393 ਫੁੱਟ ਉੱਚੀ ਚੱਟਾਨ ‘ਤੇ ਬਣੀ ਹੈ ਇਹ ਦੁਕਾਨ, ਜਿੱਥੇ ਸਮਾਨ ਖਰੀਦਣ ਲਈ ਪੈਸੇ ਨਹੀਂ, ‘ਜਿਗਰਾ’ ਚਾਹੀਦਾ

Published: 

24 Jun 2026 10:24 AM IST

Most Inconvenient Convenience Store: ਚੀਨ ਦੇ ਹੁਨਾਨ ਸੂਬੇ ਵਿੱਚ 393 ਫੁੱਟ ਉੱਚੀ ਖੜ੍ਹੀ ਚੱਟਾਨ 'ਤੇ ਦੁਨੀਆ ਦੀ ਸਭ ਤੋਂ ਖਤਰਨਾਕ ਕਿਰਾਣੇ ਦੀ ਦੁਕਾਨ ਮੌਜੂਦ ਹੈ, ਜੋ ਹਵਾ ਵਿੱਚ ਲਟਕਦੀ ਹੋਈ ਨਜ਼ਰ ਆਉਂਦੀ ਹੈ। ਲੱਕੜ ਨਾਲ ਬਣਿਆ ਇਹ ਛੋਟਾ ਜਿਹਾ ਕੇਬਿਨ ਸਿਰਫ਼ 2 ਵਰਗ ਮੀਟਰ ਖੇਤਰਫਲ ਵਿੱਚ ਫੈਲਿਆ ਹੋਇਆ ਹੈ, ਪਰ ਇਸ ਸਮੇਂ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਰਿਹਾ ਹੈ।

393 ਫੁੱਟ ਉੱਚੀ ਚੱਟਾਨ ਤੇ ਬਣੀ ਹੈ ਇਹ ਦੁਕਾਨ, ਜਿੱਥੇ ਸਮਾਨ ਖਰੀਦਣ ਲਈ ਪੈਸੇ ਨਹੀਂ, ਜਿਗਰਾ ਚਾਹੀਦਾ

ਦੁਨੀਆ ਦਾ ਸਭ ਤੋਂ ਖਤਰਨਾਕ ਸਟੋਰ

Most Inconvenient Convenience Store: ਅੱਜਕੱਲ੍ਹ ਸੋਸ਼ਲ ਮੀਡੀਆ ‘ਤੇ ਚੀਨ ਦੀ ਇੱਕ ਅਜਿਹੀ ਦੁਕਾਨ ਦੀ ਖੂਬ ਚਰਚਾ ਹੋ ਰਹੀ ਹੈ, ਜਿਸ ਨੂੰ ਦੇਖ ਕੇ ਵੱਡੇ-ਵੱਡੇ ਖਤਰਨਾਕ ਕਾਰਨਾਮੇ ਕਰਨ ਵਾਲਿਆਂ ਦੇ ਵੀ ਪਸੀਨੇ ਛੁੱਟ ਜਾਣ। ਇਹ ਕੋਈ ਆਮ ਕਿਰਾਣੇ ਦੀ ਦੁਕਾਨ ਨਹੀਂ, ਸਗੋਂ ਚੀਨ ਦੇ ਹੁਨਾਨ ਸੂਬੇ ਦੇ ਸ਼ਿਨਿਉਝਾਈ ਨੈਸ਼ਨਲ ਜਿਓਲੌਜੀਕਲ ਪਾਰਕ (Shiniuzhai National Geological Park) ਵਿੱਚ ਜ਼ਮੀਨ ਤੋਂ 393 ਫੁੱਟ (ਕਰੀਬ 120 ਮੀਟਰ) ਉੱਚੀ ਇੱਕ ਬਿਲਕੁਲ ਖੜ੍ਹੀ ਚੱਟਾਨ ਨਾਲ ਲਟਕਦਾ ਹੋਇਆ ਲੱਕੜ ਦਾ ਨਿੱਕਾ ਜਿਹਾ ਕੇਬਿਨ ਹੈ। ਜ਼ਰਾ ਸੋਚੋ, ਜੇ ਤੁਸੀਂ ਇੱਥੇ ਚੜ੍ਹਾਈ ਕਰ ਰਹੇ ਹੋ ਅਤੇ ਅਚਾਨਕ ਨਮਕ ਜਾਂ ਪਾਣੀ ਦੀ ਬੋਤਲ ਲਿਆਉਣਾ ਭੁੱਲ ਜਾਓ, ਤਾਂ ਕੀ ਕਰੋਗੇ? ਆਓ ਜਾਣਦੇ ਹਾਂ ਇਸ ਅਨੋਖੀ ਦੁਕਾਨ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ, ਜੋ ਤੁਹਾਨੂੰ ਹੈਰਾਨ ਕਰ ਦੇਣਗੀਆਂ।

ਇੱਥੇ ਜਾਣ ਲਈ ਜਿਗਰਾ ਚਾਹੀਦਾ

ਇਸ ਦੁਕਾਨ ਤੋਂ ਖਰੀਦਦਾਰੀ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਇੱਥੇ ਪਹੁੰਚਣ ਲਈ ਲੋਹੇ ਵਰਗਾ ਜਿਗਰਾ ਚਾਹੀਦਾ ਹੈ। ਇਸ ਤੱਕ ਜਾਣ ਲਈ ਲੋਕਾਂ ਨੂੰ ਟ੍ਰੈਕਿੰਗ ਗੀਅਰ, ਰੱਸੀਆਂ ਅਤੇ ਮੈਟਲ ਕੇਬਲਾਂ ਦੀ ਮਦਦ ਨਾਲ ਖੜ੍ਹੀ ਚੱਟਾਨ ‘ਤੇ ਚੜ੍ਹਨਾ ਪੈਂਦਾ ਹੈ। ਇਸ ਅਨੋਖੀ ਦੁਕਾਨ ਤੱਕ ਪਹੁੰਚਣ ਵਿੱਚ ਹੀ ਲਗਭਗ ਡੇਢ ਘੰਟਾ ਲੱਗ ਜਾਂਦਾ ਹੈ।

ਪਾਣੀ ਪੀਣ ਤੋਂ ਵੀ ਕਰਦੇ ਹਨ ਪਰਹੇਜ਼!

ਕਿਉਂਕਿ ਇਹ ਦੁਕਾਨ ਚੱਟਾਨ ਨਾਲ ਹਵਾ ਵਿੱਚ ਲਟਕੀ ਹੋਈ ਹੈ, ਇਸ ਲਈ ਇੱਥੇ ਕੋਈ ਟਾਇਲਟ ਦੀ ਸਹੂਲਤ ਨਹੀਂ ਹੈ। ਜੇਕਰ ਇੱਥੇ ਡਿਊਟੀ ਕਰ ਰਹੇ ਕਰਮਚਾਰੀ ਨੂੰ ਵੀ ਵਾਸ਼ਰੂਮ ਜਾਣ ਦੀ ਲੋੜ ਪੈ ਜਾਵੇ, ਤਾਂ ਉਸ ਨੂੰ ਪੂਰੀ ਚੱਟਾਨ ਤੋਂ ਹੇਠਾਂ ਉਤਰਨਾ ਪੈਂਦਾ ਹੈ ਅਤੇ ਫਿਰ ਦੁਬਾਰਾ ਚੜ੍ਹਾਈ ਕਰਨੀ ਪੈਂਦੀ ਹੈ। ਇਸੇ ਕਰਕੇ ਡਿਊਟੀ ਦੌਰਾਨ ਇੱਥੋਂ ਦਾ ਸਟਾਫ ਪਾਣੀ ਪੀਣ ਤੋਂ ਵੀ ਪਰਹੇਜ਼ ਕਰਦਾ ਹੈ, ਤਾਂ ਜੋ ਵਾਰ-ਵਾਰ ਬਾਥਰੂਮ ਜਾਣ ਦੀ ਨੌਬਤ ਨਾ ਆਵੇ।

ਰੋਜ਼ ਖਤਰਿਆਂ ਨਾਲ ਖੇਡਦੇ ਹਨ ਦੁਕਾਨ ਦੇ ਕਰਮਚਾਰੀ

ਇਸ ਦੁਕਾਨ ਨੂੰ ਚਲਾਉਣਾ ਕਿਸੇ ਸਖ਼ਤ ਇਮਤਿਹਾਨ ਤੋਂ ਘੱਟ ਨਹੀਂ। ਇੱਥੇ ਕੰਮ ਕਰਨ ਵਾਲੇ ਕਰਮਚਾਰੀ ਹਰ ਸਵੇਰ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਭਾਰੀ ਸਮਾਨ ਆਪਣੀ ਪਿੱਠ ‘ਤੇ ਚੁੱਕ ਕੇ ਇਸ ਖਤਰਨਾਕ ਚੱਟਾਨ ‘ਤੇ ਚੜ੍ਹਦੇ ਹਨ, ਤਾਂ ਜੋ ਪਹਾੜ-ਚੜ੍ਹਾਈ ਕਰਨ ਵਾਲਿਆਂ ਲਈ ਦੁਕਾਨ ਵਿੱਚ ਲੋੜੀਂਦਾ ਸਮਾਨ ਉਪਲਬਧ ਰਹੇ ਅਤੇ ਕਿਸੇ ਚੀਜ਼ ਦੀ ਕਮੀ ਨਾ ਆਵੇ।

ਇੰਨੀ ਉੱਚਾਈ ‘ਤੇ ਵੀ ਸਮਾਨ ਬਿਲਕੁਲ ਸਸਤਾ!

ਆਮ ਤੌਰ ‘ਤੇ ਸੈਰ-ਸਪਾਟੇ ਵਾਲੀਆਂ ਥਾਵਾਂ ਜਾਂ ਉੱਚੀਆਂ ਜਗ੍ਹਾਂ ‘ਤੇ ਸਮਾਨ ਦੁੱਗਣੀ ਕੀਮਤ ‘ਤੇ ਮਿਲਦਾ ਹੈ, ਪਰ ਇੱਥੇ ਅਜਿਹਾ ਨਹੀਂ ਹੈ। ਇੰਨੀਆਂ ਮੁਸ਼ਕਲਾਂ ਦੇ ਬਾਵਜੂਦ ਵੀ ਇਸ ਦੁਕਾਨ ਵਿੱਚ ਸਮਾਨ ਦੀਆਂ ਕੀਮਤਾਂ ਬਿਲਕੁਲ ਆਮ ਹਨ। ਉਦਾਹਰਨ ਵਜੋਂ, ਪਾਣੀ ਦੀ ਇੱਕ ਬੋਤਲ ਇੱਥੇ ਸਿਰਫ਼ 2 RMB, ਯਾਨੀ ਲਗਭਗ 28 ਰੁਪਏ ਵਿੱਚ ਮਿਲ ਜਾਂਦੀ ਹੈ।

ਸਟਾਫ ਨਹੀਂ ਹੈ? ਤਾਂ ਭਰੋਸੇ ‘ਤੇ ਲੈ ਜਾਓ ਸਮਾਨ!

ਇਹ ਦੁਕਾਨ ਇੰਨੀ ਛੋਟੀ ਹੈ, ਇੱਥੇ ਇੱਕ ਸਮੇਂ ਸਿਰਫ਼ ਇੱਕ ਹੀ ਵਿਅਕਤੀ ਬੈਠ ਸਕਦਾ ਹੈ। ਕਈ ਵਾਰ ਇਹ ਦੁਕਾਨ ਪੂਰੀ ਤਰ੍ਹਾਂ ਭਰੋਸੇ ਵਾਲੇ ਸਿਸਟਮ ‘ਤੇ ਚੱਲਦੀ ਹੈ। ਪਹਾੜ-ਚੜ੍ਹਾਈ ਕਰਨ ਵਾਲੇ ਲੋਕ ਇੱਥੇ ਆਉਂਦੇ ਹਨ, ਪਾਣੀ ਜਾਂ ਸਨੈਕਸ ਚੁੱਕਦੇ ਹਨ ਅਤੇ ਉੱਥੇ ਲੱਗੇ QR ਕੋਡ ਨੂੰ ਸਕੈਨ ਕਰਕੇ ਸਿੱਧਾ ਆਨਲਾਈਨ ਭੁਗਤਾਨ ਕਰ ਦਿੰਦੇ ਹਨ।

393 ਫੁੱਟ ਉੱਚੀ ਚੱਟਾਨ ‘ਤੇ ਕਿਰਾਣੇ ਦੀ ਦੁਕਾਨ!

Follow Us