ਇੰਗਲੈਂਡ ਦੇ ਸਕੂਲ ਵਿੱਚ ਅਣਪਛਾਤੀ ਚੀਜ ਲੈਣ ਮਗਰੋਂ ਗੰਭੀਰ ਹਾਲਤ ਵਿੱਚ ਹਸਪਤਾਲ ਪੁੱਜਿਆ ਵਿਦਿਆਰਥੀ
ਪੁਲਿਸ ਅਧਿਕਾਰੀਆਂ ਵੱਲੋਂ ਇਲਾਕੇ ਦੇ ਬਾਸ਼ਿੰਦਿਆਂ ਨੂੰ ਗੁਹਾਰ ਲਾਉੰਦਿਆਂ ਪੀੜਤ ਵਿਦਿਆਰਥੀ ਦੀ ਪਹਿਚਾਣ ਅਤੇ ਸਕੂਲ ਵਿੱਚ ਵਾਪਰੀ ਇਸ ਘਟਨਾ ਦਾ ਕੋਈ ਵੀ ਵੇਰਵਾ ਜਾਂ ਵੀਡੀਓ ਫੁਟੇਜ ਸੋਸ਼ਲ ਮੀਡੀਆ ਤੇ ਸਾਝਾ ਨਾ ਕਰਨ ਦੀ ਬੇਨਤੀ ਕੀਤੀ ਗਈ ਹੈ। ਪੁਲਿਸ ਨੇ ਇਸ ਘਟਨਾ ਵਿੱਚ ਲੜਕਿਆਂ ਨੂੰ ਗ੍ਰਿਫਤਾਰ ਵੀ ਕੀਤਾ ਹੈ
ਇੰਗਲੈਂਡ –ਇੰਗਲੈਂਡ ਦੇ ਨਾਰਥ ਯਾਰਕਸ਼ਾਇਰ ਸਥਿਤ ਵਿਹਿਟੀ ਦੇ ਕੈਡਮਨ ਕਾਲਜ ਵਿਚ ਸੈਕੰਡਰੀ ਸਕੂਲ ਦੇ ਇੱਕ ਵਿਦਿਆਰਥੀ ਨੂੰ ਸਕੂਲ ਕੈਂਪਸ ਵਿੱਚ ਅਣਪਛਾਤੀ ਚੀਜ਼ ਦੀ ਵਰਤੋਂ ਕਰ ਲੈਣ ਮਗਰੋਂ ਬੇਹੱਦ ਗੰਭੀਰ ਹਾਲਤ ਵਿੱਚ ਅਸਪਤਾਲ ‘ਚ ਭਰਤੀ ਕਰਾਇਆ ਗਿਆ ਹੈ। ਇਸ ਮਾਮਲੇ ਵਿੱਚ ਉਸੇ ਸਕੂਲ ਦੇ 3 ਵਿਦਿਆਰਥੀਆਂ ਨੂੰ ਗ੍ਰਿਫ਼ਤਾਰ (Students arrested) ਕਰ ਲਿਆ ਗਿਆ ਹੈ। ਇਹ ਘਟਨਾ ਸੋਮਵਾਰ ਦੁਪਹਿਰ ਕਰੀਬ 12 ਵਜੇ ਦੀ ਹੈ, ਜਦੋਂ ਇਕ ਵਿਦਿਆਰਥੀ ਦੀ ਤਬੀਅਤ ਅਚਾਨਕ ਬਿਗੜ ਜਾਣ ਮਗਰੋਂ ਉੱਥੇ ਐਮਰਜੈਂਸੀ ਸੇਵਾਵਾਂ ਨੂੰ ਸੱਦਣਾ ਪਿਆ ਸੀ।
ਹਾਲਤ ਹੁਣ ਸਥਿਰ ਦੱਸੀ ਜਾਂਦੀ ਹੈ
ਗੰਭੀਰ ਹਾਲਤ ਵਿੱਚ ਇਸ ਵਿਦਿਆਰਥੀ ਨੂੰ ਐਂਬੂਲੈਂਸ ਵਿੱਚ ਪਾ ਕੇ ਹਸਪਤਾਲ ਪਹੁੰਚਾਇਆ ਸੀ ਜਿੱਥੇ ਉਹਦੀ ਹਾਲਤ ਹੁਣ ਸਥਿਰ ਦੱਸੀ ਜਾਂਦੀ ਹੈ। ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਇੰਗਲੈਂਡ ਦੇ ਨਾਰਥ ਯਾਰਕਸ਼ਾਇਰ ਪੁਲਿਸ ਦੇ ਆਹਲਾ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਸਕੂਲ ਦੇ 3 ਪੁਰਸ਼ ਵਿਦਿਆਰਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਪ੍ਰਵਕਤਾ ਦਾ ਕਹਿਣਾ ਹੈ, ਇਸ ਘਟਨਾ ਦੀ ਪੂਰੀ ਜਾਣਕਾਰੀ ਪ੍ਰਾਪਤ ਕਰਨ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਵਿੱਚ ਪੀੜਤ ਵਿਦਿਆਰਥੀ ਵੱਲੋਂ ਸਕੂਲ ਕੈਂਪਸ ਵਿੱਚ ਕਿਸੇ ਅਗਿਆਤ ਪਦਾਰਥ ਦਾ ਸੇਵਨ ਕਰ ਲੈਣ ਦਾ ਸ਼ਕ ਸ਼ਾਮਿਲ ਹੈ।
ਗ੍ਰਿਫ਼ਤਾਰ ਕੀਤੇ ਗਏ ਇਨ੍ਹਾਂ ਤਿੰਨਾਂ ਵਿਦਿਆਰਥੀਆਂ ਨੂੰ ਫਿਲਹਾਲ ਜਮਾਨਤ ਤੇ ਛੱਡ ਦਿੱਤਾ ਗਿਆ ਹੈ। ਇਸ ਦਰਮਿਆਨ ਪੁਲਿਸ ਅਧਿਕਾਰੀਆਂ ਵੱਲੋਂ ਇਲਾਕੇ ਦੇ ਬਾਸ਼ਿੰਦਿਆਂ ਨੂੰ ਗੁਹਾਰ ਲਾਉੰਦਿਆਂ ਪੀੜਤ ਵਿਦਿਆਰਥੀ ਦੀ ਪਹਿਚਾਣ ਅਤੇ ਸਕੂਲ ਵਿੱਚ ਵਾਪਰੀ ਇਸ ਘਟਨਾ ਦਾ ਕੋਈ ਵੀ ਵੇਰਵਾ ਜਾਂ ਵੀਡੀਓ ਫੁਟੇਜ ਸੋਸ਼ਲ ਮੀਡੀਆ ਤੇ ਸਾਝਾ ਨਾ ਕਰਨ ਦੀ ਬੇਨਤੀ ਕੀਤੀ ਗਈ ਹੈ।
ਮਾਪਿਆਂ ਨੂੰ ਟੈਕਸਟ ਮੈਸਜ ਭੇਜਿਆ
ਕੈਡਮਨ ਕਾਲਜ ਦੇ ਸੈਕੰਡਰੀ ਸਕੂਲ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਇੱਕ ਟੈਕਸਟ ਮੈਸਜ ਭੇਜਿਆ ਗਿਆ ਹੈ, ਜਿਸ ਵਿੱਚ ਉਹਨਾਂ ਨੂੰ ਦਸਿਆ ਗਿਆ ਕਿ ਸਕੂਲ ਪ੍ਰਬੰਧਨ ਵੱਲੋਂ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਪੀੜਤ ਵਿਦਿਆਰਥੀ ਦੇ ਹੱਕ ਵਿੱਚ ਚੰਗਾ ਫੈਸਲਾ ਲਿਆ ਗਿਆ। ਇਸ ਸੰਦੇਸ਼ ਵਿੱਚ ਅੱਗੇ ਦੱਸਿਆ ਗਿਆ ਕਿ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੀ ਸਹੀ-ਸਲਾਮਤੀ ਸਕੂਲ ਦੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਹੈ। ਨਾਰਥ ਯਾਰਕਸ਼ਾਇਰ ਕਾਊਂਟੀ ਕਾਉਂਸਿਲ ਬੱਚਿਆਂ ਅਤੇ ਨੌਜਵਾਨਾਂ ਦੀ ਸੁਰੱਖਿਆ ਅਤੇ ਸਹੀ-ਸਲਾਮਤੀ ਯਕੀਨੀ ਬਣਾਉਣ ਲਈ ਆਗੂ ਏਜੰਸੀ ਹੈ, ਇਸ ਮਾਮਲੇ ਵਿੱਚ ਬਤੌਰ ਸਕੂਲ ਹੋਣ ਦੇ ਨਾਤੇ ਅਸੀਂ ਪੁਲਿਸ ਨੂੰ ਪੂਰਾ ਸਹਿਯੋਗ ਦੇ ਰਹੇ ਹਾਂ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ