ਦਾ ਸ਼ੱਕ ਜਤਾਇਆ ਹੈ ਕਿ ਉਸਨੂੰ ਆਪਣੇ ਪਿਤਾ ਦੀ ਨੌਕਰੀ ਚਲੇ ਜਾਣ ਦਾ ਡਰ ਸੀ, ਅਤੇ ਹੋ ਸਕਦਾ ਹੈ ਕਿ ਉਹ ਘਰੋਂ ਭੱਜ ਗਈ ਹੋਵੇ।
ਮਰੁਪੱਲੀ ਪਰਿਵਾਰ ਦਾ ਇਮੀਗ੍ਰੇਸ਼ਨ ਸਟੇਟਸ ਚੰਗਾ ਨਹੀਂ
ਤਨਵੀ ਮਰੁਪੱਲੀ ਦੇ ਮਾਂ ਪਿਆਂ ਦਾ ਮੰਨਣਾ ਹੈ ਕਿ ਹੋ ਸਕਦਾ ਹੈ ਕਿ ਉਹਨਾਂ ਦੀ ਕੁੜੀ ਇਸ ਕਰਕੇ ਘਰੋਂ ਚਲੀ ਗਈ ਹੋਵੇ ਕਿਉਂਕਿ ਇਸ ਪਰਿਵਾਰ ਦਾ ਇਮੀਗ੍ਰੇਸ਼ਨ ਸਟੇਟਸ ਬਹੁਤ ਚੰਗਾ ਨਹੀਂ। ਉਨ੍ਹਾਂ ਦਾ ਕਹਿਣਾ ਹੈ ਕਿ ਭਾਵੇਂ ਉਹ ਲੋਕੀ ਅਮਰੀਕਾ ਵਿੱਚ ਕਾਨੂੰਨੀ ਤੌਰ ਤੇ ਰਹਿ ਰਹੇ ਹਨ ਅਤੇ ਕਈ ਸਾਲਾਂ ਤੋਂ ਅਮਰੀਕਾ ਵਿਚ ਕੰਮ ਕਰਦੇ ਹਨ, ਪਰ ਅਮਰੀਕਾ ਦੀ ਬੇਹੱਦ ਸਖ਼ਤ ਇਮੀਗ੍ਰੇਸ਼ਨ ਵਿਵਸਥਾ ਕਰਕੇ ਉਹ ਅਮਰੀਕਾ ਦੀ ਸਿਟੀਜ਼ਨਸ਼ਿਪ ਲੈਣ ਲਈ ਜੱਦੋ-ਜਹਿਦ ਕਰਦੇ ਰਹਿੰਦੇ ਹਨ।
ਹੋਰ ਤਾਂ ਹੋਰ, ਤਨਵੀ ਮਰੁਪੱਲੀ ਦੀ ਮਾਤਾ ਸ੍ਰੀਦੇਵੀ ਐਡਰਾ ਨੂੰ ਵੀ ਅਮਰੀਕਾ ਵਿੱਚ ਆਪਣੀ ਨੌਕਰੀ ਗਵਾਂਉਣੀ ਪਈ ਸੀ ਅਤੇ ਉਹਨਾਂ ਨੂੰ ਇਕੱਲੇ ਭਾਰਤ ਵਾਪਸ ਜਾਣਾ ਪਿਆ ਸੀ। ਬਾਅਦ ਵਿੱਚ ਉਨ੍ਹਾਂ ਨੂੰ ਆਪਣੇ ਪਤੀ ਪਵਨ ਮਰੁਪੱਲੀ ਦੀ ਪਤਨੀ ਹੋਣ ਕਰਕੇ ਨਵੇਂ ਸਿਰੇ ਤੋਂ ਆਪਣਾ ਵੀਜਾ ਅਪਲਾਈ ਕਰਨਾ ਪਿਆ ਸੀ, ਅਤੇ ਉਸ ਦੇ ਇੱਕ ਸਾਲ ਬਾਅਦ ਸ਼੍ਰੀ ਦੇਵੀ ਦੁਬਾਰਾ ਅਮਰੀਕਾ ਵਿੱਚ ਆਪਣੇ ਪਰਿਵਾਰ ਨਾਲ ਜੁੜੇ ਸਨ। ਤਨਵੀ ਮਰੁਪੱਲੀ ਦੇ ਪਿਤਾ ਪਵਨ ਮਰੁਪੱਲੀ ਅਮਰੀਕਾ ਦੀ ਇੱਕ ਆਈਟੀ-ਤਕਨੀਕੀ ਕੰਪਨੀ ਵਿੱਚ ਕੰਮ ਕਰਦੇ ਹਨ ਜਿੱਥੇ ਤਕਨੀਕੀ ਖੇਤਰ ਵਿੱਚ ਆਈ ਮੰਦੀ ਕਰਕੇ ਉੱਥੇ ਕੰਮ ਕਰਨ ਵਾਲੇ ਲੋਕਾਂ ‘ਤੇ ਨੌਕਰੀ ਤੋਂ ਕੱਡ ਦਿੱਤੇ ਜਾਣ ਦਾ ਡਰ ਹੈ।
ਪਿਤਾ ਦਾ ਕਹਿਣਾ ਕਿ ਉਹਨਾਂ ਦੀ ਨੌਕਰੀ ‘ਤੇ ਕੋਈ ਖਤਰਾ ਨਹੀਂ
ਤਨਵੀ ਮਰੁਪੱਲੀ ਦੇ ਪਿਤਾ ਵੱਲੋਂ ਕੌਨਵੇ ਪੁਲਿਸ ਵਿਭਾਗ ਨੂੰ ਦੱਸ ਦਿੱਤਾ ਗਿਆ ਹੈ ਕਿ ਹੁਣ ਉਹਨਾਂ ਦੀ ਨੌਕਰੀ ‘ਤੇ ਕੋਈ ਖਤਰਾ ਨਹੀਂ ਅਤੇ ਫਿਲਹਾਲ ਉਹਨਾਂ ਦਾ ਅਮਰੀਕਾ ਛੱਡ ਕੇ ਜਾਣ ਦਾ ਵੀ ਕੋਈ ਇਰਾਦਾ ਨਹੀਂ। ਅਮਰੀਕਾ ਦੇ ‘ਵਾਸ਼ਿੰਗਟਨ ਪੋਸਟ’ ਵੱਲੋਂ ਦਿੱਤੀ ਜਾਣਕਾਰੀ ਵਿੱਚ ਦੱਸਿਆ ਗਿਆ ਕਿ ਉੱਥੇ ਤਕਨੀਕੀ ਸੈਕਟਰ ਦੀ ਗੂਗਲ, ਮਾਈਕ੍ਰੋਸਾਫਟ, ਫੇਸਬੁੱਕ ਅਤੇ ਐਮਾਜ਼ੋਨ ਵਰਗੀਆਂ ਮੰਨਿਆ-ਪਰਮੰਨਿਆ ਕੰਪਨੀਆਂ ਵਿੱਚ ਕੰਮ ਕਰਨ ਵਾਲੇ ਕਰੀਬ 2,00,000 ਕਾਮਗਾਰਾਂ ਦੀ ਪਿਛਲੇ ਸਾਲ ਨਵੰਬਰ ਵਿੱਚ ਛੱਟਣੀ ਕੀਤੀ ਗਈ ਸੀ। ਆਈਟੀ ਸੈਕਟਰ ਦੇ ਅੰਦਰੂਨੀ ਸੂਤਰਾਂ ਵੱਲੋਂ ਦੱਸਿਆ ਗਿਆ ਕਿ ਅਮਰੀਕਾ ਵਿੱਚ ਅਜਿਹੀ ਕੰਪਨੀ ਵਿੱਚ ਕੰਮ ਕਰਨ ਵਾਲੇ ਤੋਂ 30 ਤੋਂ ਲੈ ਕੇ 40 ਫ਼ੀਸਦ ਲੋਕੀ ਭਾਰਤੀ ਹਨ, ਜਿਹਨਾਂ ਵਿੱਚੋਂ ਵੱਡੀ ਗਿਣਤੀ ‘ਐਚ1ਬੀ’ ਅਤੇ ‘ਐਲ1 ਅਮਰੀਕੀ’ ਵੀਜ਼ਾਧਾਰਕਾਂ ਦੀ ਹੈ।