ਕੇਜਰੀਵਾਲ ਦੀ ਥਾਂ ਆਤਿਸ਼ੀ ਬਣੀ ਦਿੱਲੀ ਦੇ ਮੁੱਖ ਮੰਤਰੀ, 5 ਮੰਤਰੀਆਂ ਨੇ ਵੀ ਚੁੱਕੀ ਸਹੁੰ
ਆਤਿਸ਼ੀ ਨੇ 2020 ਵਿੱਚ ਕਾਲਕਾਜੀ ਵਿਧਾਨ ਸਭਾ ਹਲਕੇ ਤੋਂ ਜਿੱਤ ਹਾਸਲ ਕੀਤੀ ਸੀ। ਉਹ ਕੇਜਰੀਵਾਲ ਸਰਕਾਰ ਵਿੱਚ ਮੰਤਰੀ ਮੰਡਲ ਵਿੱਚ ਇੱਕੋ ਇੱਕ ਮਹਿਲਾ ਮੰਤਰੀ ਸੀ। ਉਨ੍ਹਾਂ ਨੂੰ 17 ਸਤੰਬਰ ਨੂੰ ਆਪ ਵਿਧਾਇਕਾਂ ਦੁਆਰਾ ਸਰਬਸੰਮਤੀ ਨਾਲ ਮੁੱਖ ਮੰਤਰੀ ਦੇ ਅਹੁਦੇ ਲਈ ਚੁਣਿਆ ਗਿਆ ਸੀ।
ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਅਸਤੀਫਾ ਦੇਣ ਤੋਂ ਬਾਅਦ ਹੁਣ ਆਤਿਸ਼ੀ ਦਿੱਲੀ ਦੀ ਅਗਲੀ ਮੁੱਖ ਮੰਤਰੀ ਬਣ ਗਈ ਹੈ। ਉਹਨਾਂ ਨੂੰ ਦਿੱਲੀ ਦੇ ਉੱਪ ਰਾਜਪਾਲ ਵੀ ਕੇ ਸਕਸ਼ੈਨਾ ਨੇ ਅਹੁਦਾ ਦੀ ਸਹੁੰ ਚੁਕਾਈ। ਆਤਸ਼ੀ ਦੇ ਨਾਲ ਉਹਨਾਂ ਦੇ ਸਰਕਾਰ ਦੇ 5 ਮੰਤਰੀਆਂ ਨੇ ਵੀ ਸਹੁੰ ਚੁੱਕੀ। ਇਸ ਤੋਂ ਪਹਿਲਾਂ ਆਤਸ਼ੀ ਸਿੱਖਿਆ ਵਿਭਾਗ ਸਮੇਤ ਦਿੱਲੀ ਦੇ ਕਈ ਅਹਿਮ ਮੰਤਰਾਲਿਆਂ ਨੂੰ ਮੰਤਰੀ ਵਜੋਂ ਸੰਭਾਲ ਚੁੱਕੀ ਹੈ। ਆਤਿਸ਼ੀ ਦੇ ਨਾਲ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਪੰਜ ਵਿਧਾਇਕਾਂ ਵਿੱਚ ਗੋਪਾਲ ਰਾਏ, ਸੌਰਭ ਭਾਰਦਵਾਜ, ਕੈਲਾਸ਼ ਗਹਿਲੋਤ, ਇਮਰਾਨ ਹੁਸੈਨ ਅਤੇ ਮੁਕੇਸ਼ ਅਹਲਾਵਤ ਦੇ ਨਾਂ ਸ਼ਾਮਿਲ ਹਨ। ਮੁਕੇਸ਼ ਅਹਲਾਵਤ ਨੂੰ ਪਹਿਲੀ ਵਾਰ ਆਤਿਸ਼ੀ ਦੀ ਕੈਬਨਿਟ ਚ ਜਗ੍ਹਾ ਮਿਲੀ ਹੈ।