ਮਾਂ ਕੇਕ ਲੈਣ ਗਈ ਤੇ ਪੂਲ ‘ਚ ਡਿੱਗ ਗਈ 2 ਸਾਲ ਦੀ ਬੱਚੀ, ਨਿੱਕੇ ਜਿਹੇ ਪਾਲਤੂ ਕੁੱਤੇ ਨੇ ਇੰਝ ਬਚਾਈ ਜਾਨ
Viral Video: ਮਾਂ ਸਿਰਫ ਕੇਕ ਦਾ ਇੱਕ ਟੁਕੜਾ ਲੈਣ ਗਈ ਸੀ, ਪਿੱਛੋਂ 2 ਸਾਲ ਦੀ ਬੱਚੀ ਪੂਲ ਵਿੱਚ ਡਿੱਗ ਗਈ। ਫਿਰ ਜੋ ਹੋਇਆ, ਉਹ ਦੇਖ ਕੇ ਹਰ ਕਿਸੇ ਦੀਆਂ ਅੱਖਾਂ ਨਮ ਹੋ ਗਈਆਂ। ਇਹ ਘਟਨਾ ਬ੍ਰਾਜ਼ੀਲ ਦੀ ਹੈ।
ਨਿੱਕੇ ਪੱਪੀ ਨੇ ਜਿੱਤਿਆ ਸਭ ਦਾ ਦਿਲ
ਬ੍ਰਾਜ਼ੀਲ ਤੋਂ ਇੱਕ ਅਜਿਹੀ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਹਰ ਕਿਸੇ ਦੀਆਂ ਅੱਖਾਂ ਨਮ ਹੋ ਗਈਆਂ। 2 ਸਾਲ ਦੀ ਬੱਚੀ ਮਾਈਤੇ ਆਪਣੇ ਪਰਿਵਾਰ ਨਾਲ ਇੱਕ ਰਿਸ਼ਤੇਦਾਰ ਦੇ ਘਰ ਗਈ ਹੋਈ ਸੀ। ਉੱਥੇ ਇੱਕ ਛੋਟਾ ਜਿਹਾ ਪੂਲ ਸੀ। ਕੋਲ ਹੀ ਪਰਿਵਾਰ ਦਾ ਕੁੱਤਾ ਤੇਰੇਜਾ ਘੁੰਮ ਰਿਹਾ ਸੀ। ਉਹ ਗੋਲਡਨ ਰਿਟ੍ਰੀਵਰ ਨਸਲ ਦਾ ਕੁੱਤਾ ਸੀ। ਬੱਚੀ ਦੀ ਮਾਂ ਗਲਾਡਿਸਾ ਸਿਰਫ ਕੇਕ ਦਾ ਇੱਕ ਟੁਕੜਾ ਲੈਣ ਲਈ ਅੰਦਰ ਗਈ ਸੀ। ਪਰ ਇੰਨੇ ਕੁ ਸਮੇਂ ਵਿੱਚ ਹੀ ਹਾਦਸਾ ਵਾਪਰ ਗਿਆ।
ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਛੋਟੀ ਜਿਹੀ ਮਾਈਤੇ ਇਕੱਲੀ ਹੀ ਪੂਲ ਦੀਆਂ ਪੌੜੀਆਂ ਉਤਰ ਗਈ। ਅਚਾਨਕ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਪਾਣੀ ਵਿੱਚ ਡੁੱਬਣ ਲੱਗੀ। ਬੱਚੀ ਬਾਹਰ ਨਿਕਲਣ ਲਈ ਹੱਥ-ਪੈਰ ਮਾਰ ਰਹੀ ਸੀ, ਪਰ ਉਹ ਪੂਲ ਵਿੱਚੋਂ ਬਾਹਰ ਨਹੀਂ ਆ ਪਾ ਰਹੀ ਸੀ।
ਅਤੇ ਫਿਰ ਜੋ ਹੋਇਆ, ਉਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ!
ਸਿਰਫ 3 ਮਹੀਨੇ ਦਾ ਨਿੱਕਾ ਜਿਹਾ ਪੱਪੀ ਤੇਰੇਜਾ ਦੌੜਦਾ ਹੋਇਆ ਉੱਥੇ ਪਹੁੰਚਿਆ ਅਤੇ ਇੱਕ ਪਲ ਦੀ ਵੀ ਦੇਰ ਕੀਤੇ ਬਿਨਾਂ ਪੂਲ ਵਿੱਚ ਛਾਲ ਮਾਰ ਦਿੱਤੀ। ਇਸ ਤੋਂ ਬਾਅਦ ਉਹ ਤੈਰ ਕੇ ਮਾਈਤੇ ਕੋਲ ਪਹੁੰਚਿਆ ਅਤੇ ਬੱਚੀ ਨੇ ਉਸ ਨੂੰ ਘੁੱਟ ਕੇ ਫੜ ਲਿਆ। ਤੇਰੇਜਾ ਉਸ ਦੇ ਕੋਲ ਹੀ ਤੈਰਦਾ ਰਿਹਾ ਅਤੇ ਉਸ ਨੂੰ ਡੁੱਬਣ ਨਹੀਂ ਦਿੱਤਾ।
ਇੰਨੇ ਵਿੱਚ ਬੱਚੀ ਦੀ ਮਾਂ ਅਤੇ ਵੱਡੀ ਭੈਣ ਦੌੜ ਕੇ ਉੱਥੇ ਪਹੁੰਚ ਗਈਆਂ ਅਤੇ ਦੋਵਾਂ ਨੂੰ ਪੂਲ ਵਿੱਚੋਂ ਬਾਹਰ ਕੱਢ ਲਿਆ। ਮੀਡੀਆ ਰਿਪੋਰਟਾਂ ਮੁਤਾਬਕ, ਮਾਈਤੇ ਨੂੰ ਕੋਈ ਸੱਟ ਨਹੀਂ ਲੱਗੀ ਅਤੇ ਉਹ ਬਿਲਕੁਲ ਠੀਕ ਹੈ। ਬਾਅਦ ਵਿੱਚ ਮਾਂ ਨੇ ਇਹ ਵੀਡੀਓ ਇਸ ਲਈ ਸਾਂਝੀ ਕੀਤੀ, ਤਾਂ ਜੋ ਹੋਰ ਮਾਪਿਆਂ ਨੂੰ ਸਮਝ ਆ ਸਕੇ ਕਿ ਹਾਦਸਾ ਵਾਪਰਨ ਵਿੱਚ ਸਿਰਫ ਕੁਝ ਸਕਿੰਟ ਹੀ ਲੱਗਦੇ ਹਨ।
ਤੇ ਰਹੀ ਗੱਲ ਤੇਰੇਜਾ ਦੀ, ਤਾਂ ਹੁਣ ਹਰ ਕੋਈ ਉਸ ਨੂੰ ਹੀਰੋ ਕਹਿ ਰਿਹਾ ਹੈ, ਕਿਉਂਕਿ ਉਸ ਦਿਨ ਕਿਸੇ ਇਨਸਾਨ ਨੇ ਨਹੀਂ, ਸਗੋਂ ਸਿਰਫ 3 ਮਹੀਨੇ ਦੇ ਇੱਕ ਨਿੱਕੇ ਜਿਹੇ ਕੁੱਤੇ ਨੇ ਬੱਚੀ ਦੀ ਜਾਨ ਬਚਾਈ ਸੀ।
