Weather: ਪੰਜਾਬ ਵਿੱਚ ਠੰਡ ਅਤੇ ਧੁੰਦ ਨੇ ਠਾਰ੍ਹੇ ਲੋਕ ਤਾਂ…. ਦਿੱਲੀ ਵਿੱਚ ਹੋਈ ਹਲਕੀ ਬਾਰਿਸ਼
Punjab Weather Updates: ਪੰਜਾਬ ਵਿੱਚ ਪੋਹ ਮਹੀਨੇ ਦੀ ਆਮਦ ਤੋਂ ਹੀ ਠੰਡ ਆਪਣੇ ਚਰਮ ਤੇ ਹੈ। ਮੌਸਮ ਵਿਭਾਗ ਦੇ ਅਨੁਸਾਰ ਅੱਜ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਸਵੇਰ ਦੇ ਸਮੇਂ ਧੁੰਦ ਦੀ ਸੰਘਣੀ ਚਾਦਰ ਦੇਖਣ ਨੂੰ ਮਿਲੇਗੀ। ਇਸ ਤੋਂ ਇਲਾਵਾ ਚੱਲ ਰਹੀ ਸੀਤ ਲਹਿਰ (ਸੁੱਕੀ ਠੰਡ) ਮੌਸਮ ਨੂੰ ਹੋਰ ਵੀ ਜ਼ਿਆਦਾ ਠੰਡਾ ਕਰੇਗੀ।
ਪਹਾੜੀ ਇਲਾਕਿਆਂ ਵਿੱਚ ਹੋ ਰਹੀ ਬਰਫਬਾਰੀ ਨੇ ਉੱਤਰ ਭਾਰਤ ਦੇ ਮੈਦਾਨ ਇਲਾਕਿਆਂ ਵਿੱਚ ਠੰਡ ਵਧਾ ਦਿੱਤੀ ਹੈ। ਜਿਸ ਦਾ ਅਸਰ ਮੈਦਾਨੀ ਇਲਾਕਿਆਂ ਖਾਸ ਕਰਕੇ ਪੰਜਾਬ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤਾਪਮਾਨ 1-2 ਡਿਗਰੀ ਤੱਕ ਦਰਜ ਕੀਤਾ ਗਿਆ ਹੈ। ਉੱਧਰ ਦਿੱਲੀ ਵਿੱਚ ਸਵੇਰ ਦੇ ਸਮੇਂ ਹਲਕੀ ਬਾਰਿਸ਼ ਦੇਖਣ ਨੂੰ ਮਿਲੀ ਹੈ। ਹਾਲਾਂਕਿ ਪੰਜਾਬ ਅਜੇ ਵੀ ਬਾਰਿਸ਼ ਦਾ ਇੰਤਜ਼ਾਰ ਕਰ ਰਿਹਾ ਹੈ।
ਪੰਜਾਬ ਵਿੱਚ 25 ਦਸੰਬਰ ਤੱਕ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਜਦੋਂ ਕਿ 26 ਦੀ ਰਾਤ ਤੋਂ ਪੰਜਾਬ ਵਿੱਚ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਰਿਹਾ ਹੈ। ਮੌਸਮ ਵਿਭਾਗ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਪੰਜਾਬ ਦੇ ਪਠਾਨਕੋਟ ਵਿੱਚ ਤਾਪਮਾਨ 3 ਡਿਗਰੀ ਦਰਜ ਕੀਤਾ ਗਿਆ, ਜਦਕਿ ਚੰਡੀਗੜ੍ਹ ਵਿੱਚ ਤਾਪਮਾਨ 7 ਡਿਗਰੀ ਦੇ ਆਸ-ਪਾਸ ਪਹੁੰਚ ਗਿਆ।
ਪੰਜਾਬ ਦੇ 5 ਜ਼ਿਲ੍ਹਿਆਂ ਵਿੱਚ ਧੁੰਦ ਨੂੰ ਲੈ ਕੇ ਅੱਜ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਅਲਰਟ ਮੁਤਾਬਕ ਪੰਜਾਬ ਦੇ ਅੰਮ੍ਰਿਤਸਰ, ਤਰਨਤਾਰਨ, ਲੁਧਿਆਣਾ, ਬਰਨਾਲਾ ਅਤੇ ਬਠਿੰਡਾ ਵਿੱਚ ਧੁੰਦ ਪੈਣ ਦੀ ਸੰਭਾਵਨਾ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਧੁੰਦ ਖੁੱਲੇ ਇਲਾਕਿਆਂ ਵਿੱਚ ਹੋਰ ਵੀ ਪਰੇਸ਼ਾਨੀ ਪੈਦਾ ਕਰੇਗੀ। ਇਸ ਦੇ ਨਾਲ ਹੀ ਦੁਪਹਿਰ ਵੇਲੇ ਧੁੱਪ ਨਿਕਲਣ ਦੀ ਸੰਭਾਵਨਾ ਹੈ ਅਤੇ ਤਾਪਮਾਨ ਆਮ ਦੇ ਨੇੜੇ ਰਹੇਗਾ।
ਹੋ ਸਕਦੀ ਹੈ ਹਲਕੀ ਬਾਰਿਸ਼
ਦਿੱਲੀ ਵਿੱਚ ਹੋਈ ਬਾਰਿਸ਼ ਤੋਂ ਬਾਅਦ ਪੰਜਾਬ ਵਿੱਚ ਇੱਕ ਵੈਸਟਰਨ ਡਿਸਟਰਬੈਂਸ ਚੱਕਰਵਾਤ ਦੇ ਰੂਪ ਵਿੱਚ ਸਰਗਰਮ ਹੋ ਗਿਆ ਹੈ। ਇਸ ਦੇ ਨਾਲ ਹੀ ਪਾਕਿਸਤਾਨ-ਅਫਗਾਨਿਸਤਾਨ ਸਰਹੱਦ ‘ਤੇ ਇਕ ਹੋਰ ਚੱਕਰਵਾਤੀ ਚੱਕਰ ਵੀ ਸਰਗਰਮ ਹੈ। ਜਿਸ ਤੋਂ ਬਾਅਦ ਉਮੀਦ ਜਤਾਈ ਜਾ ਰਹੀ ਹੈ ਕਿ ਅੱਜ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਦੇ ਮੈਦਾਨੀ ਇਲਾਕਿਆਂ ‘ਚ ਹਲਕੀ ਬਾਰਿਸ਼ ਹੋ ਸਕਦੀ ਹੈ।
ਇਸ ਦੇ ਨਾਲ ਹੀ 26 ਦਸੰਬਰ ਦੀ ਰਾਤ ਤੋਂ ਵੈਸਟਰਨ ਡਿਸਟਰਬੈਂਸ ਸਰਗਰਮ ਹੋਣ ਜਾ ਰਿਹਾ ਹੈ। ਜਿਸ ਤੋਂ ਬਾਅਦ 26 ਦਸੰਬਰ ਨੂੰ ਇੱਕ-ਦੋ ਥਾਵਾਂ ‘ਤੇ ਅਤੇ 27 ਦਸੰਬਰ ਨੂੰ ਪੂਰੇ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ
ਪੌਣੇ 10 ਘੰਟਿਆਂ ਦਾ ਰਹੇਗਾ ਦਿਨ
ਮੌਸਮ ਵਿੱਚ ਬਦਲਾਅ ਤੋਂ ਬਾਅਦ ਦਿਨ ਦੇ ਘੰਟਿਆਂ ਵਿੱਚ ਵੀ ਬਦਲਾਅ ਦੇਖਿਆ ਜਾ ਸਕਦਾ ਹੈ। ਅੱਜ ਦਾ ਦਿਨ ਕਰੀਬ ਪੌਣੇ 9 ਘੰਟਿਆਂ ਦਾ ਰਹੇਗਾ। ਸੂਰਜ ਸਵੇਰੇ 7 ਵਜ ਕੇ 22 ਮਿੰਟ ਤੇ ਚੜ੍ਹਿਆ ਅਤੇ ਸ਼ਾਮ ਨੂੰ ਕਰੀਬ ਸਾਢੇ 5 ਵਜੇ ਛਿਪ ਜਾਵੇਗਾ।