ਗੁਰਦਾਸਪੁਰ ਦੇ ਨੌਜਵਾਨ ਦੀ ਇੰਗਲੈਂਡ ‘ਚ ਕੰਮ ਕਰਦੇ ਸਮੇਂ ਕੰਧ ਹੇਠਾਂ ਆਉਣ ਨਾਲ ਮੌਤ

Published: 

21 Dec 2023 18:37 PM

ਗੁਰਦਾਸਪੁਰ ਦੇ ਨੌਜਵਾਨ ਇਕਰਮਣ ਸਿੰਘ ਦੀ ਅਚਾਨਕ ਹੋਈ ਮੌਤ ਤੋਂ ਬਾਅਦ ਪਰਿਵਾਰ ਲਈ ਵਿਸ਼ਵਾਸ ਕਰਨਾ ਔਖਾ ਹੋ ਰਿਹਾ ਹੈ ਕਿ ਉਨ੍ਹਾਂ ਦਾ ਲਾਡਲਾ ਪੁੱਤਰ ਹੁਣ ਇਸ ਦੁਨੀਆ ਵਿੱਚ ਨਹੀਂ ਹੈ। ਪਰਿਵਾਰ ਨੇ ਉਸਦੇ ਚੰਗੇ ਭਵਿੱਖ ਨੂੰ ਲੈ ਕੇ ਕਈ ਤਰ੍ਹਾਂ ਦੇ ਸੁਪਨੇ ਸੰਜੋਏ ਹੋਏ ਸਨ। ਉਨ੍ਹਾਂ ਨੂੰ ਹਾਲੇ ਇਹ ਵੀ ਸਾਫ਼ ਨਹੀਂ ਹੈ ਕਿ ਉਹ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਭਾਰਤ ਲਿਆ ਵੀ ਸਕਣਗੇ ਜਾਂ ਨਹੀਂ। ਉਨ੍ਹਾਂ ਨੇ ਇਸ ਲਈ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ।

ਗੁਰਦਾਸਪੁਰ ਦੇ ਨੌਜਵਾਨ ਦੀ ਇੰਗਲੈਂਡ ਚ ਕੰਮ ਕਰਦੇ ਸਮੇਂ ਕੰਧ ਹੇਠਾਂ ਆਉਣ ਨਾਲ ਮੌਤ
Follow Us On

ਚੰਗੇ ਭਵਿੱਖ ਲਈ ਵਿਦੇਸ਼ ਵਿੱਚ ਪੜ੍ਹਾਈ ਕਰਨ ਗਏ ਗੁਰਦਾਸਪੁਰ ਦੇ ਇੱਕ 26 ਸਾਲਾ ਨੌਜਵਾਨ ਦੀ ਇੰਗਲੈਂਡ ਵਿੱਚ ਕੰਮ ਕਰਦੇ ਸਮੇਂ ਕੰਧ ਡਿੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਇਕਰਮਣ ਸਿੰਘ (26) ਪੁੱਤਰ ਮੋਹਨ ਸਿੰਘ ਵਾਸੀ ਪ੍ਰੇਮ ਨਗਰ, ਗੁਰਦਾਸਪੁਰ ਵਜੋਂ ਹੋਈ ਹੈ। ਇਸ ਦੀ ਸੂਚਨਾ ਮਿਲਦੇ ਹੀ ਪਰਿਵਾਰ ਵਿਚ ਮਾਤਮ ਛਾ ਗਿਆ। ਅਚਾਨਕ ਪਏ ਇਸ ਸਦਮੇ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

ਮ੍ਰਿਤਕ ਦੇ ਪਿਤਾ ਮੋਹਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ 2020 ਵਿੱਚ ਸਟਡੀ ਵੀਜ਼ਾ ਤੇ ਯੂਕੇ ਗਿਆ ਸੀ। 15 ਦਸੰਬਰ ਨੂੰ ਉਸ ਨੂੰ ਭਾਰਤੀ ਅੰਬੈਸੀ ਤੋਂ ਕਿਸੇ ਵਿਅਕਤੀ ਦਾ ਫੋਨ ਆਇਆ ਕਿ ਕੰਮ ਦੌਰਾਨ ਕੰਧ ਡਿੱਗਣ ਕਾਰਨ ਉਨ੍ਹਾਂ ਦੇ ਲੜਕੇ ਦੀ ਮੌਤ ਹੋ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਲੜਕੇ ਦਾ ਘਰ ਫੋਨ ਆਇਆ ਸੀ ਅਤੇ ਉਹ ਬਹੁਤ ਖੁਸ਼ ਸੀ ।ਪਰ ਅੱਜ ਉਹ ਉਸ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪੂਰੇ ਘਰ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

ਉਨ੍ਹਾਂ ਦੱਸਿਆ ਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਉਸ ਦੀ ਮੌਤ ਉਸ ਸਮੇਂ ਹੋਈ ਜਾਂ ਇਲਾਜ ਦੌਰਾਨ, ਇਸ ਸਬੰਧੀ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਹੈ | ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਨੇ ਅਗਲੇ ਸਾਲ ਘਰ ਪਰਤਣਾ ਸੀ, ਪਰ ਉਸ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਪੀੜਤ ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਨੂੰ ਜਲਦ ਤੋਂ ਜਲਦ ਭਾਰਤ ਵਾਪਸ ਲਿਆਂਦਾ ਜਾਵੇ ਤਾਂ ਜੋ ਉਹ ਉਸਦਾ ਅੰਤਿਮ ਸੰਸਕਾਰ ਕਰ ਸਕਣ।

Exit mobile version