BCCI ਦਾ ਵੱਡਾ ਫੈਸਲਾ: ਸਿਰਫ਼ ਇੱਕ ਖਿਡਾਰੀ ਨੂੰ ਮਿਲੇਗੀ ਛੋਟ, ਬਾਕੀ ਸਭ ਖੇਡਣਗੇ ਵਿਜੇ ਹਜ਼ਾਰੇ ਟਰਾਫੀ
Vijay Hazare Trophy: ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਟੀਮ ਇੰਡੀਆ ਦੇ ਹਰ ਖਿਡਾਰੀ ਨੂੰ ਵਿਜੇ ਹਜ਼ਾਰੇ ਟਰਾਫੀ ਵਿੱਚ ਘੱਟੋ-ਘੱਟ ਦੋ ਮੈਚ ਖੇਡਣ ਦਾ ਨਿਰਦੇਸ਼ ਦਿੱਤਾ ਹੈ। ਹਾਲਾਂਕਿ, ਇਸ ਨਿਯਮ ਇੱਕ ਖਿਡਾਰੀ ਨੂੰ ਛੋਟ ਵੀ ਦਿੱਤੀ ਗਈ ਹੈ, ਜਿਸ ਨਾਲ ਉਹ ਟੂਰਨਾਮੈਂਟ ਤੋਂ ਦੂਰ ਰਹਿ ਸਕਦਾ ਹੈ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਘਰੇਲੂ ਕ੍ਰਿਕਟ ਨੂੰ ਉਤਸ਼ਾਹਿਤ ਕਰਨ ਲਈ ਇੱਕ ਵੱਡਾ ਫੈਸਲਾ ਲਿਆ ਹੈ। ਬੋਰਡ ਨੇ ਸਾਰੇ ਮੌਜੂਦਾ ਰਾਸ਼ਟਰੀ ਟੀਮ ਦੇ ਖਿਡਾਰੀਆਂ ਨੂੰ ਵਿਜੇ ਹਜ਼ਾਰੇ ਟਰਾਫੀ ਵਿੱਚ ਘੱਟੋ-ਘੱਟ ਦੋ ਮੈਚ ਖੇਡਣ ਦਾ ਨਿਰਦੇਸ਼ ਦਿੱਤਾ ਹੈ। ਇਹ ਟੂਰਨਾਮੈਂਟ 24 ਦਸੰਬਰ, 2025 ਨੂੰ ਸ਼ੁਰੂ ਹੋਵੇਗਾ ਅਤੇ 18 ਜਨਵਰੀ, 2026 ਤੱਕ ਚੱਲੇਗਾ। ਹਾਲਾਂਕਿ, ਟੀਮ ਇੰਡੀਆ ਦੇ ਇੱਕ ਖਿਡਾਰੀ ਨੂੰ ਇਸ ਹੁਕਮ ਤੋਂ ਛੋਟ ਦਿੱਤੀ ਗਈ ਹੈ। ਇਸ ਖਿਡਾਰੀ ਨੂੰ ਵਿਜੇ ਹਜ਼ਾਰੇ ਟਰਾਫੀ ਵਿੱਚ ਹਿੱਸਾ ਲੈਣ ਦੀ ਲੋੜ ਨਹੀਂ ਹੋਵੇਗੀ।
BCCI ਨੇ ਸਿਰਫ਼ ਇੱਕ ਖਿਡਾਰੀ ਨੂੰ ਦਿੱਤੀ ਛੋਟ
ਟੀਮ ਇੰਡੀਆ ਦੇ ਖਿਡਾਰੀਆਂ ਲਈ ਇਹ ਹੁਕਮ ਦੱਖਣੀ ਅਫਰੀਕਾ ਲੜੀ ਦੇ ਵਿਚਕਾਰ ਆਇਆ ਹੈ। ਇਸ ਨਿਯਮ ਦੇ ਤਹਿਤ, ਇੱਕ ਦਿਨਾ ਅਤੇ ਟੀ-20 ਟੀਮਾਂ ਲਈ ਚੁਣੇ ਗਏ ਖਿਡਾਰੀਆਂ ਨੂੰ ਹਰ ਹਾਲਤ ਵਿੱਚ ਟੂਰਨਾਮੈਂਟ ਖੇਡਣ ਦੀ ਲੋੜ ਹੋਵੇਗੀ। ਦਰਅਸਲ, ਦੱਖਣੀ ਅਫਰੀਕਾ ਸੀਰੀਜ਼ ਤੋਂ ਬਾਅਦ, ਨਿਊਜ਼ੀਲੈਂਡ ਖਿਲਾਫ ਵਨਡੇ ਸੀਰੀਜ਼ 11 ਜਨਵਰੀ, 2026 ਨੂੰ ਸ਼ੁਰੂ ਹੋਵੇਗੀ। ਬੋਰਡ ਦਾ ਮੰਨਣਾ ਹੈ ਕਿ ਸੀਨੀਅਰ ਖਿਡਾਰੀ ਇਸ ਬ੍ਰੇਕ ਦੀ ਵਰਤੋਂ ਘਰੇਲੂ ਕ੍ਰਿਕਟ ਵਿੱਚ ਸ਼ਾਮਲ ਹੋ ਕੇ ਆਪਣੀ ਧਾਰ ਬਣਾਈ ਰੱਖਣ ਲਈ ਕਰ ਸਕਦੇ ਹਨ। ਇਹ ਫੈਸਲਾ ਆਸਟ੍ਰੇਲੀਆ ਵਿੱਚ ਟੈਸਟ ਸੀਰੀਜ਼ ਵਿੱਚ ਮਾੜੇ ਪ੍ਰਦਰਸ਼ਨ ਨਾਲ ਵੀ ਸਬੰਧਤ ਹੈ, ਜਿਸ ਵਿੱਚ ਘਰੇਲੂ ਕ੍ਰਿਕਟ ‘ਤੇ ਵਧੇਰੇ ਜ਼ੋਰ ਦੇਣ ਦੀ ਸਿਫਾਰਸ਼ ਕੀਤੀ ਗਈ ਸੀ।
ਇਸ ਨਿਯਮ ਦੇ ਤਹਿਤ, ਵਿਰਾਟ ਕੋਹਲੀ, ਰੋਹਿਤ ਸ਼ਰਮਾ, ਸ਼ੁਭਮਨ ਗਿੱਲ, ਜਸਪ੍ਰੀਤ ਬੁਮਰਾਹ, ਕੇਐਲ ਰਾਹੁਲ, ਹਾਰਦਿਕ ਪੰਡਯਾ ਅਤੇ ਸੂਰਿਆਕੁਮਾਰ ਯਾਦਵ ਵਰਗੇ ਸੀਨੀਅਰ ਖਿਡਾਰੀ ਆਪਣੀਆਂ ਰਾਜ ਟੀਮਾਂ ਲਈ ਖੇਡਣਗੇ। ਕੋਹਲੀ ਪਹਿਲਾਂ ਹੀ ਆਪਣੀ ਉਪਲਬਧਤਾ ਦੀ ਪੁਸ਼ਟੀ ਕਰ ਚੁੱਕੇ ਹਨ। ਹਾਲਾਂਕਿ, ਸ਼੍ਰੇਅਸ ਅਈਅਰ ਨੂੰ ਛੋਟ ਦਿੱਤੀ ਗਈ ਹੈ। ਸ਼੍ਰੇਅਸ ਅਈਅਰ ਨੂੰ ਆਸਟ੍ਰੇਲੀਆ ਦੇ ਹਾਲੀਆ ਦੌਰੇ ਦੌਰਾਨ ਸੱਟ ਲੱਗ ਗਈ ਸੀ, ਜਿਸ ਕਾਰਨ ਉਹ ਖੇਡ ਤੋਂ ਬਾਹਰ ਰਿਹਾ। ਉਹ ਇਸ ਸਮੇਂ ਠੀਕ ਹੋ ਰਿਹਾ ਹੈ, ਜਿਸ ਕਾਰਨ ਬੀਸੀਸੀਆਈ ਨੇ ਉਸਨੂੰ ਆਰਾਮ ਦਿੱਤਾ ਹੈ।
ਹਰ ਕੀਮਤ ‘ਤੇ ਖੇਡੇਣੇ ਹੋਣਗੇ ਦੋ ਮੈਚ
ਸੀਸੀਆਈ ਦੇ ਇੱਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਪੀਟੀਆਈ ਨੂੰ ਦੱਸਿਆ, “24 ਦਸੰਬਰ ਤੋਂ ਨਿਊਜ਼ੀਲੈਂਡ ਵਨਡੇ ਸੀਰੀਜ਼ ਦੀ ਸ਼ੁਰੂਆਤ ਤੱਕ ਵਿਜੇ ਹਜ਼ਾਰੇ ਟਰਾਫੀ ਦੇ ਛੇ ਦੌਰ ਹਨ। ਇਹ ਖਿਡਾਰੀਆਂ ਅਤੇ ਉਨ੍ਹਾਂ ਦੇ ਰਾਜ ਸੰਘਾਂ ‘ਤੇ ਨਿਰਭਰ ਕਰਦਾ ਹੈ ਕਿ ਉਹ ਕਿਹੜੇ ਦੋ ਦੌਰਾਂ ਵਿੱਚ ਖੇਡਣਾ ਚਾਹੁੰਦੇ ਹਨ।” “ਪਰ ਮੁੱਲਾਂਪੁਰ ਵਿੱਚ ਦੂਜੇ ਟੀ-20 ਮੈਚ ਤੋਂ ਬਾਅਦ, ਖਿਡਾਰੀਆਂ ਨੂੰ ਸਪੱਸ਼ਟ ਤੌਰ ‘ਤੇ ਦੱਸ ਦਿੱਤਾ ਗਿਆ ਹੈ ਕਿ ਵਿਜੇ ਹਜ਼ਾਰੇ ਟਰਾਫੀ ਵਿੱਚ ਖੇਡਣਾ ਵਿਕਲਪਿਕ ਨਹੀਂ ਹੈ।” ਇਸਦਾ ਮਤਲਬ ਹੈ ਕਿ ਖਿਡਾਰੀਆਂ ਨੂੰ ਹਰ ਕੀਮਤ ‘ਤੇ ਘੱਟੋ-ਘੱਟ ਦੋ ਮੈਚ ਖੇਡਣੇ ਚਾਹੀਦੇ ਹਨ।
