Punjab Weather Alert: ਪੰਜਾਬ ‘ਚ ਮੀਂਹ ਦਾ ਅਲਰਟ, ਭਾਖੜਾ ਡੈਮ ‘ਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ 25 ਫੁੱਟ ਹੇਠਾਂ
Punjab Weather Update: ਪੰਜਾਬ 'ਚ ਮੌਸਮ ਵਿਭਾਗ ਵੱਲੋਂ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਹਿਮਾਚਲ 'ਚ ਹੋਈ ਬਾਰਿਸ਼ ਨੇ ਭਾਖੜਾ ਡੈਮ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ।

Punjab Weather: ਪੰਜਾਬ ਵਿੱਚ ਬੁੱਧਵਾਰ ਅਤੇ ਵੀਰਵਾਰ ਨੂੰ ਮੌਸਮ ਵਿਭਾਗ ਨੇ ਮੀਂਹ ਦਾ ਅਲਰਟ (Alert) ਜਾਰੀ ਕੀਤਾ ਹੈ। ਪੰਜਾਬ ਦੇ ਕਈ ਹਿੱਸਿਆਂ ਵਿੱਚ ਦਰਮਿਆਨੀ ਬਾਰਿਸ਼ ਹੋਵੇਗੀ। ਜਿਸ ਕਾਰਨ ਤਾਪਮਾਨ ‘ਚ ਵੀ ਗਿਰਾਵਟ ਦੇਖਣ ਨੂੰ ਮਿਲੇਗੀ। ਰੁਕ-ਰੁਕ ਕੇ ਮੀਂਹ ਪਵੇਗਾ। ਇਸ ਦੇ ਨਾਲ ਹੀ ਹਿਮਾਚਲ ‘ਚ ਵੀ ਬਾਰਿਸ਼ ਹੋਣ ਦੇ ਆਸਾਰ ਹਨ, ਜਿਸ ਕਾਰਨ ਦਰਿਆਵਾਂ ‘ਚ ਪਾਣੀ ਦਾ ਪੱਧਰ ਇਕ ਵਾਰ ਫਿਰ ਵਧਣ ਦੀ ਸੰਭਾਵਨਾ ਹੈ।
ਦੱਸ ਦਈਏ ਕਿ ਬੀਤੇ ਦਿਨ ਮੰਗਲਵਾਰ ਨੂੰ ਕੁਝ ਇਲਾਕਿਆਂ ‘ਚ ਸਵੇਰੇ ਹੋਈ ਬਾਰਿਸ਼ ਨੇ ਘੱਟੋ-ਘੱਟ ਤਾਪਮਾਨ ‘ਚ ਗਿਰਾਵਟ ਲਿਆਂਦੀ ਪਰ ਹਿਮਾਚਲ ‘ਚ ਹੋਈ ਬਾਰਿਸ਼ ਨੇ ਭਾਖੜਾ ਡੈਮ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ।
ਭਾਖੜਾ ਡੈਮ ‘ਚ ਪਾਣੀ ਦਾ ਪੱਧਰ 1655.75 ਫੁੱਟ
ਭਾਖੜਾ ਡੈਮ ‘ਚ ਪਾਣੀ ਦਾ ਪੱਧਰ 1655.75 ਫੁੱਟ ਮੰਗਲਵਾਰ ਨੂੰ ਦਰਜ ਕੀਤਾ ਗਿਆ। ਡੈਮ ‘ਚ ਪਾਣੀ ਦੀ ਆਮਦ 57549 ਕਿਊਸਿਕ ਦਰਜ ਕੀਤਾ ਗਿਆ ਹੈ ਜਦਕਿ ਭਾਖੜਾ ਡੈਮ (Bhakra Dam) ‘ਚੋਂ ਟਰਬਾਈਨਾਂ ਰਾਹੀਂ ਸਿਰਫ਼ 40,971 ਕਿਊਸਿਕ ਪਾਣੀ ਛੱਡਿਆ ਗਿਆ। ਭਾਖੜਾ ਤੋਂ ਨੰਗਲ ਡੈਮ ਲਈ ਨੰਗਲ ਹਾਈਡਲ ਨਹਿਰ ਵਿੱਚ 12,350 ਕਿਊਸਿਕ, ਆਨੰਦਪੁਰ ਸਾਹਿਬ ਹਾਈਡਲ ਨਹਿਰ ਵਿੱਚ 10,150 ਕਿਊਸਿਕ, ਜਦੋਂ ਕਿ ਸਤਲੁਜ ਦਰਿਆ ਵਿੱਚ 18600 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।