Viral: ਮੌਤ ਦੀ ਛਾਲ ਸਾਬਤ ਹੋਈ ਬੰਜੀ ਜੰਪਿੰਗ, ਰੋਮਾਂਚ ਦਾ ਸਫ਼ਰ ਬਣਿਆ ਆਖ਼ਰੀ ਜੰਪ… ਐਡਵੈਂਚਰ ਸਪੋਰਟਸ ਦਾ ਖੌਫਨਾਕ ਵੀਡੀਓ ਆਇਆ ਸਾਹਮਣੇ

Updated On: 

14 Jun 2026 13:44 PM IST

Bungee Jumping Accident: ਬ੍ਰਾਜ਼ੀਲ ਦੇ ਸਾਓ ਪਾਓਲੋ ਸੂਬੇ ਵਿੱਚ ਬੰਜੀ ਜੰਪਿੰਗ ਦੌਰਾਨ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ 24 ਸਾਲਾ ਨੌਜਵਾਨ ਕੁੜੀ ਦੀ ਮੌਤ ਹੋ ਗਈ। ਮੌਕੇ 'ਤੇ ਮੌਜੂਦ ਲੋਕਾਂ ਦੇ ਅਨੁਸਾਰ, ਉਸਦੀ ਸੁਰੱਖਿਆ ਰੱਸੀ (ਸੇਫਟੀ ਰੋਪ) ਨੂੰ ਠੀਕ ਤਰੀਕੇ ਨਾਲ ਨਹੀਂ ਬੰਨ੍ਹਿਆ ਗਿਆ ਸੀ ਅਤੇ ਉਸਨੂੰ ਛਾਲ ਮਾਰਨ ਲਈ ਭੇਜ ਦਿੱਤਾ ਗਿਆ। ਇਸ ਕਾਰਨ ਕੁੜੀ ਲਗਭਗ 35 ਮੀਟਰ ਹੇਠਾਂ ਡਿੱਗ ਗਈ। ਗਵਾਹਾਂ ਦਾ ਦਾਅਵਾ ਹੈ ਕਿ ਕਰਮਚਾਰੀਆਂ ਵੱਲੋਂ ਲਾਜ਼ਮੀ ਸੁਰੱਖਿਆ ਜਾਂਚ ਵੀ ਨਹੀਂ ਕੀਤੀ ਗਈ ਸੀ।

Viral: ਮੌਤ ਦੀ ਛਾਲ ਸਾਬਤ ਹੋਈ ਬੰਜੀ ਜੰਪਿੰਗ, ਰੋਮਾਂਚ ਦਾ ਸਫ਼ਰ ਬਣਿਆ ਆਖ਼ਰੀ ਜੰਪ... ਐਡਵੈਂਚਰ ਸਪੋਰਟਸ ਦਾ ਖੌਫਨਾਕ ਵੀਡੀਓ ਆਇਆ ਸਾਹਮਣੇ

ਬ੍ਰਾਜ਼ੀਲ ਵਿੱਚ ਬੰਜੀ ਜੰਪਿੰਗ ਬਣੀ ਮੌਤ ਦਾ ਕਾਰਨ

ਬ੍ਰਾਜ਼ੀਲ ਦੇ ਸਾਓ ਪਾਓਲੋ ਸੂਬੇ ਵਿੱਚ ਸ਼ਨੀਵਾਰ ਨੂੰ ਇੱਕ ਬਹੁਤ ਹੀ ਦੁਖਦਾਈ ਅਤੇ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ, ਜਿੱਥੇ ਬੰਜੀ ਜੰਪਿੰਗ ਦੌਰਾਨ ਸੁਰੱਖਿਆ ਵਿੱਚ ਹੋਈ ਗੰਭੀਰ ਲਾਪਰਵਾਹੀ ਕਾਰਨ 24 ਸਾਲਾ ਇੱਕ ਕੁੜੀ ਦੀ ਮੌਤ ਹੋ ਗਈ। ਸ਼ੁਰੂਆਤੀ ਜਾਂਚ ਅਤੇ ਮੌਕੇ ‘ਤੇ ਮੌਜੂਦ ਲੋਕਾਂ ਦੇ ਅਨੁਸਾਰ, ਕੁੜੀ ਨੂੰ ਪੁਲ ਤੋਂ ਛਾਲ ਮਾਰਨ ਲਈ ਭੇਜ ਦਿੱਤਾ ਗਿਆ, ਪਰ ਉਸ ਨਾਲ ਸੁਰੱਖਿਆ ਰੱਸੀ (ਸੇਫਟੀ ਰੋਪ) ਜੋੜੀ ਹੀ ਨਹੀਂ ਗਈ ਸੀ। ਇਹ ਹਾਦਸਾ ਪੋਂਟੇ ਡੋ ਐਸਕੇਲੇਟੋ ਯਾਨੀ ਸਕੈਲਟਨ ਬ੍ਰਿਜ ਨਾਮਕ ਇੱਕ ਪੁਰਾਣੇ ਅਤੇ Abandoned Bridge ‘ਤੇ ਵਾਪਰਿਆ।

ਇਹ ਪੁਲ ਬ੍ਰਾਜ਼ੀਲ ਦੇ ਸਾਓ ਪਾਓਲੋ ਸੂਬੇ ਦੇ ਲਾਈਮੇਰਾ (Limeira) ਅਤੇ ਕੋਰਡੇਇਰੋਪੋਲਿਸ (Cordeirópolis) ਸ਼ਹਿਰਾਂ ਨੂੰ ਜੋੜਦਾ ਹੈ। ਲਗਭਗ 30 ਸਾਲਾਂ ਤੋਂ ਵਰਤੋਂ ਵਿੱਚ ਨਾ ਹੋਣ ਦੇ ਬਾਵਜੂਦ, ਇਹ ਸਥਾਨ ਰੋਮਾਂਚਕ ਗਤੀਵਿਧੀਆਂ ਅਤੇ ਐਡਵੈਂਚਰ ਖੇਡਾਂ ਦੇ ਸ਼ੌਕੀਨਾਂ ਵਿੱਚ ਕਾਫ਼ੀ ਪ੍ਰਸਿੱਧ ਹੋ ਗਿਆ ਹੈ। ਹਾਲਾਂਕਿ, ਇੱਥੇ ਕਿਸੇ ਵੀ ਤਰ੍ਹਾਂ ਦੀ ਅਧਿਕਾਰਤ ਨਿਗਰਾਨੀ ਜਾਂ ਸੁਰੱਖਿਆ ਵਿਵਸਥਾ ਮੌਜੂਦ ਨਹੀਂ ਹੈ।

ਇੱਕ ਗਲਤੀ ਨੇ ਲੈ ਲਈ ਨੌਜਵਾਨ ਕੁੜੀ ਦੀ ਜਾਨ

ਮੌਕੇ ‘ਤੇ ਮੌਜੂਦ ਲੋਕਾਂ ਦੇ ਅਨੁਸਾਰ, ਕੁੜੀ ਲਗਭਗ 35 ਮੀਟਰ ਦੀ ਉਚਾਈ ਤੋਂ ਹੇਠਾਂ ਡਿੱਗ ਗਈ। ਇਸ ਹਾਦਸੇ ਦਾ ਸਭ ਤੋਂ ਹੈਰਾਨ ਕਰਨ ਵਾਲਾ ਪੱਖ ਇਹ ਸੀ ਕਿ ਬੰਜੀ ਜੰਪ ਲਈ ਲਾਜ਼ਮੀ ਸੁਰੱਖਿਆ ਰੱਸੀ ਉਸ ਨਾਲ ਜੋੜੀ ਹੀ ਨਹੀਂ ਗਈ ਸੀ। ਘਟਨਾ ਸਮੇਂ ਉੱਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਹ ਕੋਈ ਤਕਨੀਕੀ ਖ਼ਰਾਬੀ ਨਹੀਂ ਸੀ, ਸਗੋਂ ਉੱਥੇ ਮੌਜੂਦ ਸਟਾਫ ਦੀ ਲਾਪਰਵਾਹੀ ਅਤੇ ਗਲਤੀ ਦਾ ਨਤੀਜਾ ਸੀ।

ਉੱਥੇ ਆਪਣੇ ਸਾਥੀ ਨਾਲ ਮੌਜੂਦ ਇੱਕ ਔਰਤ ਨੇ ਸਥਾਨਕ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਟੀਮ ਵੱਲੋਂ ਬੁਨਿਆਦੀ ਸੁਰੱਖਿਆ ਜਾਂਚ ਤੱਕ ਨਹੀਂ ਕੀਤੀ ਗਈ ਸੀ। ਉਸਦੇ ਮੁਤਾਬਕ, ਇਸ ਕੁੜੀ ਤੋਂ ਪਹਿਲਾਂ ਤਿੰਨ ਹੋਰ ਲੋਕ ਸਫਲਤਾਪੂਰਵਕ ਛਾਲਾਂ ਮਾਰ ਚੁੱਕੇ ਸਨ, ਪਰ ਜਦੋਂ ਇਸ ਨੌਜਵਾਨ ਕੁੜੀ ਦੀ ਵਾਰੀ ਆਈ ਤਾਂ ਕਰਮਚਾਰੀਆਂ ਨੇ ਸੁਰੱਖਿਆ ਰੱਸੀ ਦੀ ਠੀਕ ਤਰ੍ਹਾਂ ਜਾਂਚ ਨਹੀਂ ਕੀਤੀ। ਔਰਤ ਨੇ ਕਿਹਾ ਕਿ ਇਸ ਘਟਨਾ ਨੂੰ ਸਿਰਫ਼ ਇੱਕ ਹਾਦਸਾ ਕਹਿ ਕੇ ਟਾਲਿਆ ਨਹੀਂ ਜਾ ਸਕਦਾ, ਕਿਉਂਕਿ ਸੁਰੱਖਿਆ ਯਕੀਨੀ ਬਣਾਉਣਾ ਪ੍ਰਬੰਧਕਾਂ ਦੀ ਸਭ ਤੋਂ ਪਹਿਲੀ ਅਤੇ ਵੱਡੀ ਜ਼ਿੰਮੇਵਾਰੀ ਹੁੰਦੀ ਹੈ।

ਮੀਡੀਆ ਰਿਪੋਰਟਾਂ ਅਨੁਸਾਰ, ਇਸ ਐਡਵੈਂਚਰ ਗਤੀਵਿਧੀ ਲਈ ਕੁੜੀ ਨੇ ਲਗਭਗ 290 ਅਮਰੀਕੀ ਡਾਲਰ ਦਾ ਭੁਗਤਾਨ ਕੀਤਾ ਸੀ। ਇਸ ਪੈਕੇਜ ਵਿੱਚ ਬੰਜੀ ਜੰਪ ਦੇ ਨਾਲ-ਨਾਲ ਵੀਡੀਓ ਰਿਕਾਰਡਿੰਗ ਦੀ ਸੁਵਿਧਾ ਵੀ ਸ਼ਾਮਲ ਸੀ, ਤਾਂ ਜੋ ਉਹ ਆਪਣੇ ਇਸ ਤਜਰਬੇ ਨੂੰ ਯਾਦਗਾਰ ਬਣਾ ਸਕੇ। ਦੁੱਖ ਦੀ ਗੱਲ ਇਹ ਹੈ ਕਿ ਰੋਮਾਂਚਕ ਅਨੁਭਵ ਲਈ ਕੀਤੀ ਗਈ ਇਹ ਯਾਤਰਾ ਇੱਕ ਦਰਦਨਾਕ ਹਾਦਸੇ ਵਿੱਚ ਤਬਦੀਲ ਹੋ ਗਈ।

ਇਸ ਦਰਦਨਾਕ ਘਟਨਾ ਤੋਂ ਬਾਅਦ ਸੁਰੱਖਿਆ ਮਾਪਦੰਡਾਂ (Safety Standards) ਅਤੇ ਐਡਵੈਂਚਰ ਖੇਡਾਂ ਦੇ ਸੰਚਾਲਨ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਮਾਹਿਰਾਂ ਦੇ ਅਨੁਸਾਰ, ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਛੋਟੀ ਜਿਹੀ ਲਾਪਰਵਾਹੀ ਵੀ ਜਾਨਲੇਵਾ ਸਾਬਤ ਹੋ ਸਕਦੀ ਹੈ। ਇਸ ਲਈ ਅਜਿਹੇ ਐਡਵੈਂਚਰ ਪ੍ਰੋਗਰਾਮ ਕਰਵਾਉਣ ਵਾਲਿਆਂ ਲਈ ਸੁਰੱਖਿਆ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ। ਆਯੋਜਕਾਂ ਲਈ ਇਹ ਯਕੀਨੀ ਬਣਾਉਣਾ ਲਾਜ਼ਮੀ ਹੈ ਕਿ ਹਰ ਸੁਰੱਖਿਆ ਉਪਕਰਨ ਅਤੇ ਪ੍ਰਕਿਰਿਆ ਦੀ ਪੂਰੀ ਜਾਂਚ ਕੀਤੀ ਜਾਵੇ, ਤਾਂ ਜੋ ਕਿਸੇ ਵੀ ਹਾਦਸੇ ਤੋਂ ਬਚਿਆ ਜਾ ਸਕੇ। ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਹਾਦਸੇ ਲਈ ਜ਼ਿੰਮੇਵਾਰ ਕੌਣ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਸਬੰਧਤ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।

ਇੱਥੇ ਦੇਖੋ ਵੀਡੀਓ

Follow Us