T20 World Cup 2026: ਸ੍ਰੀਲੰਕਾ ਨੇ ਪਾਕਿਸਤਾਨ ਦਾ ਖੇਡ ਕੀਤਾ ਖ਼ਤਮ, ਟੀ-20 ਵਰਲਡ ਕੱਪ ਤੋਂ ਛੁੱਟੀ; ਨਿਊਜ਼ੀਲੈਂਡ ਸੈਮੀਫਾਈਨਲ ‘ਚ

Updated On: 

02 Mar 2026 10:57 AM IST

T20 World Cup 2026: ਪਾਕਿਸਤਾਨ ਕ੍ਰਿਕਟ ਟੀਮ ਟੀ-20 ਵਿਸ਼ਵ ਕੱਪ 2026 ਦੀ ਖ਼ਿਤਾਬੀ ਦੌੜ ਵਿੱਚੋਂ ਬਾਹਰ ਹੋ ਗਈ ਹੈ। ਸੁਪਰ-8 ਦੇ ਆਪਣੇ ਆਖ਼ਰੀ ਅਤੇ ਫੈਸਲਾਕੁੰਨ ਮੈਚ ਵਿੱਚ ਪਾਕਿਸਤਾਨ ਨੂੰ ਸ੍ਰੀਲੰਕਾ ਵਿਰੁੱਧ ਇੱਕ ਵੱਡੇ ਅੰਤਰ ਨਾਲ ਜਿੱਤ ਦਰਜ ਕਰਨ ਦੀ ਸਖ਼ਤ ਲੋੜ ਸੀ, ਪਰ ਮੇਜ਼ਬਾਨ ਸ੍ਰੀਲੰਕਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਾਕਿਸਤਾਨ ਦੇ ਅਰਮਾਨਾਂ 'ਤੇ ਪਾਣੀ ਫੇਰ ਦਿੱਤਾ।

T20 World Cup 2026: ਸ੍ਰੀਲੰਕਾ ਨੇ ਪਾਕਿਸਤਾਨ ਦਾ ਖੇਡ ਕੀਤਾ ਖ਼ਤਮ, ਟੀ-20 ਵਰਲਡ ਕੱਪ ਤੋਂ ਛੁੱਟੀ; ਨਿਊਜ਼ੀਲੈਂਡ ਸੈਮੀਫਾਈਨਲ ਚ

Image Credit: @ICC

ਪਾਕਿਸਤਾਨ ਕ੍ਰਿਕਟ ਟੀਮ ਟੀ-20 ਵਿਸ਼ਵ ਕੱਪ 2026 ਦੀ ਖ਼ਿਤਾਬੀ ਦੌੜ ਵਿੱਚੋਂ ਬਾਹਰ ਹੋ ਗਈ ਹੈ। ਸੁਪਰ-8 ਦੇ ਆਪਣੇ ਆਖ਼ਰੀ ਅਤੇ ਫੈਸਲਾਕੁੰਨ ਮੈਚ ਵਿੱਚ ਪਾਕਿਸਤਾਨ ਨੂੰ ਸ੍ਰੀਲੰਕਾ ਵਿਰੁੱਧ ਇੱਕ ਵੱਡੇ ਅੰਤਰ ਨਾਲ ਜਿੱਤ ਦਰਜ ਕਰਨ ਦੀ ਸਖ਼ਤ ਲੋੜ ਸੀ, ਪਰ ਮੇਜ਼ਬਾਨ ਸ੍ਰੀਲੰਕਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਾਕਿਸਤਾਨ ਦੇ ਅਰਮਾਨਾਂ ‘ਤੇ ਪਾਣੀ ਫੇਰ ਦਿੱਤਾ।

ਹਾਲਾਂਕਿ ਪਾਕਿਸਤਾਨ ਨੇ ਇਹ ਮੈਚ 5 ਦੌੜਾਂ ਨਾਲ ਜਿੱਤ ਲਿਆ, ਪਰ ਲੋੜੀਂਦੇ ਰਨ ਰੇਟ ਤੱਕ ਨਾ ਪਹੁੰਚਣ ਕਾਰਨ ਉਹ ਸੈਮੀਫਾਈਨਲ ਦੀ ਰੇਸ ਤੋਂ ਬਾਹਰ ਹੋ ਗਈ। ਪਾਕਿਸਤਾਨ ਦੀ ਇਸ ਬਦਕਿਸਮਤੀ ਦਾ ਸਿੱਧਾ ਫਾਇਦਾ ਨਿਊਜ਼ੀਲੈਂਡ ਨੂੰ ਮਿਲਿਆ, ਜੋ ਗਰੁੱਪ-2 ਵਿੱਚੋਂ ਸੈਮੀਫਾਈਨਲ ਵਿੱਚ ਪਹੁੰਚਣ ਵਾਲੀ ਦੂਜੀ ਟੀਮ ਬਣ ਗਈ ਹੈ।

ਸੈਮੀਫਾਈਨਲ ਲਈ ਸੀ 65 ਦੌੜਾਂ ਦੀ ਵੱਡੀ ਜਿੱਤ ਦੀ ਲੋੜ

ਸ੍ਰੀਲੰਕਾ ਦੇ ਪੱਲੇਕੇਲੇ ਸਟੇਡੀਅਮ ਵਿੱਚ ਖੇਡੇ ਗਏ ਇਸ ਅਹਿਮ ਮੁਕਾਬਲੇ ਵਿੱਚ ਸਲਮਾਨ ਆਗਾ ਦੀ ਅਗਵਾਈ ਵਾਲੀ ਪਾਕਿਸਤਾਨੀ ਟੀਮ ਨੂੰ ਸੈਮੀਫਾਈਨਲ ਦੀ ਟਿਕਟ ਹਾਸਲ ਕਰਨ ਲਈ ਘੱਟੋ-ਘੱਟ 65 ਦੌੜਾਂ ਦੇ ਅੰਤਰ ਨਾਲ ਜਿੱਤਣਾ ਜ਼ਰੂਰੀ ਸੀ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ‘ਤੇ 212 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। ਨਿਊਜ਼ੀਲੈਂਡ ਤੋਂ ਬਿਹਤਰ ਨੈੱਟ ਰਨ ਰੇਟ ਹਾਸਲ ਕਰਨ ਲਈ ਪਾਕਿਸਤਾਨੀ ਗੇਂਦਬਾਜ਼ਾਂ ਨੂੰ ਸ੍ਰੀਲੰਕਾ ਨੂੰ 147 ਦੌੜਾਂ ਦੇ ਅੰਦਰ ਰੋਕਣਾ ਸੀ, ਪਰ ਸ੍ਰੀਲੰਕਾਈ ਬੱਲੇਬਾਜ਼ਾਂ ਦੇ ਜਜ਼ਬੇ ਨੇ ਪਾਕਿਸਤਾਨੀ ਉਮੀਦਾਂ ਨੂੰ ਤੋੜ ਦਿੱਤਾ।

ਸਾਹਿਬਜ਼ਾਦਾ ਫਰਹਾਨ ਦਾ ਸੈਂਕੜਾ ਅਤੇ ਫਖ਼ਰ ਦੀ ਪਾਰੀ

ਪਾਕਿਸਤਾਨ ਦੀ ਪਾਰੀ ਦੀ ਸ਼ੁਰੂਆਤ ਬਹੁਤ ਹੀ ਧਮਾਕੇਦਾਰ ਰਹੀ। ਸਟਾਰ ਬੱਲੇਬਾਜ਼ ਸਾਹਿਬਜ਼ਾਦਾ ਫਰਹਾਨ (100) ਨੇ ਟੂਰਨਾਮੈਂਟ ਵਿੱਚ ਆਪਣਾ ਦੂਜਾ ਸੈਂਕੜਾ ਜੜ ਕੇ ਸ੍ਰੀਲੰਕਾਈ ਗੇਂਦਬਾਜ਼ਾਂ ਦੀ ਰੱਜ ਕੇ ਪਛਾੜ ਕੀਤੀ। ਉਨ੍ਹਾਂ ਦੇ ਨਾਲ ਓਪਨਿੰਗ ‘ਤੇ ਆਏ ਫਖ਼ਰ ਜ਼ਮਾਨ (82) ਨੇ ਵੀ ਤੂਫ਼ਾਨੀ ਬੱਲੇਬਾਜ਼ੀ ਕੀਤੀ ਅਤੇ ਦੋਵਾਂ ਨੇ ਮਿਲ ਕੇ ਪਹਿਲੀ ਵਿਕਟ ਲਈ 176 ਦੌੜਾਂ ਦੀ ਵੱਡੀ ਸਾਂਝੇਦਾਰੀ ਕੀਤੀ।

ਇੱਕ ਸਮੇਂ ਲੱਗ ਰਿਹਾ ਸੀ ਕਿ ਪਾਕਿਸਤਾਨ 240-250 ਦੇ ਸਕੋਰ ਤੱਕ ਪਹੁੰਚ ਜਾਵੇਗਾ, ਪਰ ਫਖ਼ਰ ਦੇ ਆਊਟ ਹੁੰਦੇ ਹੀ ਵਿਕਟਾਂ ਦੀ ਝੜੀ ਲੱਗ ਗਈ। ਆਖ਼ਰੀ 4 ਓਵਰਾਂ ਵਿੱਚ ਟੀਮ ਸਿਰਫ਼ 35 ਦੌੜਾਂ ਹੀ ਜੋੜ ਸਕੀ ਅਤੇ 7 ਵਿਕਟਾਂ ਗੁਆ ਦਿੱਤੀਆਂ। ਇਨ੍ਹਾਂ ਦੋਵਾਂ ਤੋਂ ਇਲਾਵਾ ਬਾਕੀ 8 ਬੱਲੇਬਾਜ਼ ਦਹਾਈ ਦਾ ਅੰਕੜਾ ਵੀ ਨਹੀਂ ਛੂਹ ਸਕੇ।

ਸ਼ਾਨਕਾ ਅਤੇ ਰਤਨਾਇਕੇ ਨੇ ਪਲਟ ਦਿੱਤੀ ਬਾਜ਼ੀ

213 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਸ੍ਰੀਲੰਕਾ ਦੀ ਸ਼ੁਰੂਆਤ ਖ਼ਰਾਬ ਰਹੀ ਜਦੋਂ ਨਸੀਮ ਸ਼ਾਹ ਨੇ ਦੂਜੇ ਹੀ ਓਵਰ ਵਿੱਚ ਪਥੁਮ ਨਿਸਾਂਕਾ ਨੂੰ ਚਲਦਾ ਕੀਤਾ। ਜਲਦੀ ਹੀ 33 ਦੌੜਾਂ ‘ਤੇ ਦੂਜੀ ਵਿਕਟ ਵੀ ਡਿੱਗ ਗਈ। ਸਪਿਨਰ ਅਬਰਾਰ ਅਹਿਮਦ (3/23) ਨੇ ਕਾਮਿੰਡੂ ਮੈਂਡਿਸ (26) ਅਤੇ ਚਰਿਤ ਅਸਲੰਕਾ (25) ਨੂੰ ਆਊਟ ਕਰਕੇ ਉਮੀਦ ਜਗਾਈ ਸੀ। ਸ੍ਰੀਲੰਕਾ ਨੇ 12 ਓਵਰਾਂ ਵਿੱਚ 101 ਦੌੜਾਂ ‘ਤੇ 5 ਵਿਕਟਾਂ ਗੁਆ ਦਿੱਤੀਆਂ ਸਨ, ਜਿਸ ਨਾਲ ਪਾਕਿਸਤਾਨ ਦੇ ਸੈਮੀਫਾਈਨਲ ਵਿੱਚ ਪਹੁੰਚਣ ਦੀ ਸੰਭਾਵਨਾ ਵਧ ਗਈ ਸੀ।

ਪਰ ਇਸ ਤੋਂ ਬਾਅਦ ਕਪਤਾਨ ਦਾਸੁਨ ਸ਼ਾਨਕਾ ਅਤੇ ਪਵਨ ਰਤਨਾਇਕੇ ਨੇ ਪਾਕਿਸਤਾਨੀ ਗੇਂਦਬਾਜ਼ਾਂ ਦੀਆਂ ਧੱਜੀਆਂ ਉਡਾ ਦਿੱਤੀਆਂ। ਰਤਨਾਇਕੇ ਨੇ 58 ਦੌੜਾਂ ਦੀ ਅਰਧ-ਸੈਂਕੜੇ ਵਾਲੀ ਪਾਰੀ ਖੇਡੀ, ਜਦਕਿ ਸ਼ਾਨਕਾ ਨੇ ਅੰਤ ਤੱਕ ਕ੍ਰੀਜ਼ ‘ਤੇ ਡਟੇ ਰਹਿ ਕੇ ਪਾਕਿਸਤਾਨ ਨੂੰ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ। ਸ਼ਾਨਕਾ ਨੇ ਸਿਰਫ਼ 31 ਗੇਂਦਾਂ ਵਿੱਚ 8 ਛੱਕਿਆਂ ਦੀ ਮਦਦ ਨਾਲ ਨਾਬਾਦ 76 ਦੌੜਾਂ ਬਣਾਈਆਂ। ਆਖ਼ਰੀ ਓਵਰ ਵਿੱਚ ਸ਼ਾਨਕਾ ਨੇ ਸ਼ਾਹੀਨ ਅਫ਼ਰੀਦੀ ਨੂੰ ਲਗਾਤਾਰ 3 ਛੱਕੇ ਅਤੇ 1 ਚੌਕਾ ਜੜ ਕੇ ਪਾਕਿਸਤਾਨੀ ਖੇਮੇ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ। ਹਾਲਾਂਕਿ ਸ਼ਾਹੀਨ ਨੇ ਆਖ਼ਰੀ ਦੋ ਗੇਂਦਾਂ ‘ਤੇ ਵਾਪਸੀ ਕੀਤੀ ਅਤੇ ਪਾਕਿਸਤਾਨ ਨੂੰ 5 ਦੌੜਾਂ ਨਾਲ ਮੈਚ ਜਿਤਾਇਆ, ਪਰ ਪਾਕਿਸਤਾਨ ਲਈ ਇਹ ਜਿੱਤ ਹਾਰ ਤੋਂ ਵੀ ਵੱਡੀ ਸਾਬਿਤ ਹੋਈ।

Follow Us