18 ਸਾਲ ਦੀ ਉਮਰ ਤੋਂ ਪਹਿਲਾਂ Instagram ਚਲਾਉਣਾ ਹੋਇਆ ਮੁਸ਼ਕਲ, ਮੇਟਾ ਨੇ ਲਿਆ ਇਹ ਵੱਡਾ ਫੈਸਲਾ
Instagram Teen Account: Instagram: ਇੰਸਟਾਗ੍ਰਾਮ ਨੇ ਇੱਕ ਵੱਡਾ ਫੈਸਲਾ ਲਿਆ ਹੈ। ਜਿਸ ਵਿੱਚ ਉਹ ਏਆਈ ਦੀ ਮਦਦ ਨਾਲ ਜਾਂਚ ਕਰੇਗਾ ਕਿ ਕਿਹੜਾ ਅਕਾਉਂਟ ਬੱਚੇ ਦਾ ਹੈ ਅਤੇ ਕਿਹੜਾ ਬਾਲਗ ਦਾ। ਜੇਕਰ ਕੋਈ ਬੱਚਾ ਜਾਅਲੀ ਉਮਰ ਦਰਜ ਕਰਕੇ ਖਾਤਾ ਚਲਾ ਰਿਹਾ ਹੈ ਤਾਂ ਉਸਦਾ ਖਾਤਾ ਆਪਣੇ ਆਪ ਹੀ ਟੀਨੇਜ਼ ਅਕਾਉਂਟ ਵਿੱਚ ਬਦਲ ਜਾਵੇਗਾ।

ਅੱਜ, ਹਰ ਉਮਰ ਦੇ ਲੋਕ ਸੋਸ਼ਲ ਮੀਡੀਆ ਦੀ ਵਰਤੋਂ ਕਰ ਰਹੇ ਹਨ। ਪਰ ਇੰਸਟਾਗ੍ਰਾਮ ‘ਤੇ ਬੱਚਿਆਂ ਅਤੇ ਟੀਨਜ਼ ਯੂਜ਼ਰ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਕਈ ਵਾਰ ਬੱਚੇ ਇੰਸਟਾਗ੍ਰਾਮ ‘ਤੇ ਆਪਣੀ ਅਸਲ ਉਮਰ ਲੁਕਾ ਕੇ ਬਾਲਗ ਬਣਨ ਦੀ ਕੋਸ਼ਿਸ਼ ਕਰਦੇ ਹਨ। ਤਾਂ ਜੋ ਉਹ ਕੁਝ ਕੰਟੈਂਟ ਜਾਂ ਫੀਚਰ ਤੱਕ ਪਹੁੰਚ ਕਰ ਸਕਣ ਜੋ ਸਿਰਫ਼ ਬਾਲਗਾਂ ਲਈ ਹਨ। ਹੁਣ ਇੰਸਟਾਗ੍ਰਾਮ ਨੇ ਇਸ ਸਮੱਸਿਆ ਨੂੰ ਹੱਲ ਕਰਨ ਲਈ ਏਆਈ (ਆਰਟੀਫੀਸ਼ੀਅਲ ਇੰਟੈਲੀਜੈਂਸ) ਦੀ ਮਦਦ ਲੈਣੀ ਸ਼ੁਰੂ ਕਰ ਦਿੱਤੀ ਹੈ।
ਏਆਈ ਕਿਵੇਂ ਕਰੇਗਾ ਉਮਰ ਦਾ ਪਤਾ?
ਇੰਸਟਾਗ੍ਰਾਮ ਹੁਣ ਏਆਈ ਤਕਨਾਲੋਜੀ ਦੀ ਮਦਦ ਨਾਲ ਇਹ ਜਾਂਚ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕੀ ਕੋਈ ਟੀਨੇਜਰ (13-17 ਸਾਲ ਦਾ) 18 ਸਾਲ ਤੋਂ ਵੱਧ ਉਮਰ ਦਾ ਹੋਣ ਦਾ ਦਿਖਾਵਾ ਤਾਂ ਨਹੀਂ ਕਰ ਰਿਹਾ। ਇਸ ਪ੍ਰਕਿਰਿਆ ਵਿੱਚ, ਚਿਹਰੇ ਦੀ ਫੋਟੋ ਦੇਖ ਕੇ ਉਮਰ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ। ਉਮਰ ਦਾ ਅੰਦਾਜ਼ਾ ਐਪ ‘ਤੇ ਉਪਭੋਗਤਾ ਦੇ ਬਿਹੇਵੀਅਰ ਅਤੇ ਐਕਟਿਵਿਟੀ ਦੇ ਆਧਾਰ ‘ਤੇ ਵੀ ਲਗਾਇਆ ਜਾਵੇਗਾ। ਜੇਕਰ ਇੰਸਟਾਗ੍ਰਾਮ ਨੂੰ ਕੋਈ ਸ਼ੱਕ ਹੈ ਤਾਂ ਉਹ ਯੂਜ਼ਰ ਤੋਂ ਫੇਸ ਸਕੈਨ ਜਾਂ ਉਮਰ ਸਰਟੀਫਿਕੇਟ ਮੰਗ ਸਕਦਾ ਹੈ। ਸੱਚਾਈ ਸਾਹਮਣੇ ਆਉਣ ਤੋਂ ਬਾਅਦ, ਅਜਿਹੇ ਖਾਤੇ ਨੂੰ ਟੀਨੇਜ਼ ਅਕਾਉਂਟ ਵਿੱਚ ਬਦਲ ਦਿੱਤਾ ਜਾਵੇਗਾ।
ਮੇਟਾ ਦੇ ਅਨੁਸਾਰ, ਇਸ ਤਕਨਾਲੋਜੀ ਨੂੰ ਪੂਰੀ ਗੋਪਨੀਯਤਾ ਨੂੰ ਧਿਆਨ ਵਿੱਚ ਰੱਖ ਕੇ ਵਿਕਸਤ ਕੀਤਾ ਗਿਆ ਹੈ। ਇੰਸਟਾਗ੍ਰਾਮ ਇਸ ਡੇਟਾ ਨੂੰ ਕਿਸੇ ਨਾਲ ਸ਼ੇਅਰ ਨਹੀਂ ਕਰੇਗਾ ਅਤੇ ਸਕੈਨ ਕੁਝ ਮਿੰਟਾਂ ਵਿੱਚ ਡਿਲੀਟ ਕਰ ਦਿੱਤੇ ਜਾਣਗੇ।
ਟੀਨੇਜ਼ ਅਕਾਉਂਟ ਕੀ ਹੁੰਦਾ ਹੈ?
- ਟੀਨੇਜ਼ ਅਕਾਉਂਟ ਮੂਲ ਰੂਪ ਵਿੱਚ ਨਿੱਜੀ ਹੁੰਦੇ ਹਨ। ਇਸਦਾ ਮਤਲਬ ਹੈ ਕਿ ਉਨ੍ਹਾਂ ਦੀ ਪ੍ਰੋਫਾਈਲ ਅਤੇ ਪੋਸਟ ਹਰ ਕਿਸੇ ਨੂੰ ਦਿਖਾਈ ਨਹੀਂ ਦਿੰਦੀਆਂ। ਇਸ ਤੋਂ ਇਲਾਵਾ, ਪ੍ਰਾਈਵੇਟ ਮੈਸੇਜੇਸ (DM) ‘ਤੇ ਵੀ ਲਿਮਿਟ ਸੈਟ ਹੁੰਦੀ ਹੈ। ਟੀਨੇਜ਼ ਯੂਜਰ ਸਿਰਫ਼ ਉਨ੍ਹਾਂ ਲੋਕਾਂ ਤੋਂ ਮੈਸੇਜ ਪ੍ਰਾਪਤ ਕਰ ਸਕਦੇ ਹਨ ਜਿਨ੍ਹਾਂ ਨੂੰ ਉਹ ਪਹਿਲਾਂ ਹੀ ਫਾਲੋ ਕਰਦੇ ਹਨ ਜਾਂ ਜਿਨ੍ਹਾਂ ਨਾਲ ਉਹ ਪਹਿਲਾਂ ਹੀ ਜੁੜੇ ਹੋਏ ਹਨ।
- ਇੰਸਟਾਗ੍ਰਾਮ ‘ਤੇ ਸੈਂਸੇਟਿਵ ਕੰਟੈਂਟ, ਜਿਵੇਂ ਕਿ ਲੜਾਈ ਦੇ ਵੀਡੀਓ ਜਾਂ ਕਾਸਮੈਟਿਕ ਸਰਜਰੀ ਨੂੰ ਉਤਸ਼ਾਹਿਤ ਕਰਨ ਵਾਲੀਆਂ ਪੋਸਟਾਂ, ਨੂੰ ਵੀ ਘੱਟ ਦਿਖਾਇਆ ਜਾਵੇਗਾ।
- ਮੇਟਾ ਦੇ ਅਨੁਸਾਰ, ਜੇਕਰ ਕੋਈ ਟੀਨੇਜ ਇੰਸਟਾਗ੍ਰਾਮ ‘ਤੇ 60 ਮਿੰਟ ਤੋਂ ਵੱਧ ਸਮਾਂ ਬਿਤਾਉਂਦਾ ਹੈ, ਤਾਂ ਉਸਨੂੰ ਨੋਟੀਫਿਕੇਸ਼ਨ ਮਿਲੇਗਾ।
- ਇਸ ਦੇ ਨਾਲ, ਸਲੀਪ ਮੋਡ ਵੀ ਚਾਲੂ ਹੋ ਜਾਵੇਗਾ, ਜੋ ਰਾਤ 10 ਵਜੇ ਤੋਂ ਸਵੇਰੇ 7 ਵਜੇ ਤੱਕ ਚੱਲੇਗਾ। ਇਸ ਦੌਰਾਨ, ਸਾਰੇ ਨੋਟੀਫਿਕੇਸ਼ਨ ਬੰਦ ਕਰ ਦਿੱਤੇ ਜਾਣਗੇ।
ਮੈਟਾ-ਸੋਸ਼ਲ ਮੀਡੀਆ ਕੰਪਨੀਆਂ ਦੀ ਐਪ ਸਟੋਰਸ ਤੋਂ ਮੰਗ
ਮੈਟਾ ਅਤੇ ਹੋਰ ਸੋਸ਼ਲ ਮੀਡੀਆ ਕੰਪਨੀਆਂ ਚਾਹੁੰਦੀਆਂ ਹਨ ਕਿ ਐਪ ਸਟੋਰ ਉਮਰ ਦੀ ਤਸਦੀਕ ਦੀ ਜ਼ਿੰਮੇਵਾਰੀ ਲੈਣ। ਕੰਪਨੀਆਂ ਦਾ ਕਹਿਣਾ ਹੈ ਕਿ ਉਮਰ ਦੀ ਪੁਸ਼ਟੀ ਕਰਨਾ ਐਪ ਸਟੋਰਸ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ, ਤਾਂ ਜੋ ਇਹ ਫੈਸਲਾ ਕੀਤਾ ਜਾ ਸਕੇ ਕਿ ਬੱਚੇ ਉਨ੍ਹਾਂ ਦੀਆਂ ਐਪਸ ਦੀ ਵਰਤੋਂ ਕਰ ਰਹੇ ਹਨ ਜਾਂ ਨਹੀਂ।
ਇਹ ਗੱਲ ਅਜਿਹੇ ਸਮੇਂ ਕਹੀ ਗਈ ਹੈ ਜਦੋਂ ਸੋਸ਼ਲ ਮੀਡੀਆ ਕੰਪਨੀਆਂ ‘ਤੇ ਬੱਚਿਆਂ ਦੀ ਸੁਰੱਖਿਆ ਲਈ ਸੰਭਵ ਕਦਮ ਨਾ ਚੁੱਕਣ ਦਾ ਆਰੋਪ ਲਗਾਇਆ ਜਾ ਰਿਹਾ ਹੈ। ਕੰਪਨੀਆਂ ਇਸ ਗੱਲ ਦੀ ਵੀ ਸਹੀ ਢੰਗ ਨਾਲ ਨਿਗਰਾਨੀ ਨਹੀਂ ਕਰ ਰਹੀਆਂ ਹਨ ਕਿ 13 ਸਾਲ ਤੋਂ ਘੱਟ ਉਮਰ ਦੇ ਬੱਚੇ ਉਨ੍ਹਾਂ ਦੇ ਪਲੇਟਫਾਰਮ ਦੀ ਵਰਤੋਂ ਕਰ ਰਹੇ ਹਨ ਜਾਂ ਨਹੀਂ।