OMG: ਮਰਨ ਤੋਂ ਪਹਿਲਾ ਬਰਸੀ ਮਨਾਉਂਦਾ ਹੈ ਇਹ ਬੰਦਾ, ਕਰਵਾਉਂਦਾ ਹੈ ਪਾਠ, ਕਰਦਾ ਹੈ ਪੁੰਨ
OMG: ਅਕਸਰ ਤੁਸੀਂ ਸਲਾਨਾ ਬਰਸੀਆਂ ਬਾਰੇ ਸੁਣਿਆ ਹੋਵੇਗਾ ਜਾਂ ਕਿਸੇ ਸਾਧੂ ਸੰਤ ਦੀ ਬਰਸੀ ਤੇ ਗਏ ਵੀ ਹੋਵੋਗੇ। ਪਰ ਕਦੇ ਤੁਸੀਂ ਅਜਿਹਾ ਸੁਣਿਆ ਹੈ ਕਿ ਕੋਈ ਵਿਅਕਤੀ ਜਿਉਂਦੇ ਹੁੰਦਿਆਂ ਹੀ ਆਪਣੀ ਬਰਸੀ ਮਨਾਉਂਦਾ ਹੋਵੇ। ਸ਼ਾਇਦ ਤੁਹਾਡਾ ਜਵਾਬ ਨਾਂਹ ਹੋਵੇਗਾ ਪਰ ਇੱਕ ਅਜਿਹਾ ਬਜ਼ੁਰਗ ਵੀ ਹੈ ਜੋ ਹਰ ਸਾਲ ਆਪਣੀ ਬਰਸੀ ਖੁਦ ਮਨਾਉਂਦਾ ਹੈ। ਆਓ ਜਾਣਦੇ ਹਾਂ ਇਸ ਵਿਅਕਤੀ ਬਾਰੇ
ਅਕਸਰ ਬਰਸੀ ਮਰਨ ਤੋਂ ਬਾਅਦ ਮਨਾਈ ਜਾਂਦੀ ਹੈ ਪਰ ਕਦੇ ਤੁਸੀਂ ਅਜਿਹਾ ਵਿਅਕਤੀ ਦੇਖਿਆ ਹੈ ਜੋ ਖੁਦ ਆਪਣੀ ਬਰਸੀ ਮਨਾਉਂਦਾ ਹੋਵੇ। ਜੀ ਹਾਂ ਸ੍ਰੀ ਫਤਿਹਗੜ੍ਹ ਸਾਹਿਬ ਨੇੜਲੇ ਪਿੰਡ ਦਾ ਬਜ਼ੁਰਗ ਅਜਿਹਾ ਕਰਦਾ ਹੈ। ਉਹ ਸਿਰਫ਼ ਆਪਣੀ ਬਰਸੀ ਹੀ ਨਹੀਂ ਮਨਾਉਂਦਾ ਸਗੋਂ ਪੁੰਨ ਦਾਨ ਵੀ ਕਰਦਾ ਹੈ।
ਪਿੰਡ ਮਾਜਰੀ ਸੋਢੀਆਂ ਵਿਖੇ ਇਕ ਹਰਭਜਨ ਸਿੰਘ ਨਾਮੀ ਵਿਅਕਤੀ ਨੇ ਜਿਉਂਦੇ ਜੀ ਇਸ ਸਾਲ ਵੀ ਆਪਣੀ ਛੇਵੀਂ ਬਰਸੀ ਮਨਾ ਕੇ ਦਾਨ ਪੁੰਨ ਦੀਆਂ ਸਾਰੀਆਂ ਰਸਮਾਂ ਕੀਤੀਆਂ। ਇੱਥੇ ਹੀ ਬੱਸ ਨਹੀਂ ਕੰਨਿਆਂ ਨੂੰ ਭੋਜਨ ਛਕਾਇਆ ਗਿਆ ਅਤੇ ਗਰੀਬਾਂ ਨੂੰ ਕੰਬਲ ਵੰਡੇ ਗਏ। ਇੱਥੇ ਇਹ ਅੰਦਾਜ਼ਾ ਲਗਾਉਣਾ ਵੀ ਗਲਤ ਹੋਵੇਗਾ ਕਿ ਭੋਗ ਪਾਉਣ ਵਾਲਾ ਵਿਅਕਤੀ ਕਾਫੀ ਅਮੀਰ ਹੋਵੇਗਾ, ਪਰ ਅਜਿਹਾ ਨਹੀਂ ਹੈ ਹਰਭਜਨ ਸਿੰਘ ਮੀਡੀਅਮ ਪਰਿਵਾਰ ਨਾਲ ਸਬੰਧਿਤ ਰੱਖਦੇ ਹਨ ਅਤੇ ਪਿਛਲੇ ਲੰਮੇ ਸਮੇਂ ਤੋਂ ਮੰਡੀ ਗੋਬਿੰਦਗੜ੍ਹ ਦੀ ਇਕ ਮਿੱਲ ਵਿਚ ਕੰਮ ਕਰਦਾ ਸੀ।
ਕਰਵਾਇਆ ਪਾਠ, ਲਗਾਇਆ ਲੰਗਰ
ਹਰਭਜਨ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਉਪਰੰਤ ਕੀਰਤਨੀ ਸਿੰਘਾਂ ਵੱਲੋਂ ਕੀਰਤਨ ਕਰਵਾਇਆ ਗਿਆ। ਜਿਸ ਤੋਂ ਬਾਅਦ 11 ਕੰਨਿਆ ਨੂੰ ਭੋਜਨ ਛਕਾਇਆ ਅਤੇ ਸਾਰੀ ਸੰਗਤ ਨੇ ਵੀ ਭੋਜਨ ਛਕਿਆ। ਇਸ ਤੋਂ ਇਲਾਵਾ ਹਰਭਜਨ ਸਿੰਘ ਨੇ 5 ਜ਼ਰੂਰਤਮੰਦ ਵਿਅਕਤੀਆਂ ਨੂੰ ਕੰਬਲ ਦਿੱਤੇ ਗਏ।
ਪੁੰਨ ਦਾਨ ਕਰਨਾ ਮਕਸਦ
ਬਾਬਾ ਭਜਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦਾ ਮਨੋਰਥ ਸਮਾਜ ਨੂੰ ਸੁਚੇਤ ਕਰਨ ਦਾ ਹੈ, ਕੀ ਇੱਥੇ ਕਲਯੁਗ ਦਾ ਬਹੁਤ ਪ੍ਰਭਾਵ ਹੈ ਇਸ ਲਈ ਜੋ ਕਾਰਜ ਅਸੀਂ ਆਪਣੇ ਹੱਥੀਂ ਕਰ ਲੈਂਦੇ ਹਾਂ ਉਸ ਨਾਲ ਹੀ ਸਾਨੂੰ ਸੰਤੁਸ਼ਟੀ ਮਿਲਦੀ ਹੈ, ਇਸ ਦੇ ਨਾਲ ਜਿੱਥੇ ਅਸੀਂ ਦਾਨ-ਪੁੰਨ ਕਰਨਾ ਚਾਹੁੰਦੇ ਹਾਂ ਉਹ ਵੀ ਆਪਣੇ ਹੱਥੀਂ ਹੋ ਜਾਂਦਾ ਹੈ। ਸਾਨੂੰ ਆਪਣਾ ਜੀਵਨ ਵਿਅਰਥ ਨਹੀਂ ਗਵਾਉਣਾ ਚਾਹੀਦਾ, ਗੁਰਬਾਣੀ ਨਾਲ ਜੁੜ ਕੇ ਆਪਣਾ ਬਾਕੀ ਜੀਵਨ ਬਤੀਤ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਦਾ ਭੋਗ ਉਨ੍ਹਾਂ ਦੀ ਬਰਸੀ ਦਾ 6ਵਾਂ ਭੋਗ ਹੈ। ਉਨ੍ਹਾਂ ਵੱਲੋਂ ਹਰ ਸਾਲ ਇਹ ਰਸਮਾਂ ਕੀਤੀਆਂ ਜਾਂਦੀਆਂ ਹਨ। ਜਦੋਂ ਤੱਕ ਜਿਉਂਦੇ ਰਹਿਣਗੇ, ਇਹ ਰਸਮਾਂ ਕੀਤੀਆਂ ਜਾਣਗੀਆਂ।
ਇਸ ਮੌਕੇ ਮਾਰਕੀਟ ਕਮੇਟੀ ਸਰਹਿੰਦ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਐਗਜੈਕਟਿਵ ਮੈਂਬਰ ਕੁਲਦੀਪ ਸਿੰਘ ਪਹਿਲਵਾਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਹਨਾਂ ਕਿਹਾ ਕਿ ਹਰਭਜਨ ਸਿੰਘ ਦੇ ਜੀਵਨ ਉੱਤੇ ਝਾਤ ਮਾਰੀ ਜਾਵੇ ਤਾਂ ਪਤਾ ਚੱਲਦਾ ਹੈ ਕਿ ਇਸ ਪਰਿਵਾਰ ਨੇ ਕਿੰਨੇ ਦੁੱਖ ਝੱਲੇ ਹਨ, ਪ੍ਰੰਤੂ ਫੇਰ ਵੀ ਉਨਾਂ ਦੇ ਹੌਸਲੇ ਬੁਲੰਦ ਹਨ। ਉਹ ਗੁਰੂ ਗ੍ਰੰਥ ਸਾਹਿਬ ਤੇ ਹਮੇਸ਼ਾ ਭਰੋਸਾ ਰੱਖਦੇ ਹਨ ਅਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦਾ ਵੀ ਪਾਲਣ ਕਰਦੇ ਹਨ।