Apple ਦਾ ਵੱਡਾ ਫੈਸਲਾ, iPhone 18 ਦੇ ਲਾਂਚ ‘ਚ ਹੋਵੇਗੀ ਦੇਰੀ, ਹੁਣ 2026 ‘ਚ ਆਵੇਗਾ ਇਹ ਖ਼ਾਸ ਫੋਨ
ਜੇਕਰ ਤੁਸੀਂ ਆਈਫੋਨ ਦੇ ਸ਼ੌਕੀਨ ਹੋ ਅਤੇ ਹਰ ਸਾਲ ਨਵਾਂ ਮਾਡਲ ਖਰੀਦਣ ਦੀ ਉਡੀਕ ਕਰਦੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ। ਐਪਲ ਆਪਣੀ ਆਈਫੋਨ ਲਾਂਚ ਕਰਨ ਦੀ ਰਣਨੀਤੀ ਵਿੱਚ ਇੱਕ ਵੱਡਾ ਬਦਲਾਅ ਕਰਨ ਜਾ ਰਿਹਾ ਹੈ।
ਜੇਕਰ ਤੁਸੀਂ ਆਈਫੋਨ ਦੇ ਸ਼ੌਕੀਨ ਹੋ ਅਤੇ ਹਰ ਸਾਲ ਨਵਾਂ ਮਾਡਲ ਖਰੀਦਣ ਦੀ ਉਡੀਕ ਕਰਦੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ। ਐਪਲ ਆਪਣੀ ਆਈਫੋਨ ਲਾਂਚ ਕਰਨ ਦੀ ਰਣਨੀਤੀ ਵਿੱਚ ਇੱਕ ਵੱਡਾ ਬਦਲਾਅ ਕਰਨ ਜਾ ਰਿਹਾ ਹੈ। ਰਿਪੋਰਟਾਂ ਅਨੁਸਾਰ, ਕੰਪਨੀ 2026 ਵਿੱਚ ਆਪਣੇ ਪ੍ਰੀਮੀਅਮ ਅਤੇ ਹਾਈ-ਐਂਡ ਆਈਫੋਨ ਮਾਡਲਾਂ ਨੂੰ ਪਹਿਲ ਦੇਵੇਗੀ, ਜਦੋਂ ਕਿ ਸਟੈਂਡਰਡ iPhone 18 ਦੀ ਲਾਂਚਿੰਗ ਨੂੰ ਟਾਲਿਆ ਜਾ ਸਕਦਾ ਹੈ।
ਇਸ ਦਾ ਮੁੱਖ ਕਾਰਨ ਮੈਮੋਰੀ ਚਿਪਸ ਦੀਆਂ ਵਧਦੀਆਂ ਕੀਮਤਾਂ, ਸਪਲਾਈ ਚੇਨ ‘ਤੇ ਦਬਾਅ ਅਤੇ ਨਵੇਂ ਫੋਲਡੇਬਲ ਡਿਵਾਈਸਾਂ ਦੇ ਗੁੰਝਲਦਾਰ ਉਤਪਾਦਨ ਨੂੰ ਦੱਸਿਆ ਜਾ ਰਿਹਾ ਹੈ। ਹੁਣ ਕੰਪਨੀ ਦਾ ਫੋਕਸ ਜ਼ਿਆਦਾ ਮੁਨਾਫਾ ਦੇਣ ਵਾਲੇ ਪ੍ਰੀਮੀਅਮ ਡਿਵਾਈਸਾਂ ‘ਤੇ ਰਹੇਗਾ।
2026 ਵਿੱਚ ਪ੍ਰੀਮੀਅਮ ਆਈਫੋਨ ਮਾਡਲਾਂ ਨੂੰ ਮਿਲੇਗੀ ਪਹਿਲ
ਨਿੱਕੇਈ ਏਸ਼ੀਆ ਦੀ ਰਿਪੋਰਟ ਮੁਤਾਬਕ ਐਪਲ ਨੇ 2026 ਲਈ ਆਪਣੀ ਆਈਫੋਨ ਉਤਪਾਦਨ ਯੋਜਨਾ ਵਿੱਚ ਵੱਡਾ ਫੇਰਬਦਲ ਕੀਤਾ ਹੈ। ਕੰਪਨੀ ਹੁਣ ਆਪਣੇ ਤਿੰਨ ਸਭ ਤੋਂ ਮਹਿੰਗੇ ਅਤੇ ਹਾਈ-ਐਂਡ ਆਈਫੋਨ ਮਾਡਲਾਂ ਦੇ ਉਤਪਾਦਨ ਅਤੇ ਸ਼ਿਪਮੈਂਟ ਨੂੰ ਪਹਿਲ ਦੇਵੇਗੀ। ਸਪਲਾਈ ਚੇਨ ਨਾਲ ਜੁੜੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਹ ਫੈਸਲਾ ਰਣਨੀਤਕ ਪੱਧਰ ‘ਤੇ ਲਿਆ ਗਿਆ ਹੈ। ਹਾਲਾਂਕਿ, ਰਾਇਟਰਜ਼ (Reuters) ਨੇ ਇਸ ਰਿਪੋਰਟ ਦੀ ਸੁਤੰਤਰ ਪੁਸ਼ਟੀ ਨਹੀਂ ਕੀਤੀ ਹੈ ਅਤੇ ਐਪਲ ਨੇ ਵੀ ਅਜੇ ਤੱਕ ਇਸ ‘ਤੇ ਕੋਈ ਅਧਿਕਾਰਤ ਟਿੱਪਣੀ ਜਾਰੀ ਨਹੀਂ ਕੀਤੀ।
ਪਹਿਲਾ ਫੋਲਡੇਬਲ ਆਈਫੋਨ ਅਤੇ ਅਪਗ੍ਰੇਡਡ ਫਲੈਗਸ਼ਿਪ ਲਾਈਨਅੱਪ
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਐਪਲ 2026 ਦੀ ਦੂਜੀ ਛਿਮਾਹੀ ਵਿੱਚ ਆਪਣਾ ਪਹਿਲਾ ਫੋਲਡੇਬਲ ਆਈਫੋਨ (Foldable iPhone) ਪੇਸ਼ ਕਰ ਸਕਦਾ ਹੈ। ਇਸ ਦੇ ਨਾਲ ਹੀ ਦੋ ਹੋਰ ਗੈਰ-ਫੋਲਡਿੰਗ ਪ੍ਰੀਮੀਅਮ ਮਾਡਲ ਲਾਂਚ ਕੀਤੇ ਜਾਣਗੇ, ਜਿਨ੍ਹਾਂ ਵਿੱਚ ਬਿਹਤਰ ਕੈਮਰਾ ਸਿਸਟਮ ਅਤੇ ਵੱਡੀ ਡਿਸਪਲੇ ਦੇਖਣ ਨੂੰ ਮਿਲ ਸਕਦੀ ਹੈ।
ਇਹ ਲਾਂਚ ਐਪਲ ਲਈ ਫਲੈਗਸ਼ਿਪ ਕੈਟੇਗਰੀ ਵਿੱਚ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਫੋਲਡੇਬਲ ਡਿਵਾਈਸਾਂ ਦਾ ਡਿਜ਼ਾਈਨ ਅਤੇ ਨਿਰਮਾਣ ਪ੍ਰਕਿਰਿਆ ਰਵਾਇਤੀ ਫੋਨਾਂ ਨਾਲੋਂ ਜ਼ਿਆਦਾ ਗੁੰਝਲਦਾਰ ਹੁੰਦੀ ਹੈ, ਇਸ ਲਈ ਕੰਪਨੀ ਪਹਿਲਾਂ ਹੀ ਆਪਣੇ ਸਰੋਤਾਂ ਨੂੰ ਉੱਥੇ ਕੇਂਦਰਿਤ ਕਰਨਾ ਚਾਹੁੰਦੀ ਹੈ।
ਇਹ ਵੀ ਪੜ੍ਹੋ
ਸਟੈਂਡਰਡ iPhone 18 ਦੀ ਲਾਂਚਿੰਗ 2027 ਤੱਕ ਟਲ ਸਕਦੀ ਹੈ
ਨਵੀਂ ਯੋਜਨਾ ਦੇ ਤਹਿਤ, ਸਟੈਂਡਰਡ iPhone 18 ਮਾਡਲ ਦੀ ਸ਼ਿਪਮੈਂਟ ਨੂੰ 2026 ਦੀ ਬਜਾਏ 2027 ਦੀ ਪਹਿਲੀ ਛਿਮਾਹੀ ਤੱਕ ਅੱਗੇ ਵਧਾਇਆ ਜਾ ਸਕਦਾ ਹੈ। ਇਸ ਦਾ ਮਕਸਦ ਪ੍ਰੋਡਕਸ਼ਨ ਰਿਸੋਰਸਿਜ਼ ਨੂੰ ਬਿਹਤਰ ਤਰੀਕੇ ਨਾਲ ਮੈਨੇਜ ਕਰਨਾ ਦੱਸਿਆ ਜਾ ਰਿਹਾ ਹੈ।
ਪ੍ਰੀਮੀਅਮ ਮਾਡਲਾਂ ‘ਤੇ ਜ਼ਿਆਦਾ ਫੋਕਸ ਕਰਕੇ ਕੰਪਨੀ ਮਾਲੀਆ ਅਤੇ ਮੁਨਾਫਾ ਦੋਵੇਂ ਵਧਾਉਣਾ ਚਾਹੁੰਦੀ ਹੈ। ਸਪਲਾਇਰ ਨਾਲ ਜੁੜੇ ਇੱਕ ਕਾਰਜਕਾਰੀ ਨੇ ਦੱਸਿਆ ਕਿ ਸਪਲਾਈ ਚੇਨ ਦੀ ਸਥਿਰਤਾ ਇਸ ਸਾਲ ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਹੈ, ਜਿਸ ਕਾਰਨ ਲਾਂਚ ਦੀਆਂ ਤਰਜੀਹਾਂ ਵਿੱਚ ਬਦਲਾਅ ਕੀਤਾ ਗਿਆ ਹੈ।
ਮੈਮੋਰੀ ਚਿਪਸ ਦੀ ਵਧਦੀ ਲਾਗਤ ਅਤੇ ਸਪਲਾਈ ਚੇਨ ਦਾ ਦਬਾਅ
ਰਿਪੋਰਟ ਮੁਤਾਬਕ ਮੈਮੋਰੀ ਚਿਪਸ ਅਤੇ ਹੋਰ ਜ਼ਰੂਰੀ ਪੁਰਜ਼ਿਆਂ ਦੀ ਲਾਗਤ ਵਧ ਰਹੀ ਹੈ, ਜਿਸ ਨਾਲ ਉਤਪਾਦਨ ਦੀ ਯੋਜਨਾ ਪ੍ਰਭਾਵਿਤ ਹੋ ਰਹੀ ਹੈ। ਅਜਿਹੇ ‘ਚ ਐਪਲ ਉਨ੍ਹਾਂ ਡਿਵਾਈਸਾਂ ‘ਤੇ ਧਿਆਨ ਦੇ ਰਿਹਾ ਹੈ ਜਿੱਥੇ ਪ੍ਰੋਫਿਟ ਮਾਰਜਿਨ ਜ਼ਿਆਦਾ ਹੈ। ਦੂਜੇ ਪਾਸੇ, ਕੰਪਨੀ ਨੇ ਹਾਲ ਹੀ ਵਿੱਚ ਤਿਮਾਹੀ ਮਾਲੀਏ ਦੇ ਮਾਮਲੇ ਵਿੱਚ ਵਾਲ ਸਟ੍ਰੀਟ ਦੇ ਅਨੁਮਾਨਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਆਈਫੋਨ ਦੀ ਮਜ਼ਬੂਤ ਮੰਗ ਅਤੇ ਚੀਨ ਦੇ ਬਾਜ਼ਾਰ ਵਿੱਚ ਸੁਧਾਰ ਇਸ ਦਾ ਵੱਡਾ ਕਾਰਨ ਰਿਹਾ ਹੈ। ਸੀਈਓ ਟਿਮ ਕੁੱਕ ਨੇ ਵੀ ਨਵੀਨਤਮ ਆਈਫੋਨ ਮਾਡਲਾਂ ਦੀ ਮੰਗ ਨੂੰ ਬਹੁਤ ਮਜ਼ਬੂਤ ਦੱਸਿਆ ਹੈ, ਜਿਸ ਨਾਲ ਪ੍ਰੀਮੀਅਮ ਸੈਗਮੈਂਟ ‘ਤੇ ਫੋਕਸ ਹੋਰ ਤੇਜ਼ ਹੋ ਸਕਦਾ ਹੈ।


