ਭਾਰਤ ‘ਚ ਬੱਚਿਆਂ ਦੀ ਪਰਵਰਿਸ਼ ਕਰਨੀ ਹੋਈ ਬੇਹੱਦ ਮਹਿੰਗੀ, ਕੀ ਹੁਣ ਆਮ ਆਦਮੀ ਲਈ ਬੱਚੇ ਪੈਦਾ ਕਰਨਾ ਵੀ ਬਣ ਗਿਆ ਹੈ ਵੱਡਾ ਆਰਥਿਕ ਫੈਸਲਾ?
Child Rearing Cost: ਭਾਰਤ ਵਿੱਚ ਬੱਚਿਆਂ ਦੀ ਪਰਵਰਿਸ਼ ਕਰਨੀ ਹੋਈ ਮਹਿੰਗੀ, ਕੀ ਹੁਣ ਆਮ ਆਦਮੀ ਦੇ ਵੱਸ ਦੀ ਗੱਲ ਨਹੀਂ ਰਹੀ? Finance With Sharan ਦੀ ਪੋਸਟ ਨੇ ਛੇੜੀ ਵੱਡੀ ਬਹਿਸ
ਭਾਰਤ ‘ਚ ਬੱਚੇ ਪਾਲਣਾ ਹੋਇਆ ਮਹਿੰਗਾ?
ਕਦੇ ਕਿਹਾ ਜਾਂਦਾ ਸੀ ਕਿ ਬੱਚੇ ਰੱਬ ਦੀ ਬਖ਼ਸ਼ੀ ਹੋਈ ਦਾਤ ਹੁੰਦੇ ਹਨ। ਪਰ ਹੁਣ ਲੋਕ ਸਵਾਲ ਪੁੱਛ ਰਹੇ ਹਨ ਕਿ ਕੀ ਇਸ ਦਾਤ ਦੀ ਪਰਵਰਿਸ਼ ਕਰਨੀ ਹੁਣ ਆਮ ਆਦਮੀ ਦੇ ਵੱਸ ਦੀ ਗੱਲ ਰਹਿ ਗਈ ਹੈ? ਫਾਈਨਾਂਸ ਇਨਫਲੂਐਂਸਰ ਸ਼ਰਨ ਹੇਗੜੇ (Finance With Sharan) ਦੀ ਇੱਕ ਪੋਸਟ ਨੇ ਸੋਸ਼ਲ ਮੀਡੀਆ ‘ਤੇ ਇਹੀ ਸਵਾਲ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਦੀ ਪੋਸਟ ਵਾਇਰਲ ਹੁੰਦੇ ਹੀ ਹਜ਼ਾਰਾਂ ਲੋਕ ਆਪਣੀਆਂ-ਆਪਣੀਆਂ ਕਹਾਣੀਆਂ ਸਾਂਝੀਆਂ ਕਰਨ ਲੱਗ ਪਏ।
ਸ਼ਰਨ ਨੇ ਆਪਣੇ X (ਪਹਿਲਾਂ ਟਵਿੱਟਰ) ਅਕਾਊਂਟ ‘ਤੇ ਕੀਤੀ ਪੋਸਟ ਵਿੱਚ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਬੱਚੇ ਦੀ ਪਰਵਰਿਸ਼ ਕਰਨਾ ਸਿਰਫ਼ ਪਿਆਰ ਦਾ ਮਾਮਲਾ ਨਹੀਂ ਰਹਿ ਗਿਆ, ਸਗੋਂ ਇਹ ਹੁਣ ਪੈਸਿਆਂ ਨਾਲ ਜੁੜਿਆ ਇੱਕ ਵੱਡਾ ਫੈਸਲਾ ਬਣ ਗਿਆ ਹੈ। ਬੱਚੇ ਦੇ ਜਨਮ ਤੋਂ ਲੈ ਕੇ ਸਕੂਲ ਦੀ ਫੀਸ, ਟਿਊਸ਼ਨ, ਕਿਤਾਬਾਂ, ਕੱਪੜੇ, ਡਾਕਟਰ, ਟੀਕਾਕਰਨ ਅਤੇ ਫਿਰ ਕਾਲਜ ਦੀ ਫੀਸ ਤੱਕ, ਜੇਕਰ ਸਾਰੇ ਖਰਚੇ ਜੋੜ ਲਏ ਜਾਣ ਤਾਂ ਇਹ ਲੱਖਾਂ ਵਿੱਚ ਨਹੀਂ, ਸਗੋਂ ਕਰੋੜਾਂ ਰੁਪਏ ਤੱਕ ਪਹੁੰਚ ਜਾਂਦੇ ਹਨ।
ਸ਼ਰਨ ਨੇ ਲਿਖਿਆ ਕਿ ਪਹਿਲਾਂ ਲੋਕ ਕਹਿੰਦੇ ਸਨ ਕਿ ਬੱਚਾ ਹੋਣ ਤੋਂ ਬਾਅਦ ਉਸ ਦਾ ਖਰਚਾ ਆਪਣੇ ਆਪ ਨਿਕਲ ਆਵੇਗਾ। ਪਰ ਹੁਣ ਲੋਕ ਬੱਚਾ ਪੈਦਾ ਕਰਨ ਤੋਂ ਪਹਿਲਾਂ 10 ਵਾਰ ਸੋਚਦੇ ਹਨ ਕਿ ਕੀ ਉਹ ਉਸ ਦਾ ਖਰਚਾ ਚੁੱਕ ਵੀ ਸਕਣਗੇ ਜਾਂ ਨਹੀਂ। ਇਸ ਪੋਸਟ ਦੇ ਵਾਇਰਲ ਹੁੰਦੇ ਹੀ ਲੋਕ ਦੋ ਧੜਿਆਂ ਵਿੱਚ ਵੰਡੇ ਗਏ।
ਇੱਕ ਧੜੇ ਦੇ ਲੋਕਾਂ ਨੇ ਕੁਮੈਂਟ ਕਰਦਿਆਂ ਕਿਹਾ ਕਿ ਸ਼ਰਨ ਨੇ ਬਿਲਕੁਲ ਸਹੀ ਗੱਲ ਕਹੀ ਹੈ। ਅੱਜ ਪ੍ਰਾਈਵੇਟ ਸਕੂਲਾਂ ਦੀ ਫੀਸ ਹੀ 15 ਤੋਂ 20 ਹਜ਼ਾਰ ਰੁਪਏ ਮਹੀਨਾ ਹੋ ਗਈ ਹੈ। ਅਜਿਹੇ ਵਿੱਚ ਆਮ ਆਦਮੀ ਬੱਚਾ ਪੈਦਾ ਕਰੇ ਜਾਂ ਉਸ ਦੀ ਫੀਸ ਭਰੇ? ਉੱਥੇ ਹੀ ਦੂਜੇ ਵਰਗ ਦੇ ਲੋਕਾਂ ਦਾ ਕਹਿਣਾ ਹੈ ਕਿ ਬੱਚਿਆਂ ਦੀ ਤੁਲਨਾ ਪੈਸਿਆਂ ਨਾਲ ਨਹੀਂ ਕਰਨੀ ਚਾਹੀਦੀ। ਉਨ੍ਹਾਂ ਦੇ ਮਾਤਾ-ਪਿਤਾ ਨੇ ਵੀ ਘੱਟ ਪੈਸਿਆਂ ਵਿੱਚ ਉਨ੍ਹਾਂ ਦੀ ਪਰਵਰਿਸ਼ ਕੀਤੀ ਹੈ। ਪਿਆਰ ਤੋਂ ਵੱਡਾ ਕੋਈ ਖਰਚਾ ਨਹੀਂ ਹੁੰਦਾ।
ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਇਸੇ ਕਾਰਨ ਹੁਣ ਨੌਜਵਾਨ ਜੋੜੇ DINK ਯਾਨੀ Double Income No Kids ਵਾਲੀ ਜੀਵਨਸ਼ੈਲੀ ਚੁਣ ਰਹੇ ਹਨ। ਇਸ ਦਾ ਮਤਲਬ ਹੈ ਕਿ ਪਤੀ-ਪਤਨੀ ਦੋਵੇਂ ਕਮਾਈ ਕਰਨਗੇ, ਪਰ ਬੱਚੇ ਪੈਦਾ ਨਹੀਂ ਕਰਨਗੇ। ਉੱਥੇ ਹੀ ਕਈ ਮਾਪਿਆਂ ਨੇ ਕਮੈਂਟ ਵਿੱਚ ਆਪਣੇ ਖਰਚਿਆਂ ਦਾ ਹਿਸਾਬ ਵੀ ਸਾਂਝਾ ਕੀਤਾ। ਕਿਸੇ ਨੇ ਲਿਖਿਆ ਕਿ ਉਸ ਦੇ ਬੱਚੇ ਦੀ ਸਕੂਲ ਫੀਸ ਹੀ ਉਸ ਦੀ ਪੂਰੀ ਤਨਖਾਹ ਦੇ ਬਰਾਬਰ ਹੈ। ਇੱਕ ਹੋਰ ਵਿਅਕਤੀ ਨੇ ਕਿਹਾ ਕਿ ਇੱਕ ਬੱਚੇ ਦਾ ਖਰਚਾ ਚੁੱਕਣਾ ਹੀ ਮੁਸ਼ਕਲ ਹੋ ਰਿਹਾ ਹੈ, ਅਜਿਹੇ ਵਿੱਚ ਦੋ ਬੱਚਿਆਂ ਬਾਰੇ ਸੋਚਣਾ ਵੀ ਡਰਾਉਣਾ ਲੱਗਦਾ ਹੈ।
ਸ਼ਰਨ ਦੀ ਇਹ ਪੋਸਟ ਸਿਰਫ਼ ਅੰਕੜਿਆਂ ਦੀ ਗੱਲ ਨਹੀਂ ਕਰਦੀ, ਸਗੋਂ ਇਹ ਉਸ ਡਰ ਨੂੰ ਵੀ ਦਰਸਾਉਂਦੀ ਹੈ, ਜੋ ਅੱਜ ਹਰ ਮਿਡਲ ਕਲਾਸ ਪਰਿਵਾਰ ਦੇ ਮਨ ਵਿੱਚ ਹੈ। ਮਹਿੰਗਾਈ ਲਗਾਤਾਰ ਵਧ ਰਹੀ ਹੈ, ਤਨਖਾਹਾਂ ਉਸ ਹਿਸਾਬ ਨਾਲ ਨਹੀਂ ਵਧ ਰਹੀਆਂ ਅਤੇ ਬੱਚਿਆਂ ਦੀਆਂ ਲੋੜਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਹੁਣ ਸਵਾਲ ਇਹ ਹੈ ਕਿ ਕੀ ਸੱਚਮੁੱਚ ਭਾਰਤ ਵਿੱਚ ਬੱਚਿਆਂ ਦੀ ਪਰਵਰਿਸ਼ ਕਰਨੀ ਮਹਿੰਗੀ ਹੋ ਗਈ ਹੈ ਜਾਂ ਫਿਰ ਅਸੀਂ ਆਪਣੀਆਂ ਲੋੜਾਂ ਤੋਂ ਵੱਧ ਖਰਚ ਕਰਕੇ ਇਸ ਨੂੰ ਖੁਦ ਹੀ ਮਹਿੰਗਾ ਬਣਾ ਰਹੇ ਹਾਂ?
