Amazing: ਇੱਕ ਵਿਦਿਆਰਥੀ, ਇੱਕ ਅਧਿਆਪਕ… ਇਹ ਹੈ ਪੰਜਾਬ ਦਾ ਸਮਾਰਟ ਸਕੂਲ
ਪੰਜਾਬ ਦਾ ਇੱਕ ਸਰਕਾਰੀ ਸਕੂਲ ਅਜਿਹਾ ਵੀ ਹੈ ਜਿਸ ਵਿੱਚ ਸਿਰਫ਼ ਇੱਕ ਬੱਚਾ ਪੜ੍ਹਦਾ ਹੈ। ਵੱਡੀ ਗੱਲ ਤਾਂ ਇਹ ਵੀ ਹੈ ਕਿ ਇਸ ਸਕੂਲ ਵਿੱਚ ਇੱਕ ਅਧਿਆਪਕ ਹੀ ਤਾਇਨਾਤ ਕੀਤਾ ਗਿਆ ਹੈ ਜੋ ਇਸ ਵਿਦਿਆਰਥੀ ਨੂੰ ਸਿੱਖਿਆ ਦਿੰਦੀ ਹੈ। ਅਧਿਆਪਕਾਂ ਵੱਲੋਂ ਕਈ ਵਾਰ ਪਿੰਡ ਵਾਸੀਆਂ ਨਾਲ ਗੱਲਬਾਤ ਕਰਨ ਦੇ ਬਾਵਜੂਦ ਵੀ ਸਕੂਲ ਵਿੱਚ ਅਜੇ ਵੀ ਵਿਦਿਆਰਥੀਆਂ ਦੀ ਗਿਣਤੀ ਨਹੀਂ ਵਧ ਰਹੀ।
ਪੰਜਾਬ ਦੇ ਬਠਿੰਡਾ ਜ਼ਿਲ੍ਹੇ ਵਿੱਚ ਇੱਕ ਅਜਿਹਾ ਸਕੂਲ ਹੈ, ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇਹ ਇੱਕ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੈ। ਇਸ ਸਕੂਲ ਵਿੱਚ ਇੱਕ ਬੱਚਾ ਪੜ੍ਹਨ ਲਈ ਆਉਂਦਾ ਹੈ। ਸਿਰਫ਼ ਇੱਕ ਅਧਿਆਪਕ ਹੀ ਬੱਚੇ ਨੂੰ ਪੜ੍ਹਾਉਣ ਆਉਂਦਾ ਹੈ। ਇਹ ਸਕੂਲ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੁੱਧ ਸਿੰਘ ਵਾਲਾ ਦਾ ਹੈ।
ਸਕੂਲ ਵਿੱਚ ਅਧਿਆਪਕਾ ਸਰਬਜੀਤ ਕੌਰ ਤਾਇਨਾਤ ਹੈ। ਉਨ੍ਹਾਂ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵਧਾਉਣ ਲਈ ਪਿੰਡ ਵਾਸੀਆਂ ਨਾਲ ਵੀ ਗੱਲਬਾਤ ਕੀਤੀ। ਪਰ ਬੱਚਿਆਂ ਦੀ ਗਿਣਤੀ ਵਿੱਚ ਵਾਧਾ ਨਹੀਂ ਹੋਇਆ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵਾਰ ਉਹ ਸਕੂਲਾਂ ਵਿੱਚ ਬੱਚਿਆਂ ਦਾ ਦਾਖਲਾ ਵਧਾਉਣ ਲਈ ਲੋਕਾਂ ਨਾਲ ਗੱਲਬਾਤ ਕਰਨਗੇ। ਪੰਚਾਇਤ ਰਾਹੀਂ ਵੀ ਇਹ ਕੋਸ਼ਿਸ ਕੀਤੀ ਜਾ ਰਹੀ ਹੈ।
ਇੱਕ ਵਿਦਿਆਰਥੀ, ਉਹ ਵੀ ਪੰਜਵੀਂ ਜਮਾਤ ਚ
ਅਧਿਆਪਕਾ ਸਰਬਜੀਤ ਕੌਰ ਨੇ ਦੱਸਿਆ ਕਿ ਉਸਦੀ ਇਸ ਸਕੂਲ ਵਿੱਚ ਨਵੀਂ ਤਾਇਨਾਤੀ ਹੋਈ ਹੈ। ਇੱਥੇ ਆ ਕੇ ਹੀ ਪਤਾ ਲੱਗਾ ਕਿ ਸਕੂਲ ਵਿੱਚ ਇੱਕ ਹੀ ਵਿਦਿਆਰਥੀ ਹੈ। ਉਹ ਪੰਜਵੀਂ ਜਮਾਤ ਵਿੱਚ ਪੜ੍ਹਦਾ ਹੈ। ਪਿੰਡ ਵਿੱਚ 40 ਦੇ ਕਰੀਬ ਘਰ ਹਨ। ਪਰ ਇਨ੍ਹਾਂ ਘਰਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਨਹੀਂ ਪੜ੍ਹ ਰਹੇ। ਪਿੰਡ ਵਾਸੀਆਂ ਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ। ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਭੇਜਣ ਦੀ ਅਪੀਲ ਕੀਤੀ। ਪਰ ਅਜੇ ਤੱਕ ਵਿਦਿਆਰਥੀਆਂ ਦੀ ਗਿਣਤੀ ਨਹੀਂ ਵਧੀ ਹੈ।
ਸਾਰੀਆਂ ਸਹੂਲਤਾਂ ਉਪਲਬਧ ਹਨ: ਵਿਦਿਆਰਥੀ
ਵਿਦਿਆਰਥੀ ਦਾ ਕਹਿਣਾ ਹੈ ਕਿ ਉਹ ਪਿਛਲੇ ਪੰਜ ਸਾਲਾਂ ਤੋਂ ਇਸੇ ਸਕੂਲ ਵਿੱਚ ਪੜ੍ਹ ਰਿਹਾ ਹੈ। ਇੱਥੇ ਉਸ ਨੂੰ ਹਰ ਤਰ੍ਹਾਂ ਦੀ ਸਹੂਲਤ ਮਿਲ ਰਹੀ ਹੈ। ਚੰਗੀ ਸਿੱਖਿਆ ਵੀ ਦਿੱਤੀ ਜਾਂਦੀ ਹੈ। ਇਕੱਲਾ ਰਹਿ ਕੇ ਮੈਂ ਸਿਰਫ਼ ਪੜ੍ਹਾਈ ਵਿਚ ਹੀ ਮਸਤ ਰਹਿੰਦਾ ਹਾਂ। ਪਿੰਡ ਦਾ ਕੋਈ ਹੋਰ ਬੱਚਾ ਇਸ ਸਕੂਲ ਵਿੱਚ ਪੜ੍ਹਨ ਲਈ ਨਹੀਂ ਆਉਂਦਾ।
ਸਿੱਖਿਆ ਵਿਭਾਗ ਦੇ ਡਿਪਟੀ ਡੀਈਓ ਮਹਿੰਦਰਪਾਲ ਸਿੰਘ ਨੇ ਦੱਸਿਆ ਕਿ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਵਾਰ ਸਕੂਲ ਵਿੱਚ ਹੋਰ ਦਾਖਲੇ ਹੋਣ ਦੀ ਉਮੀਦ ਹੈ। ਉਹਨਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਪਿੰਡ ਦੀ ਪੰਚਾਇਤ ਰਾਹੀਂ ਲੋਕਾਂ ਨਾਲ ਗੱਲ ਕਰਕੇ ਅਤੇ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ
ਵਿਦਿਆਰਥੀਆਂ ਦੀ ਉਡੀਕ
ਪੰਜਵੀਂ ਜਮਾਤ ਵਿੱਚ ਪੜ੍ਹਦੇ ਇੱਕ ਵਿਦਿਆਰਥੀ ਨੇ ਦੱਸਿਆ ਕਿ ਉਹ ਸਕੂਲ ਵਿੱਚ ਇਕੱਲਾ ਹੀ ਪੜ੍ਹਨ ਆਉਂਦਾ ਹੈ। ਇਸ ਕਾਰਨ ਉਸ ਨੂੰ ਕਈ ਵਾਰ ਬਹੁਤ ਇਕੱਲਾ ਮਹਿਸੂਸ ਹੁੰਦਾ। ਉਸ ਵਿਦਿਆਰਥੀ ਦਾ ਕਹਿਣਾ ਹੈ ਕਿ ਉਹ ਸਿੱਖਿਆ ਪ੍ਰਾਪਤ ਕਰਨ ਦੇ ਮਕਸਦ ਨਾਲ ਆਉਂਦਾ ਹੈ ਅਤੇ ਪੜ੍ਹਾਈ ਕਰਕੇ ਆਪਣੀ ਇਕੱਲਤਾ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹੈ।ਉਸ ਨੂੰ ਉਮੀਦ ਹੈ ਕਿ ਜੇਕਰ ਹੋਰ ਬੱਚੇ ਵੀ ਸਕੂਲ ਵਿੱਚ ਪੜ੍ਹਣ ਆਉਣਗੇ ਤਾਂ ਉਹ ਵੀ ਉਸਦੇ ਦੋਸਤ ਬਣ ਜਾਣਗੇ।