ਵਧੀ ਠੰਡੀ… ਪਰ ਅਜੇ ਵੀ ਮੀਂਹ ਦਾ ਇੰਤਜ਼ਾਰ ਕਰ ਰਿਹਾ ਪੰਜਾਬ… ਜਾਣੋਂ ਕਦੋਂ ਮਿਲੇਗੀ ਰਾਹਤ
ਦੇਸ਼ ਭਰ ਵਿੱਚ ਸੀਤ ਲਹਿਰ ਚੱਲ ਰਹੀ ਹੈ। ਮੌਸਮ ਵਿਭਾਗ ਨੇ ਦਿੱਲੀ ਵਿੱਚ ਸੰਘਣੀ ਧੁੰਦ ਅਤੇ ਯੂਪੀ-ਬਿਹਾਰ ਵਿੱਚ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਦਸੰਬਰ ਦੀ ਸ਼ੁਰੂਆਤ ਵਿੱਚ ਦਿੱਲੀ ਦਾ ਘੱਟੋ-ਘੱਟ ਤਾਪਮਾਨ 37 ਸਾਲਾਂ ਵਿੱਚ ਪਹਿਲੀ ਵਾਰ ਪੰਜ ਡਿਗਰੀ ਸੈਲਸੀਅਸ ਤੋਂ ਹੇਠਾਂ ਦਰਜ ਕੀਤਾ ਗਿਆ ਹੈ।
ਪਹਾੜੀ ਇਲਾਕਿਆਂ ‘ਚ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ ‘ਚ ਵੀ ਤਾਪਮਾਨ ਡਿੱਗਣਾ ਸ਼ੁਰੂ ਹੋ ਗਿਆ ਹੈ। ਦੇਸ਼ ਭਰ ਵਿੱਚ ਸੀਤ ਲਹਿਰ ਚੱਲ ਰਹੀ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ‘ਚ ਦਿੱਲੀ, ਯੂਪੀ, ਬਿਹਾਰ, ਪੰਜਾਬ, ਹਰਿਆਣਾ, ਰਾਜਸਥਾਨ ਸਮੇਤ ਦੇਸ਼ ਦੇ ਕਈ ਸੂਬਿਆਂ ‘ਚ ਕੜਾਕੇ ਦੀ ਠੰਡ ਪੈਣ ਦੀ ਸੰਭਾਵਨਾ ਹੈ। ਬੁੱਧਵਾਰ ਨੂੰ ਕੌਮੀ ਰਾਜਧਾਨੀ ‘ਚ ਇਸ ਸਰਦੀਆਂ ਦਾ ਹੁਣ ਤੱਕ ਦਾ ਸਭ ਤੋਂ ਘੱਟ ਤਾਪਮਾਨ ਦਰਜ ਕੀਤਾ ਗਿਆ। ਇਸ ਦੌਰਾਨ ਘੱਟੋ-ਘੱਟ ਤਾਪਮਾਨ 4.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਭਾਰਤੀ ਮੌਸਮ ਵਿਭਾਗ (IMD) ਨੇ ਕਿਹਾ, ਸਫਦਰਜੰਗ ਆਬਜ਼ਰਵੇਟਰੀ ‘ਚ ਘੱਟੋ-ਘੱਟ ਤਾਪਮਾਨ 4.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਸੀਜ਼ਨ ਦਾ ਸਭ ਤੋਂ ਘੱਟ ਤਾਪਮਾਨ ਹੈ। ਪਿਛਲੇ ਸਾਲ ਵੀ 15 ਦਸੰਬਰ ਨੂੰ ਘੱਟੋ-ਘੱਟ ਤਾਪਮਾਨ 4.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ 11 ਦਸੰਬਰ ਨੂੰ ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।
ਅਜਿਹਾ 37 ਸਾਲਾਂ ਵਿੱਚ ਪਹਿਲੀ ਵਾਰ
ਆਈਐਮਡੀ ਨੇ ਕਿਹਾ ਕਿ ਦਸੰਬਰ ਦੇ ਸ਼ੁਰੂ ਵਿੱਚ ਘੱਟੋ-ਘੱਟ ਤਾਪਮਾਨ 37 ਸਾਲਾਂ ਵਿੱਚ ਪਹਿਲੀ ਵਾਰ ਪੰਜ ਡਿਗਰੀ ਸੈਲਸੀਅਸ ਤੋਂ ਹੇਠਾਂ ਦਰਜ ਕੀਤਾ ਗਿਆ ਹੈ। ਅੰਕੜਿਆਂ ਅਨੁਸਾਰ ਇਸ ਸਮੇਂ ਦੌਰਾਨ ਸਭ ਤੋਂ ਘੱਟ ਤਾਪਮਾਨ 6 ਦਸੰਬਰ 1987 ਨੂੰ 4.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।
ਯੈਲੋ ਅਲਰਟ ਜਾਰੀ
ਮੌਸਮ ਵਿਭਾਗ ਮੁਤਾਬਕ 12 ਦਸੰਬਰ ਨੂੰ ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਰਾਸ਼ਟਰੀ ਰਾਜਧਾਨੀ ‘ਚ ਅਗਲੇ ਦੋ ਦਿਨਾਂ ਤੱਕ ਸੀਤ ਲਹਿਰ ਅਤੇ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ, ਜਿਸ ਕਾਰਨ ਵਿਭਾਗ ਨੇ ਯੈਲੋ ਅਲਰਟ ਵੀ ਜਾਰੀ ਕੀਤਾ ਹੈ।
ਪੰਜਾਬ ਚ ਮੌਸਮ ਰਹੇਗਾ ਸਾਫ਼
ਪੰਜਾਬ ਦੇ ਵਿੱਚ ਅੱਜ ਮੌਸਮ ਸਾਫ਼ ਰਹੇਗਾ। ਦਿਨ ਵਿੱਚ ਸੂਰਜ ਵੀ ਦਿਖਾਈ ਦੇਵੇਗਾ। ਜਦੋਂ ਆਉਣ ਵਾਲੇ ਕੱਲ੍ਹ ਨੂੰ ਦੁਪਹਿਰ ਸਮੇਂ ਬੱਦਲਵਾਈ ਹੋ ਸਕਦੀ ਹੈ। ਜਦੋਂਕਿ ਅਗਲੇ ਹਫਤੇ 22 ਦਸੰਬਰ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਜੇਕਰ ਗੱਲ ਕਰੀਏ ਅੱਜ ਦੇ ਦਿਨ ਦੀ ਤਾਂ ਪੰਜਾਬ ਵਿੱਚ ਸਵੇਰੇ 7 ਵਜ ਕੇ 15 ਮਿੰਟ ਤੇ ਸੂਰਜ ਚੜਿਆ ਅਤੇ ਸਾਮ 5 ਵਜ ਕੇ 26 ਮਿੰਟ ਤੇ ਸੁਰਜ ਛਿਪ ਜਾਵੇਗਾ। ਇਸ ਅਨੁਸਾਰ ਅੱਜ ਦਾ ਦਿਨ ਕਰੀਬ 10 ਘੰਟਿਆਂ ਦਾ ਰਹੇਗਾ।
ਇਹ ਵੀ ਪੜ੍ਹੋ
ਠੰਡਾ ਹੋਇਆ ਹਿਮਾਚਲ
ਹਿਮਾਚਲ ਪ੍ਰਦੇਸ਼ ਦਾ ਮੌਸਮ ਬਦਲ ਰਿਹਾ ਹੈ। ਹਿਮਾਚਲ ਪ੍ਰਦੇਸ਼ ‘ਚ ਬੁੱਧਵਾਰ ਨੂੰ ਜ਼ਿਆਦਾਤਰ ਥਾਵਾਂ ‘ਤੇ ਘੱਟੋ-ਘੱਟ ਤਾਪਮਾਨ ਆਮ ਨਾਲੋਂ ਤਿੰਨ ਤੋਂ ਪੰਜ ਡਿਗਰੀ ਘੱਟ ਦਰਜ ਕੀਤਾ ਗਿਆ ਜਦਕਿ ਕੁਝ ਇਲਾਕਿਆਂ ‘ਚ ਹਲਕੀ ਬਰਫਬਾਰੀ ਵੀ ਹੋਈ। ਇਸ ਦੌਰਾਨ, ਕਬਾਇਲੀ ਜ਼ਿਲੇ ਲਾਹੌਲ-ਸਪੀਤੀ ਦਾ ਤਾਬੋ ਸੂਬੇ ਦਾ ਸਭ ਤੋਂ ਠੰਡਾ ਸਥਾਨ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 12.7 ਡਿਗਰੀ ਹੇਠਾਂ ਦਰਜ ਕੀਤਾ ਗਿਆ। ਕਸ਼ਮੀਰ ਵਿੱਚ ਵੀ ਬਰਫ਼ਬਾਰੀ ਹੋ ਰਹੀ ਹੈ। ਘਾਟੀ ਦੇ ਉੱਚੇ ਇਲਾਕਿਆਂ ‘ਚ ਘੱਟੋ-ਘੱਟ ਤਾਪਮਾਨ ‘ਚ ਕੁਝ ਵਾਧਾ ਹੋਇਆ ਹੈ ਪਰ ਕਸ਼ਮੀਰ ਘਾਟੀ ‘ਚ ਘੱਟੋ-ਘੱਟ ਤਾਪਮਾਨ ਫ੍ਰੀਜ਼ਿੰਗ ਪੁਆਇੰਟ ਤੋਂ ਹੇਠਾਂ ਬਣਿਆ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੱਦਲਵਾਈ ਕਾਰਨ ਸ਼੍ਰੀਨਗਰ ਸਮੇਤ ਪੂਰੀ ਘਾਟੀ ‘ਚ ਰਾਤ ਦਾ ਤਾਪਮਾਨ ਵਧ ਗਿਆ ਹੈ। ਉੱਤਰੀ ਕਸ਼ਮੀਰ ਦੇ ਮਸ਼ਹੂਰ ਗੁਲਮਰਗ ਵਿੱਚ ਰਾਤ ਦਾ ਤਾਪਮਾਨ ਮਨਫ਼ੀ ਛੇ ਡਿਗਰੀ ਸੈਲਸੀਅਸ ਤੋਂ ਹੇਠਾਂ ਦਰਜ ਕੀਤਾ ਗਿਆ।
ਮੀਂਹ ਦੀ ਸੰਭਾਵਨਾ
ਦੱਖਣੀ ਭਾਰਤ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ। ਦਸੰਬਰ ਮਹੀਨੇ ਵਿੱਚ ਤਾਮਿਲਨਾਡੂ, ਕੇਰਲ ਅਤੇ ਤੱਟਵਰਤੀ ਰਾਜਾਂ ਵਿੱਚ ਮੀਂਹ ਪੈਂਦਾ ਹੈ। ਅੱਜ 12 ਦਸੰਬਰ ਨੂੰ ਵੀ ਕੇਰਲ, ਮਾਹੇ, ਤੱਟੀ ਆਂਧਰਾ ਪ੍ਰਦੇਸ਼, ਯਾਨਮ, ਤਾਮਿਲਨਾਡੂ ਅਤੇ ਅੰਦਰੂਨੀ ਕਰਨਾਟਕ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।