T20 World Cup 2026: ਭਾਰਤ ਨੇ ਵੈਸਟਇੰਡੀਜ਼ ਨੂੰ 5 ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ ‘ਚ ਮਾਰੀ ਐਂਟਰੀ

Updated On: 

01 Mar 2026 23:32 PM IST

T20 World Cup 2026: ਟੀਮ ਇੰਡੀਆ ਨੇ ਟੀ-20 ਵਰਲਡ ਕੱਪ 2026 ਦੇ ਸੈਮੀਫਾਈਨਲ ਵਿੱਚ ਸ਼ਾਨਦਾਰ ਤਰੀਕੇ ਨਾਲ ਪ੍ਰਵੇਸ਼ ਕਰ ਲਿਆ ਹੈ। ਭਾਰਤ ਨੇ ਸੁਪਰ-8 ਦੇ ਆਪਣੇ ਆਖ਼ਰੀ ਅਤੇ ਅਹਿਮ ਮੁਕਾਬਲੇ ਵਿੱਚ ਵੈਸਟਇੰਡੀਜ਼ ਨੂੰ ਹਰਾ ਕੇ ਟੂਰਨਾਮੈਂਟ ਦੇ ਸੈਮੀਫਾਈਨਲ ਦਾ ਆਖ਼ਰੀ ਸਪਾਟ (Spot) ਹਾਸਲ ਕਰ ਲਿਆ ਹੈ। ਭਾਰਤ ਦੀ ਇਸ ਇਤਿਹਾਸਕ ਜਿੱਤ ਵਿੱਚ ਸਟਾਰ ਬੱਲੇਬਾਜ਼ ਸੰਜੂ ਸੈਮਸਨ ਨੇ ਅਹਿਮ ਭੂਮਿਕਾ ਨਿਭਾਈ।

T20 World Cup 2026: ਭਾਰਤ ਨੇ ਵੈਸਟਇੰਡੀਜ਼ ਨੂੰ 5 ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ ਚ ਮਾਰੀ ਐਂਟਰੀ

ਭਾਰਤ ਨੇ ਵੈਸਟਇੰਡੀਜ਼ ਨੂੰ 5 ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ 'ਚ ਮਾਰੀ ਐਂਟਰੀ

Follow Us On

ਟੀਮ ਇੰਡੀਆ ਨੇ ਟੀ-20 ਵਰਲਡ ਕੱਪ 2026 ਦੇ ਸੈਮੀਫਾਈਨਲ ਵਿੱਚ ਸ਼ਾਨਦਾਰ ਤਰੀਕੇ ਨਾਲ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਸੁਪਰ-8 ਦੇ ਆਖ਼ਰੀ ਅਤੇ ਫੈਸਲਾਕੁੰਨ ਮੁਕਾਬਲੇ ਵਿੱਚ ਭਾਰਤ ਨੇ ਵੈਸਟਇੰਡੀਜ਼ ਨੂੰ ਕਰਾਰੀ ਮਾਤ ਦੇ ਕੇ ਸੈਮੀਫਾਈਨਲ ਦਾ ਆਖ਼ਰੀ ਸਪਾਟ ਹਾਸਲ ਕੀਤਾ। ਇਸ ਇਤਿਹਾਸਕ ਜਿੱਤ ਦੇ ਅਸਲੀ ਹੀਰੋ ਸੰਜੂ ਸੈਮਸਨ ਰਹੇ, ਜਿਨ੍ਹਾਂ ਨੇ ਆਪਣੀ ਬੱਲੇਬਾਜ਼ੀ ਦਾ ਅਜਿਹਾ ਜਲਵਾ ਦਿਖਾਇਆ ਕਿ ਕਈ ਵੱਡੇ ਰਿਕਾਰਡ ਚਕਨਾਚੂਰ ਹੋ ਗਏ। ਸੈਮਸਨ ਦੇ ਦਮ ‘ਤੇ ਭਾਰਤ ਨੇ ਟੀ-20 ਵਰਲਡ ਕੱਪ ਦੇ ਇਤਿਹਾਸ ਵਿੱਚ ਆਪਣਾ ਹੁਣ ਤੱਕ ਦਾ ਸਭ ਤੋਂ ਵੱਡਾ ਸਕੋਰ ਚੇਜ਼ ਕੀਤਾ ਹੈ।

ਈਡਨ ਗਾਰਡਨਜ਼ ‘ਚ ਸੰਜੂ ਸੈਮਸਨ ਦਾ ‘ਸ਼ੋਅ’

ਕੋਲਕਾਤਾ ਦੇ ਇਤਿਹਾਸਕ ਈਡਨ ਗਾਰਡਨਜ਼ ਮੈਦਾਨ ‘ਤੇ ਖੇਡੇ ਗਏ ਇਸ ਮੈਚ ਵਿੱਚ ਵੈਸਟਇੰਡੀਜ਼ ਨੇ ਭਾਰਤ ਸਾਹਮਣੇ ਜਿੱਤ ਲਈ 196 ਦੌੜਾਂ ਦਾ ਵੱਡਾ ਟੀਚਾ ਰੱਖਿਆ ਸੀ। ਭਾਰਤ ਵੱਲੋਂ ਸੰਜੂ ਸੈਮਸਨ ਅਤੇ ਅਭਿਸ਼ੇਕ ਸ਼ਰਮਾ ਦੀ ਜੋੜੀ ਪਾਰੀ ਦੀ ਸ਼ੁਰੂਆਤ ਕਰਨ ਉਤਰੀ। ਸ਼ੁਰੂਆਤ ਤੇਜ਼ ਰਹੀ ਪਰ ਜੋੜੀ ਜ਼ਿਆਦਾ ਦੇਰ ਟਿਕ ਨਹੀਂ ਸਕੀ। ਅਭਿਸ਼ੇਕ ਸ਼ਰਮਾ 10 ਦੌੜਾਂ ਬਣਾ ਕੇ ਆਊਟ ਹੋ ਗਏ ਅਤੇ ਉਨ੍ਹਾਂ ਤੋਂ ਬਾਅਦ ਆਏ ਇਸ਼ਾਨ ਕਿਸ਼ਨ ਵੀ ਸਿਰਫ਼ 10 ਦੌੜਾਂ ਹੀ ਬਣਾ ਸਕੇ। ਹਾਲਾਂਕਿ, ਇੱਕ ਪਾਸੇ ਤੋਂ ਵਿਕਟਾਂ ਡਿੱਗਣ ਦੇ ਬਾਵਜੂਦ ਸੰਜੂ ਸੈਮਸਨ ਦੂਜੇ ਪਾਸੇ ਚੱਟਾਨ ਵਾਂਗ ਡਟੇ ਰਹੇ ਅਤੇ ਮੈਚ ਜਿਤਾ ਕੇ ਹੀ ਵਾਪਸ ਪਰਤੇ।

ਸੈਮਸਨ ਨੇ ਤੋੜਿਆ ਵਿਰਾਟ ਕੋਹਲੀ ਦਾ ਰਿਕਾਰਡ

ਸੰਜੂ ਸੈਮਸਨ ਨੇ ਇਸ ਮੈਚ ਵਿੱਚ ਓਪਨਿੰਗ ਤੋਂ ਲੈ ਕੇ ਅੰਤ ਤੱਕ ਬੱਲੇਬਾਜ਼ੀ ਕੀਤੀ। ਉਨ੍ਹਾਂ ਨੇ 50 ਗੇਂਦਾਂ ਵਿੱਚ ਨਾਬਾਦ 97 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ, ਜਿਸ ਵਿੱਚ 12 ਚੌਕੇ ਅਤੇ 4 ਸ਼ਾਨਦਾਰ ਛੱਕੇ ਸ਼ਾਮਲ ਸਨ। ਟੀ-20 ਵਰਲਡ ਕੱਪ ਵਿੱਚ ਟੀਚੇ ਦਾ ਪਿੱਛਾ ਕਰਦੇ ਹੋਏ ਕਿਸੇ ਵੀ ਭਾਰਤੀ ਬੱਲੇਬਾਜ਼ ਵੱਲੋਂ ਖੇਡੀ ਗਈ ਇਹ ਸਭ ਤੋਂ ਵੱਡੀ ਪਾਰੀ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਵਿਰਾਟ ਕੋਹਲੀ (82 ਦੌੜਾਂ) ਦੇ ਨਾਂ ਸੀ।

ਹੋਰ ਬੱਲੇਬਾਜ਼ਾਂ ਦਾ ਯੋਗਦਾਨ

ਭਾਰਤ ਨੂੰ ਜਿੱਤ ਲਈ ਆਖ਼ਰੀ ਓਵਰ ਵਿੱਚ 9 ਦੌੜਾਂ ਦੀ ਲੋੜ ਸੀ, ਜਿਸ ਨੂੰ ਸੈਮਸਨ ਨੇ ਛੱਕੇ ਅਤੇ ਚੌਕੇ ਨਾਲ ਖ਼ਤਮ ਕੀਤਾ। ਸੈਮਸਨ ਨੂੰ ਉਨ੍ਹਾਂ ਦੇ ਟੀ-20 ਕਰੀਅਰ ਦੇ ਚੌਥੇ ਅਰਧ ਸੈਂਕੜੇ ਅਤੇ ਮੈਚ ਜਿਤਾਊ ਪਾਰੀ ਲਈ ‘ਪਲੇਅਰ ਆਫ਼ ਦ ਮੈਚ’ ਚੁਣਿਆ ਗਿਆ। ਸੈਮਸਨ ਤੋਂ ਇਲਾਵਾ ਕਪਤਾਨ ਸੂਰਿਆਕੁਮਾਰ ਯਾਦਵ ਨੇ 18, ਤਿਲਕ ਵਰਮਾ ਨੇ 27 ਅਤੇ ਹਾਰਦਿਕ ਪੰਡਿਆ ਨੇ 17 ਦੌੜਾਂ ਦਾ ਯੋਗਦਾਨ ਪਾਇਆ।

ਵੈਸਟਇੰਡੀਜ਼ ਦੀ ਪਾਰੀ

ਪਹਿਲਾਂ ਬੱਲੇਬਾਜ਼ੀ ਕਰਦਿਆਂ ਵੈਸਟਇੰਡੀਜ਼ ਨੇ 20 ਓਵਰਾਂ ਵਿੱਚ 4 ਵਿਕਟਾਂ ਗੁਆ ਕੇ 195 ਦੌੜਾਂ ਬਣਾਈਆਂ ਸਨ। ਕਪਤਾਨ ਸ਼ੇ ਹੋਪ ਨੂੰ ਛੱਡ ਕੇ ਬਾਕੀ ਸਾਰੇ ਬੱਲੇਬਾਜ਼ਾਂ ਨੇ ਤੇਜ਼ ਦੌੜਾਂ ਬਣਾਈਆਂ। ਰੋਸਟਨ ਚੇਜ਼ 40 ਦੌੜਾਂ ਨਾਲ ਸਭ ਤੋਂ ਸਫਲ ਰਹੇ, ਜਦਕਿ ਰੋਵਮਨ ਪਾਵੇਲ ਨੇ ਨਾਬਾਦ 34 ਅਤੇ ਜੇਸਨ ਹੋਲਡਰ ਨੇ ਨਾਬਾਦ 37 ਦੌੜਾਂ ਦੀ ਪਾਰੀ ਖੇਡੀ।

ਭਾਰਤ ਦਾ ਸਭ ਤੋਂ ਵੱਡਾ ਸਕੋਰ ਚੇਜ਼

ਭਾਰਤ ਨੇ ਟੀ-20 ਵਰਲਡ ਕੱਪ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੰਨਾ ਵੱਡਾ ਟੀਚਾ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ ਭਾਰਤ ਦਾ ਸਭ ਤੋਂ ਸਫਲ ਚੇਜ਼ 173 ਦੌੜਾਂ ਦਾ ਸੀ। ਇਸ ਜਿੱਤ ਦੇ ਨਾਲ ਹੀ ਭਾਰਤ ਨੇ ਵੈਸਟਇੰਡੀਜ਼ ਨੂੰ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਹੈ। ਹੁਣ ਭਾਰਤ ਦਾ ਮੁਕਾਬਲਾ 5 ਮਾਰਚ ਨੂੰ ਸੈਮੀਫਾਈਨਲ ਵਿੱਚ ਇੰਗਲੈਂਡ ਨਾਲ ਹੋਵੇਗਾ।