ਜਲੰਧਰ ‘ਚ ASI ਦੇ ਘਰ ਵੜਿਆ ਖ਼ਤਰਨਾਕ ਕੋਬਰਾ, ਕੰਧ ਦੇ ਛੇਕ ਵਿੱਚ ਲੁਕਿਆ ਸੱਪ ਫੜਨ ਲਈ ਪੁਲਿਸ ਮੁਲਾਜ਼ਮ ਨੇ ਦਿਖਾਈ ਹਿੰਮਤ
Jalandhar Cobra video: ਜਲੰਧਰ ਦੇ ਲੱਦੇਵਾਲੀ ਰੋਡ ਸਥਿਤ ਪਾਰਕ ਐਵੇਨਿਊ ਵਿੱਚ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਇੱਕ ਖ਼ਤਰਨਾਕ ਕੋਬਰਾ ਸੱਪ ASI ਦੇ ਘਰ ਵਿੱਚ ਵੜ ਗਿਆ। ਪਰਿਵਾਰ ਨੇ ਸੱਪ ਦੇਖਦੇ ਹੀ ਰੈਸਕਿਊ ਟੀਮ ਨੂੰ ਬੁਲਾਇਆ।
ਜਲੰਧਰ 'ਚ ASI ਦੇ ਘਰ ਵੜਿਆ ਖ਼ਤਰਨਾਕ ਕੋਬਰਾ,
ਜਲੰਧਰ ਦੇ ਲੱਦੇਵਾਲੀ ਰੋਡ ਸਥਿਤ ਪਾਰਕ ਐਵੇਨਿਊ ਵਿੱਚ ਇੱਕ ਕੋਬਰਾ ਸੱਪ ASI ਦੇ ਘਰ ਵਿੱਚ ਵੜ ਗਿਆ। ਇਸ ਕਾਰਨ ਪਰਿਵਾਰ ਵਿੱਚ ਦਹਿਸ਼ਤ ਫੈਲ ਗਈ ਅਤੇ ਸੱਪ ਨੂੰ ਫੜਨ ਲਈ ਰੈਸਕਿਊ ਟੀਮ ਨੂੰ ਬੁਲਾਇਆ ਗਿਆ। ਸੱਪ ਦੇ ਕੰਧ ਵਿੱਚ ਬਣੇ ਇੱਕ ਛੇਕ ਅੰਦਰ ਵੜ ਜਾਣ ਕਾਰਨ ਉਸ ਨੂੰ ਫੜਨ ਲਈ ਕਰੀਬ ਇੱਕ ਘੰਟੇ ਤੱਕ ਮੁਸ਼ੱਕਤ ਕਰਨੀ ਪਈ। ASI ਭਾਰਤ ਭੂਸ਼ਣ ਦੇ ਘਰ ਵਿੱਚੋਂ ਸੱਪ ਨੂੰ ਰੈਸਕਿਊ ਕਰਨ ਦਾ ਪੂਰਾ ਵੀਡੀਓ ਵੀ ਸਾਹਮਣੇ ਆਇਆ ਹੈ। ਜਦੋਂ ਸੱਪ ਫੜਨ ਵਾਲੇ ਕੁਲਦੀਪ ਤੋਂ ਇਕੱਲੇ ਸੱਪ ਕਾਬੂ ਨਹੀਂ ਆਇਆ ਤਾਂ ASI ਦੀ ਵੀ ਮਦਦ ਲਈ ਗਈ। ਕੁਲਦੀਪ ਅਤੇ ASI ਖੁਦ 10 ਤੋਂ 12 ਫੁੱਟ ਉੱਚੀ ਕੰਧ ‘ਤੇ ਚੜ੍ਹ ਗਏ। ਕੰਧ ਦੇ ਅੰਦਰੋਂ ਆਰ-ਪਾਰ ਹੋ ਚੁੱਕੇ ਸੱਪ ਨੂੰ ਦੂਜੇ ਪਾਸੇ ਖਾਲੀ ਪਲਾਟ ਵਿੱਚ ਕਾਬੂ ਕੀਤਾ ਗਿਆ।
ਕੁਲਦੀਪ ਨੇ ਦੱਸਿਆ ਕਿ ASI ਭਾਰਤ ਭੂਸ਼ਣ ਨੇ ਘਰ ਵਿੱਚ ਸੱਪ ਦੇਖਣ ਤੋਂ ਬਾਅਦ ਉਨ੍ਹਾਂ ਦੀ ਟੀਮ ਨਾਲ ਸੰਪਰਕ ਕੀਤਾ ਸੀ। ਉਹ ਕਪੂਰਥਲਾ ਵਿੱਚ ਰੈਸਕਿਊ ਲਈ ਗਏ ਹੋਏ ਸਨ, ਜਿਸ ਕਾਰਨ ਉਨ੍ਹਾਂ ਨੂੰ ਪਹੁੰਚਣ ਵਿੱਚ ਦੇਰ ਹੋ ਗਈ। ਹਾਲਾਂਕਿ, ਪਰਿਵਾਰ ਨੇ ਸੱਪ ‘ਤੇ ਲਗਾਤਾਰ ਨਜ਼ਰ ਬਣਾਈ ਰੱਖੀ, ਜਿਸ ਕਾਰਨ ਉਸ ਨੂੰ ਕਾਬੂ ਕਰਨ ਵਿੱਚ ਸਫਲਤਾ ਮਿਲੀ।
ਕੁਲਦੀਪ ਨੇ ਦੱਸਿਆ ਕਿ ਇਹ ਸਪੈਕਟੈਕਲਡ ਕੋਬਰਾ ਦੀ ਮਾਦਾ ਪ੍ਰਜਾਤੀ ਹੈ। ਇਸ ਦੇ ਡੰਗਣ ਨਾਲ ਸਰੀਰ ਵਿੱਚ ਨਿਊਰੋਟੌਕਸਿਨ ਜ਼ਹਿਰ ਫੈਲ ਸਕਦਾ ਹੈ, ਜੋ ਬੇਹੱਦ ਖ਼ਤਰਨਾਕ ਹੁੰਦਾ ਹੈ। ਉਨ੍ਹਾਂ ਮੁਤਾਬਕ, ਇਸ ਦੇ ਡੰਗਣ ਨਾਲ ਅੱਧੇ ਘੰਟੇ ਦੇ ਅੰਦਰ ਇਨਸਾਨ ਦੀ ਮੌਤ ਵੀ ਹੋ ਸਕਦੀ ਹੈ।
ਸੱਪ ਨੂੰ ਫੜਨ ਦਾ ਪੂਰਾ ਰੈਸਕਿਊ ਆਪ੍ਰੇਸ਼ਨ, ਪੜ੍ਹੋ
– ਸ਼ਾਮ 6 ਤੋਂ 7 ਵਜੇ ਦੇ ਕਰੀਬ ਪਰਿਵਾਰ ਨੇ ਦੇਖਿਆ ਸੱਪ: ਜਲੰਧਰ ਦੇ ਲੱਦੇਵਾਲੀ ਰੋਡ ਸਥਿਤ ਪਾਰਕ ਐਵੇਨਿਊ ਵਿੱਚ 24 ਨਵੰਬਰ ਨੂੰ ਇੱਕ ਪੁਲਿਸ ਮੁਲਾਜ਼ਮ ਦੇ ਘਰ ਵਿੱਚ ਸੱਪ ਦੇਖਿਆ ਗਿਆ ਸੀ। ਜਦੋਂ ਤੱਕ ਰੈਸਕਿਊ ਟੀਮ ਉੱਥੇ ਪਹੁੰਚੀ, ਸੱਪ ਅੱਖਾਂ ਤੋਂ ਓਝਲ ਹੋ ਚੁੱਕਾ ਸੀ। ASI ਭਾਰਤ ਭੂਸ਼ਣ ਨੇ ਦੱਸਿਆ ਕਿ ਉਨ੍ਹਾਂ ਨੇ ਵਿਹੜੇ ਵਿੱਚ ਰੱਖੀ ਕੁਰਸੀ ਦੇ ਹੇਠਾਂ ਸੱਪ ਦੇਖਿਆ ਸੀ। ਇਸ ਤੋਂ ਬਾਅਦ ਉਹ ਅੱਗੇ ਵੱਲ ਚਲਾ ਗਿਆ।
– ਪਹੁੰਚਦੇ ਹੀ ਟਾਰਚ ਦੀ ਮਦਦ ਨਾਲ ਸੱਪ ਦੀ ਭਾਲ ਸ਼ੁਰੂ ਕੀਤੀ: ਰੈਸਕਿਊ ਟੀਮ ਦੇ ਕੁਲਦੀਪ ਸਿੰਘ ਨੇ ਪਹੁੰਚਦੇ ਹੀ ਪਰਿਵਾਰ ਤੋਂ ਪੁੱਛਿਆ ਕਿ ਸੱਪ ਸਭ ਤੋਂ ਪਹਿਲਾਂ ਘਰ ਵਿੱਚ ਕਿਸ ਜਗ੍ਹਾ ਦੇਖਿਆ ਗਿਆ ਸੀ। ASI ਤੋਂ ਜਾਣਕਾਰੀ ਮਿਲਣ ਤੋਂ ਬਾਅਦ ਉਨ੍ਹਾਂ ਨੇ ਪਹਿਲਾਂ ਵਿਹੜੇ ਵਿੱਚ ਰੱਖੀ ਕੁਰਸੀ ਅਤੇ ਉਸ ਦੇ ਆਲੇ-ਦੁਆਲੇ ਪਏ ਸਾਮਾਨ ਵਿੱਚ ਸੱਪ ਦੀ ਭਾਲ ਕੀਤੀ, ਪਰ ਉਹ ਉੱਥੇ ਨਹੀਂ ਮਿਲਿਆ। ਇਸ ਤੋਂ ਬਾਅਦ ਘਰ ਦੇ ਪਲਾਟ ਨਾਲ ਲੱਗਦੀ ਕੰਧ ਕੋਲ ਉਸ ਦੀ ਪੂਛ ਦਿਖਾਈ ਦਿੱਤੀ।
ਇਹ ਵੀ ਪੜ੍ਹੋ
– ਕੰਧ ਦੇ ਛੇਕ ਵਿੱਚ ਵੜ ਚੁੱਕਾ ਸੀ ਸੱਪ: ਕੁਲਦੀਪ ਨੇ ਘਰ ਪਹੁੰਚਣ ਦੇ 5 ਤੋਂ 10 ਮਿੰਟਾਂ ਅੰਦਰ ਹੀ ਸੱਪ ਨੂੰ ਲੱਭ ਲਿਆ ਸੀ, ਪਰ ਉਹ ਕੰਧ ਦੇ ਛੇਕ ਵਿੱਚ ਵੜ ਚੁੱਕਾ ਸੀ। ਉਸ ਨੂੰ ਬਾਹਰ ਕੱਢਣ ਲਈ ਕੁਲਦੀਪ ਨੇ ਸੱਪ ਦੀ ਪੂਛ ਫੜ ਕੇ ਖਿੱਚਣ ਦੀ ਕੋਸ਼ਿਸ਼ ਕੀਤੀ। ਪਰ ਇਹ ਤਰੀਕਾ ਕੰਮ ਨਹੀਂ ਆਇਆ ਅਤੇ ਸੱਪ ਵਾਰ-ਵਾਰ ਉਨ੍ਹਾਂ ਦੇ ਹੱਥ ਵਿੱਚੋਂ ਫਿਸਲਦਾ ਰਿਹਾ।
– ਕਾਬੂ ਨਾ ਆਉਣ ‘ਤੇ ਪਾਏ ਦਸਤਾਨੇ: ਕੁਲਦੀਪ ਨੇ ਦੇਖਿਆ ਕਿ ਸੱਪ ਨੰਗੇ ਹੱਥਾਂ ਨਾਲ ਕਾਬੂ ਨਹੀਂ ਆ ਰਿਹਾ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਖੁਰਦਰੇ ਦਸਤਾਨੇ ਮੰਗਵਾਏ ਅਤੇ ਇੱਕ ਹੱਥ ਨਾਲ ਸੱਪ ਨੂੰ ਫੜ ਕੇ ਦੂਜੇ ਹੱਥ ਦੀ ਮਦਦ ਨਾਲ ਦਸਤਾਨਾ ਪਾਇਆ। ਪਰ ਇਸ ਦੇ ਬਾਵਜੂਦ ਸੱਪ ਕਾਬੂ ਵਿੱਚ ਨਹੀਂ ਆਇਆ ਅਤੇ ਉਸ ਨੂੰ ਕੰਧ ਵਿੱਚੋਂ ਬਾਹਰ ਨਹੀਂ ਕੱਢਿਆ ਜਾ ਸਕਿਆ।
– ਮਦਦ ਲਈ ਕੋਈ ਤਿਆਰ ਨਹੀਂ ਹੋਇਆ ਤਾਂ ASI ਨੇ ਦਿਖਾਈ ਹਿੰਮਤ: ਕੁਲਦੀਪ ਸਿੰਘ ਨੇ ਕਈ ਲੋਕਾਂ ਤੋਂ ਇਹ ਕਹਿ ਕੇ ਮਦਦ ਮੰਗੀ ਕਿ ਕੋਈ ਕੰਧ ਦੇ ਦੂਜੇ ਪਾਸੇ ਝਾਤ ਮਾਰ ਕੇ ਦੱਸੇ ਕਿ ਸੱਪ ਦਾ ਮੂੰਹ ਬਾਹਰ ਨਿਕਲਿਆ ਹੈ ਜਾਂ ਨਹੀਂ। ਪਰ ਪਰਿਵਾਰਕ ਮੈਂਬਰਾਂ ਨੇ ਕੰਧ ‘ਤੇ ਚੜ੍ਹਨ ਵਿੱਚ ਅਸਮਰੱਥਾ ਜਤਾਈ। ਇਸ ਤੋਂ ਬਾਅਦ ASI ਨੇ ਹਿੰਮਤ ਦਿਖਾਈ ਅਤੇ ਪੌੜੀ ਲਗਾ ਕੇ ਕੰਧ ‘ਤੇ ਚੜ੍ਹ ਗਏ।
– ਡੰਡੇ ਦੀ ਮਦਦ ਨਾਲ ਸੱਪ ਦਾ ਮੂੰਹ ਦਬਾਇਆ: ASI ਨੇ ਕੰਧ ‘ਤੇ ਚੜ੍ਹਨ ਤੋਂ ਬਾਅਦ ਡੰਡੇ ਦੀ ਮਦਦ ਨਾਲ ਦੂਜੇ ਪਾਸੇ ਨਿਕਲੇ ਸੱਪ ਦਾ ਮੂੰਹ ਦਬਾਇਆ। ਇਸ ਤੋਂ ਬਾਅਦ ਕੁਲਦੀਪ ਕੁਝ ਹੀ ਸਕਿੰਟਾਂ ਵਿੱਚ ਕੰਧ ਟੱਪ ਕੇ ਦੂਜੇ ਪਾਸੇ ਪਹੁੰਚ ਗਏ ਅਤੇ ਸੱਪ ਨੂੰ ਫੜ ਲਿਆ।
ਕੁਲਦੀਪ ਬੋਲੇ- ਇਹ ਸਪੈਕਟੈਕਲਡ ਫੀਮੇਲ ਕੋਬਰਾ ਹੈ
ਸੱਪ ਨੂੰ ਰੈਸਕਿਊ ਕਰਨ ਤੋਂ ਬਾਅਦ ਸੁਰੱਖਿਅਤ ਜਗ੍ਹਾ ਛੱਡਣ ਲਈ ਕੁਲਦੀਪ ਨੇ ਉਸ ਨੂੰ ਇੱਕ ਡੱਬੇ ਵਿੱਚ ਬੰਦ ਕਰ ਲਿਆ। ਕੁਲਦੀਪ ਨੇ ਦੱਸਿਆ ਕਿ ਇਸ ਦੀ ਉਮਰ 6 ਸਾਲ ਹੈ। ਇਹ ਸਪੈਕਟੈਕਲਡ ਫੀਮੇਲ ਕੋਬਰਾ ਹੈ ਅਤੇ ਇਸ ਦੇ ਡੰਗਣ ਨਾਲ ਇਨਸਾਨ ਦੇ ਨਰਵਸ ਸਿਸਟਮ ‘ਤੇ ਅਸਰ ਪੈਂਦਾ ਹੈ। ਉਨ੍ਹਾਂ ਮੁਤਾਬਕ, ਜੇਕਰ ਇਹ ਪੂਰੀ ਤਰ੍ਹਾਂ ਡੰਗ ਮਾਰ ਦੇਵੇ ਤਾਂ ਇਸ ਦਾ ਜ਼ਹਿਰ ਦਿਮਾਗ ਤੱਕ ਪਹੁੰਚ ਸਕਦਾ ਹੈ ਅਤੇ ਇਨਸਾਨ ਨੂੰ ਪੈਰਾਲਾਈਜ਼ ਕਰ ਸਕਦਾ ਹੈ। ਸਮੇਂ ਸਿਰ ਹਸਪਤਾਲ ਨਾ ਪਹੁੰਚਣ ‘ਤੇ ਅੱਧੇ ਘੰਟੇ ਦੇ ਅੰਦਰ ਮੌਤ ਵੀ ਹੋ ਸਕਦੀ ਹੈ।
