ਗ੍ਰੀਨ ਕਾਰਡ ਲਈ ਕਰਨਾ ਪਵੇਗਾ 179 ਸਾਲ ਇੰਤਜ਼ਾਰ, ਅਮਰੀਕਾ ਦੀ ਨਾਗਰਿਕਤਾ ਦਾ ਸੁਪਨਾ ਦੇਖ ਰਹੇ ਭਾਰਤੀਆਂ ਨੂੰ ਲੈ ਕੇ ਸਾਹਮਣੇ ਆਈ ਇਹ ਰਿਪੋਰਟ
ਅਮਰੀਕਾ 'ਚ ਭਾਰਤੀ ਪੇਸ਼ੇਵਰਾਂ ਲਈ ਸਥਾਈ ਨਾਗਰਿਕਤਾ (ਗ੍ਰੀਨ ਕਾਰਡ) ਦਾ ਇੰਤਜ਼ਾਰ ਲੰਬਾ ਹੋ ਗਿਆ ਹੈ। NFAP ਦੀ ਰਿਪੋਰਟ ਅਨੁਸਾਰ, EB-2 ਸ਼੍ਰੇਣੀ 'ਚ ਨਵੇਂ ਭਾਰਤੀ ਬਿਨੈਕਾਰਾਂ ਨੂੰ 179 ਸਾਲ ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ।
ਅਮਰੀਕਾ ‘ਚ ਨੌਕਰੀ ਕਰਨ ਵਾਲੇ ਭਾਰਤੀਆਂ ਲਈ ਸਥਾਈ ਨਾਗਰਿਕਤਾ ਯਾਨੀ ਗ੍ਰੀਨ ਕਾਰਡ ਹਾਸਲ ਕਰਨਾ ਆਸਾਨ ਨਹੀਂ ਹੈ। ਇਸ ਲਈ ਉਨ੍ਹਾਂ ਨੂੰ ਲੰਬਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਨੈਸ਼ਨਲ ਫਾਊਂਡੇਸ਼ਨ ਫਾਰ ਅਮਰੀਕਨ ਪਾਲਿਸੀ (NFAP) ਦੀ ਇੱਕ ਰਿਪੋਰਟ ਮੁਤਾਬਕ, ਜੇਕਰ ਕੋਈ ਭਾਰਤੀ ਨਾਗਰਿਕ ਇਸ ਸਾਲ ਰੁਜ਼ਗਾਰ-ਅਧਾਰਿਤ ਗ੍ਰੀਨ ਕਾਰਡ ਲਈ ਅਰਜ਼ੀ ਦਿੰਦਾ ਹੈ ਤਾਂ ਉਸ ਨੂੰ ਘੱਟੋ-ਘੱਟ 179 ਸਾਲ ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ। ਉੱਥੇ ਹੀ ਚੀਨੀ ਨਾਗਰਿਕਾਂ ਲਈ ਇਹ ਇੰਤਜ਼ਾਰ ਕਰੀਬ 25 ਸਾਲ ਤੱਕ ਹੋ ਸਕਦਾ ਹੈ।
ਰਿਪੋਰਟ ‘ਚ ਅਮਰੀਕੀ ਨਾਗਰਿਕਤਾ ਤੇ ਇਮੀਗ੍ਰੇਸ਼ਨ ਸੇਵਾਵਾਂ (USCIS) ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਇਸ ‘ਚ ਰੁਜ਼ਗਾਰ-ਅਧਾਰਿਤ ਗ੍ਰੀਨ ਕਾਰਡ ਦੀਆਂ EB-1, EB-2 ਅਤੇ EB-3 ਸ਼੍ਰੇਣੀਆਂ ‘ਚ ਲੰਬਿਤ ਅਰਜ਼ੀਆਂ ਨੂੰ ਦੇਖਿਆ ਗਿਆ ਹੈ। ਰਿਪੋਰਟ ਮੁਤਾਬਕ ਭਾਰਤੀਆਂ ਨੂੰ ਇਨ੍ਹਾਂ ਸ਼੍ਰੇਣੀਆਂ ‘ਚ ਸਭ ਤੋਂ ਵੱਧ ਦੇਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਰਿਪੋਰਟ ਮੁਤਾਬਕ ਜਨਵਰੀ 2026 ਜਾਂ ਇਸ ਤੋਂ ਬਾਅਦ ਗ੍ਰੀਨ ਕਾਰਡ ਲਈ ਅਰਜ਼ੀ ਦੇਣ ਵਾਲੇ ਭਾਰਤੀਆਂ ਲਈ EB-2 ਸ਼੍ਰੇਣੀ ‘ਚ ਸੰਭਾਵਿਤ ਇੰਤਜ਼ਾਰ 179 ਸਾਲ ਤੱਕ ਹੋ ਸਕਦਾ ਹੈ। ਉੱਥੇ ਹੀ EB-3 ਸ਼੍ਰੇਣੀ ‘ਚ ਇਹ ਇੰਤਜ਼ਾਰ ਕਰੀਬ 38 ਸਾਲ ਤੇ EB-1 ਸ਼੍ਰੇਣੀ ‘ਚ ਕਰੀਬ 5 ਸਾਲ ਹੋ ਸਕਦਾ ਹੈ। ਇਸ ਦੀ ਵੱਡੀ ਵਜ੍ਹਾ ਅਮਰੀਕਾ ‘ਚ ਰੁਜ਼ਗਾਰ-ਅਧਾਰਿਤ ਗ੍ਰੀਨ ਕਾਰਡ ਦੀ ਸੀਮਿਤ ਗਿਣਤੀ ਤੇ ਹਰ ਦੇਸ਼ ਲਈ ਤੈਅ ਸਾਲਾਨਾ ਸੀਮਾ ਹੈ। ਇਸ ਤੋਂ ਇਲਾਵਾ ਅਮਰੀਕਾ ‘ਚ ਵਿਦੇਸ਼ੀ ਵਿਗਿਆਨੀਆਂ, ਇੰਜੀਨੀਅਰਾਂ ਤੇ ਹੋਰ ਉੱਚ ਹੁਨਰ ਵਾਲੇ ਪੇਸ਼ੇਵਰਾਂ ਦੀ ਭਾਰੀ ਮੰਗ ਵੀ ਇਸ ਬੈਕਲਾਗ ਨੂੰ ਵਧਾ ਰਹੀ ਹੈ।
ਕਤਾਰ ‘ਚ ਕਰੀਬ 10 ਲੱਖ ਭਾਰਤੀ
ਅਮਰੀਕੀ ਕਾਨੂੰਨ ਤਹਿਤ ਹਰ ਸਾਲ ਕਰੀਬ 1.40 ਲੱਖ ਰੁਜ਼ਗਾਰ-ਅਧਾਰਿਤ ਗ੍ਰੀਨ ਕਾਰਡ ਜਾਰੀ ਕੀਤੇ ਜਾ ਸਕਦੇ ਹਨ। ਨਾਲ ਹੀ, ਕਿਸੇ ਇੱਕ ਦੇਸ਼ ਦੇ ਨਾਗਰਿਕਾਂ ਨੂੰ ਕੁੱਲ ਗ੍ਰੀਨ ਕਾਰਡਾਂ ਦਾ 7 ਫ਼ੀਸਦੀ ਤੋਂ ਵੱਧ ਦੇਣ ਤੇ ਵੀ ਸੀਮਾ ਲਾਗੂ ਹੈ। ਨੈਸ਼ਨਲ ਫਾਊਂਡੇਸ਼ਨ ਫਾਰ ਅਮਰੀਕਨ ਪਾਲਿਸੀ (NFAP) ਦੇ ਵਿਸ਼ਲੇਸ਼ਣ ਮੁਤਾਬਕ, ਭਾਰਤ ਦੇ ਲਗਭਗ 10 ਲੱਖ ਲੋਕ ਰੁਜ਼ਗਾਰ-ਅਧਾਰਿਤ ਇਮੀਗ੍ਰੇਸ਼ਨ ਬੈਕਲਾਗ ‘ਚ ਫਸੇ ਹੋਏ ਹਨ, ਜੋ ਦਸੰਬਰ 2025 ਤੱਕ ਕੁੱਲ ਗ੍ਰੀਨ ਕਾਰਡ ਸਟਾਕ ਦਾ 79 ਫੀਸਦੀ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਕੌਮੀਅਤ ਦੇ ਆਧਾਰ ਤੇ ਮਿਲਣ ਵਾਲੇ ਗ੍ਰੀਨ ਕਾਰਡਾਂ ਦੀ ਸੀਮਾ ਦਾ ਚੀਨੀ ਤੇ ਫਿਲੀਪੀਨੋ ਨਾਗਰਿਕਾਂ ਦੇ ਮੁਕਾਬਲੇ ਭਾਰਤੀ ਨਾਗਰਿਕਾਂ ਤੇ ਕਿਤੇ ਵੱਧ ਪ੍ਰਭਾਵ ਪੈਂਦਾ ਹੈ।
EB-2 ਸ਼੍ਰੇਣੀ ‘ਚ ਭਾਰਤੀਆਂ ਲਈ ਸਭ ਤੋਂ ਗੰਭੀਰ ਸਥਿਤੀ
EB-1, EB-2 ਅਤੇ EB-3 ਸ਼੍ਰੇਣੀਆਂ ‘ਚ ਕੁੱਲ ਬੈਕਲਾਗ ਵੀ ਲਗਾਤਾਰ ਵਧਿਆ ਹੈ। ਦਸੰਬਰ 2025 ਤੱਕ ਇਹ ਅੰਕੜਾ ਕਰੀਬ 12.6 ਲੱਖ ਤੱਕ ਪਹੁੰਚ ਗਿਆ, ਜੋ ਅਪ੍ਰੈਲ 2020 ‘ਚ ਲਗਭਗ 10.5 ਲੱਖ ਸੀ। ਇਸ ਦਾ ਮਤਲਬ ਹੈ ਕਿ ਪੰਜ ਸਾਲਾਂ ‘ਚ ਬੈਕਲਾਗ ‘ਚ ਕਰੀਬ 20.6 ਫੀਸਦੀ ਦਾ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ
ਰਿਪੋਰਟ ਮੁਤਾਬਕ ਭਾਰਤੀ ਲੋਕਾਂ ਲਈ ਸਭ ਤੋਂ ਗੰਭੀਰ ਸਥਿਤੀ EB-2 ਸ਼੍ਰੇਣੀ ‘ਚ ਹੈ। ਇਸ ਸ਼੍ਰੇਣੀ ‘ਚ ਨਵੀਂ ਅਰਜ਼ੀ ਦੇਣ ਵਾਲੇ ਕਿਸੇ ਉੱਚ ਹੁਨਰ ਵਾਲੇ ਭਾਰਤੀ ਕਰਮਚਾਰੀ ਨੂੰ ਅਨੁਮਾਨਿਤ 179 ਸਾਲ ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ। ਉੱਥੇ ਹੀ EB-3 ਸ਼੍ਰੇਣੀ ‘ਚ ਇਹ ਇੰਤਜ਼ਾਰ ਕਰੀਬ 38 ਸਾਲ ਅਤੇ EB-1 ਸ਼੍ਰੇਣੀ ‘ਚ ਲਗਭਗ 4 ਤੋਂ 5 ਸਾਲ ਤੱਕ ਹੋ ਸਕਦਾ ਹੈ। ਹਾਲਾਂਕਿ ਇਹ ਅਨੁਮਾਨ ਮੌਜੂਦਾ ਬੈਕਲਾਗ ਅਤੇ ਨਿਯਮਾਂ ਦੇ ਆਧਾਰ ਤੇ ਕੱਢੇ ਗਏ ਹਨ ਤੇ ਅਸਲ ਹਾਲਾਤਾਂ ‘ਚ ਬਦਲਾਅ ਦੇ ਨਾਲ ਇੰਤਜ਼ਾਰ ਦਾ ਸਮਾਂ ਵੱਖਰਾ ਹੋ ਸਕਦਾ ਹੈ।
ਗ੍ਰੀਨ ਕਾਰਡ ਦੀਆਂ ਤਿੰਨ ਪ੍ਰਮੁੱਖ ਸ਼੍ਰੇਣੀਆਂ
ਭਾਰਤੀ ਪੇਸ਼ੇਵਰਾਂ ਲਈ ਰੁਜ਼ਗਾਰ-ਅਧਾਰਿਤ ਗ੍ਰੀਨ ਕਾਰਡ ਦੀਆਂ ਤਿੰਨ ਪ੍ਰਮੁੱਖ ਸ਼੍ਰੇਣੀਆਂ ਹਨ।
- EB-1: ਇਸ ‘ਚ ਆਪਣੇ ਖੇਤਰ ‘ਚ ਅਸਾਧਾਰਣ ਸਮਰੱਥਾ ਰੱਖਣ ਵਾਲੇ ਲੋਕ, ਪ੍ਰਮੁੱਖ ਅਧਿਆਪਕ-ਖੋਜਕਰਤਾ ਤੇ ਬਹੁ-ਰਾਸ਼ਟਰੀ ਕੰਪਨੀਆਂ ਦੇ ਕੁਝ ਸੀਨੀਅਰ ਅਧਿਕਾਰੀ ਸ਼ਾਮਲ ਹੁੰਦੇ ਹਨ।
- EB-2: ਇਸ ਵਿੱ’ਚ ਉੱਚ ਵਿੱਦਿਅਕ ਯੋਗਤਾ ਰੱਖਣ ਵਾਲੇ ਪੇਸ਼ੇਵਰ ਤੇ ਆਪਣੇ ਖੇਤਰ ‘ਚ ਵਿਸ਼ੇਸ਼ ਯੋਗਤਾ ਰੱਖਣ ਵਾਲੇ ਲੋਕ ਆਉਂਦੇ ਹਨ।
- EB-3: ਇਸ ਵਿੱਚ ਗ੍ਰੈਜੂਏਟ ਡਿਗਰੀ ਵਾਲੇ ਪੇਸ਼ੇਵਰਾਂ ਤੋਂ ਇਲਾਵਾ ਹੁਨਰਮੰਦ ਤੇ ਹੋਰ ਸ਼੍ਰੇਣੀ ਦੇ ਕਰਮਚਾਰੀ ਸ਼ਾਮਲ ਹੁੰਦੇ ਹਨ।
ਭਾਰਤੀ ਤੇ ਚੀਨੀ ਬਿਨੈਕਾਰਾਂ ਦੇ ਇੰਤਜ਼ਾਰ ‘ਚ ਵੱਡਾ ਅੰਤਰ
NFAP ਦੀ ਰਿਪੋਰਟ ‘ਚ ਭਾਰਤੀ ਅਤੇ ਚੀਨੀ ਬਿਨੈਕਾਰਾਂ ਦੇ ਇੰਤਜ਼ਾਰ ‘ਚ ਵੱਡਾ ਅੰਤਰ ਸਾਹਮਣੇ ਆਇਆ ਹੈ। ਭਾਰਤੀਆਂ ਲਈ EB-2 ਸ਼੍ਰੇਣੀ ‘ਚ ਸੰਭਾਵਿਤ ਇੰਤਜ਼ਾਰ 179 ਸਾਲ, ਜਦਕਿ ਚੀਨੀ ਨਾਗਰਿਕਾਂ ਲਈ ਇਹ ਕਰੀਬ 25 ਸਾਲ ਦੱਸਿਆ ਗਿਆ ਹੈ। ਇਸੇ ਤਰ੍ਹਾਂ EB-3 ‘ਚ ਭਾਰਤੀਆਂ ਲਈ ਕਰੀਬ 38 ਸਾਲ, ਜਦਕਿ ਚੀਨੀ ਨਾਗਰਿਕਾਂ ਲਈ ਕਰੀਬ 7 ਸਾਲ ਦਾ ਇੰਤਜ਼ਾਰ ਹੋ ਸਕਦਾ ਹੈ। EB-1 ‘ਚ ਭਾਰਤੀਆਂ ਲਈ ਸੰਭਾਵਿਤ ਇੰਤਜ਼ਾਰ ਕਰੀਬ 5 ਸਾਲ ਦੱਸਿਆ ਗਿਆ ਹੈ।
Source: TV9Hindi.com
