ਵਿਹਲੇ ਰਹਿਣ ਦਾ ਮੁਕਾਬਲਾ… ਬਿਨਾਂ ਕੁੱਝ ਕੀਤੇ ਜਿੱਤਿਆ ਇਨਾਮ, ਇਹ ਸਨ ਪ੍ਰਤਿਯੋਗਤਾ ਦੇ ਨਿਯਮ
ਮੋਗਾ 'ਚ ਇੱਕ ਵਿਲੱਖਣ 'ਵਿਹਲੇ ਰਹਿਣ ਦਾ ਮੁਕਾਬਲਾ' ਆਯੋਜਿਤ ਕੀਤਾ ਗਿਆ, ਜਿੱਥੇ ਭਾਗੀਦਾਰਾਂ ਨੂੰ ਮੋਬਾਈਲ ਫੋਨ, ਭੋਜਨ ਜਾਂ ਬਾਥਰੂਮ ਬ੍ਰੇਕ ਤੋਂ ਬਿਨਾਂ ਵਿਹਲੇ ਬੈਠੇ ਰਹਿਣਾ ਸੀ। 31 ਘੰਟਿਆਂ ਤੋਂ ਵੱਧ ਸਮੇਂ ਤੱਕ ਵਿਹਲੇ ਬੈਠੇ ਰਹਿਣ ਤੋਂ ਬਾਅਦ ਦੋ ਲੋਕ ਜੇਤੂ ਬਣੇ। ਪਹਿਲੇ ਨੰਬਰ 'ਤੇ ਰਹਿਣ ਵਾਲੇ ਦੋਵੇਂ ਜੇਤੂਆਂ ਨੂੰ ਇੱਕ-ਇੱਕ ਸਾਈਕਲ ਤੇ ਸ਼ੁੱਧ ਘਿਓ ਦਾ ਇੱਕ ਡੱਬਾ ਦਿੱਤਾ ਗਿਆ।
ਤੁਸੀਂ ਬਹੁਤ ਸਾਰੇ ਮੁਕਾਬਲੇ ਦੇਖੇ ਹੋਣਗੇ, ਪਰ ਕੀ ਤੁਸੀਂ ਕਦੇ ਅਜਿਹਾ ਮੁਕਾਬਲਾ ਦੇਖਿਆ ਹੈ ਜਿਸ ‘ਚ ਕੁੱਝ ਨਾ ਕਰਨ ਵਾਲਾ ਵਿਅਕਤੀ ਜੇਤੂ ਰਿਹਾ ਹੋਵੇ? ਅਜਿਹਾ ਮੁਕਾਬਲਾ ਮੋਗਾ, ਪੰਜਾਬ ‘ਚ ਆਯੋਜਿਤ ਕੀਤਾ ਗਿਆ, ਜਿੱਥੇ ਭਾਗੀਦਾਰਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਦੇਰ ‘ਵਿਹਲੇ ਰਹਿਣਾ’ ਸੀ। ਇਸ ਸਮੇਂ ਦੌਰਾਨ, ਉਹ ਸਿਰਫ਼ ਅਖ਼ਬਾਰ, ਕਿਤਾਬਾਂ ਪੜ੍ਹ ਸਕਦੇ ਸਨ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਖਾਣ-ਪੀਣ, ਆਪਣੇ ਮੋਬਾਈਲ ਫੋਨ ਦੀ ਵਰਤੋਂ ਕਰਨ ਜਾਂ ਬਾਥਰੂਮ ਜਾਣ ਦੀ ਇਜਾਜ਼ਤ ਨਹੀਂ ਸੀ।
ਦਰਅਸਲ, ਅੱਜ ਦੇ ਆਧੁਨਿਕ ਯੁੱਗ ‘ਚ ਲੋਕ ਇਲੈਕਟ੍ਰਾਨਿਕ ਗੈਜੇਟਸ ‘ਚ ਬਹੁਤ ਜ਼ਿਆਦਾ ਰੁੱਝੇ ਹੋਏ ਹਨ। ਲੋਕਾਂ ਨੂੰ ਆਪਣੇ ਮੋਬਾਈਲ ਫੋਨਾਂ ਤੋਂ ਦੂਰ ਰੱਖਣ ਲਈ ਮੋਗਾ ਦੇ ਪਿੰਡ ਘੋਲੀਆਂ ਖੁਰਦ ਪਿੰਡ ‘ਚ ਇੱਕ ਮਜ਼ੇਦਾਰ ਮੁਕਾਬਲਾ ਆਯੋਜਿਤ ਕੀਤਾ ਗਿਆ। ਇਸ “ਵਿਹਲੇ ਰਹਿਣ ਦੇ ਮੁਕਾਬਲੇ” ‘ਚ ਕੁੱਲ 55 ਲੋਕਾਂ ਨੇ ਹਿੱਸਾ ਲਿਆ। ਇਸ ‘ਚ ਦੋ ਭਾਗੀਦਾਰ ਸੰਯੁਕਤ ਤੌਰ ‘ਤੇ ਜੇਤੂ ਰਹੇ। ਦੋਵੇਂ ਜੇਤੂ 31 ਘੰਟਿਆਂ ਤੋਂ ਵੱਧ ਸਮੇਂ ਲਈ ਵਿਹਲੇ ਬੈਠੇ ਰਹੇ ਤੇ ਇਨਾਮ ਜਿੱਤਾ ਲਿਆ।
ਮੁਕਾਬਲੇ ‘ਚ 55 ਲੋਕਾਂ ਨੇ ਲਿਆ ਹਿੱਸਾ
ਮੁਕਾਬਲੇ ਦੇ ਇੱਕ ਮੈਨੇਜਰ ਨੇ ਦੱਸਿਆ ਕਿ ਮੁਕਾਬਲੇ ‘ਚ ਕੁੱਲ 55 ਲੋਕਾਂ ਨੇ ਹਿੱਸਾ ਲਿਆ ਤੇ ਉਨ੍ਹਾਂ ‘ਚੋਂ ਦੋ 31 ਘੰਟੇ ਅਤੇ 5 ਮਿੰਟ ਲਈ ਵਿਹਲੇ ਬੈਠੇ ਰਹੇ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸਾਂਝੇ ਤੌਰ ‘ਤੇ ਜੇਤੂ ਘੋਸ਼ਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੇ ਮੁਕਾਬਲੇ ਦਾ ਆਯੋਜਨ ਕਰਨ ਦਾ ਉਦੇਸ਼ ਲੋਕਾਂ ਨੂੰ ਮੋਬਾਈਲ ਫੋਨਾਂ ਤੋਂ ਜਿੰਨਾ ਹੋ ਸਕੇ ਦੂਰ ਰੱਖਣਾ ਸੀ।
ਕੌਣ ਰਿਹਾ ਜੇਤੂ?
ਸਤਬੀਰ ਸਿੰਘ ਤੇ ਲਾਭਪ੍ਰੀਤ ਸਿੰਘ ਨੇ 31 ਘੰਟੇ ਤੋਂ ਜ਼ਿਆਦਾ ਸਮੇਂ ਲਈ ਵਿਹਲੇ ਰਹਿ ਕੇ ਮੁਕਾਬਲਾ ਜਿੱਤ ਲਿਆ। ਸਤਬੀਰ ਸਿੰਘ ਪਿੰਡ ਨਾਥੇ ਕੇ ਦਾ ਰਹਿਣ ਵਾਲਾ ਹੈ, ਤੇ ਲਭਪ੍ਰੀਤ ਸਿੰਘ ਪਿੰਡ ਰੋਲੀ ਦਾ ਰਹਿਣ ਵਾਲਾ ਹੈ। ਉਨ੍ਹਾਂ ਨੇ 31 ਘੰਟੇ ਤੋਂ ਜ਼ਿਆਦਾ ਬਿਨਾਂ ਕੁੱਝ ਖਾਧੇ-ਪੀਤੇ ਤੇ ਵਿਹਲੇ ਰਹਿ ਕੇ ਮੁਕਾਬਲਾ ਜਿੱਤਿਆ। ਢੁੱਡੀਕੇ ਦੇ ਰਹਿਣ ਵਾਲੇ ਚਾਨਣ ਸਿੰਘ ਨੇ ਵੀ ਤੀਜਾ ਸਥਾਨ ਪ੍ਰਾਪਤ ਕੀਤਾ। ਉਹ 29 ਘੰਟੇ ਮੁਕਾਬਲੇ ‘ਚ ਵਿਹਲਾ ਰਿਹਾ।
ਦੋਵਾਂ ਜੇਤੂਆਂ ਨੇ ਕਿਹਾ ਕਿ ਇਹ ਪਿੰਡ ਵਾਸੀਆਂ ਦਾ ਬਹੁਤ ਵਧੀਆ ਉਪਰਾਲਾ ਸੀ। ਅਜਿਹੇ ਮੁਕਾਬਲੇ ਹਰ ਪਿੰਡ ‘ਚ ਹੋਣੇ ਚਾਹੀਦੇ ਹਨ, ਜੋ ਨਾ ਸਿਰਫ਼ ਲੋਕਾਂ ਨੂੰ ਮੋਬਾਈਲ ਫੋਨਾਂ ਤੋਂ ਦੂਰ ਰੱਖਣਗੇ ਸਗੋਂ ਕਿਤਾਬਾਂ ਪੜ੍ਹਨ ਤੇ ਪਰਮਾਤਮਾ ਦਾ ਸਿਮਰਨ ਕਰਨ ਦੀ ਆਦਤ ਵੀ ਪੈਦਾ ਕਰਨਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰਾ ਦਿਨ ਘਰ ਬੈਠ ਕੇ ਰੀਲਾਂ ਰਾਹੀਂ ਸਕ੍ਰੌਲ ਕਰਦੇ ਸੀ। ਇਹ ਮੁਕਾਬਲਾ ਬਹੁਤ ਮਜ਼ੇਦਾਰ ਸੀ।
ਇਹ ਵੀ ਪੜ੍ਹੋ
ਜੇਤੂਆਂ ਨੂੰ ਮਿਲੇ ਇਹ ਇਨਾਮ
ਸਤਬੀਰ ਤੇ ਲਭਪ੍ਰੀਤ ਨੂੰ 3,500 ਰੁਪਏ ਨਕਦ, ਸ਼ੁੱਧ ਘਿਓ ਦਾ ਇੱਕ ਡੱਬਾ ਤੇ ਇੱਕ-ਇੱਕ ਸਾਈਕਲ ਮਿਲਿਆ। ਤੀਜੇ ਸਥਾਨ ‘ਤੇ ਆਏ ਚਾਨਣ ਨੂੰ 1,500 ਨਕਦ ਰੁਪਏ ਇਨਾਮ ਮਿਲਿਆ। ਇਨ੍ਹਾਂ ਤਿੰਨਾਂ ਨੇ ਸਭ ਤੋਂ ਜ਼ਿਆਦਾ ਵਿਹਲੇ ਰਹਿ ਕੇ ਮੁਕਾਬਲਾ ਜਿੱਤਿਆ, ਜਦੋਂ ਕਿ 55 ‘ਚੋਂ 52 ਭਾਗੀਦਾਰ 20 ਤੋਂ 24 ਘੰਟਿਆਂ ਦੇ ਅੰਦਰ ਬਾਹਰ ਹੋ ਗਏ।


