T20 World Cup: ਪਹਿਲੀ ਵਾਰ ਟੀ-20 ਵਰਲਡ ਕੱਪ ਖੇਡ ਰਹੀਆਂ Canada ਤੇ USA ਦੀਆਂ ਟੀਮਾਂ ‘ਚ ਪੰਜਾਬੀਆਂ ਦੀ ਬੱਲੇ-ਬੱਲੇ
ਟੀ-20 ਵਿਸ਼ਵ ਕੱਪ 2024 ਦਾ ਪਹਿਲਾ ਮੈਚ ਕੈਨੇਡਾ ਅਤੇ ਯੁਨਾਇਟੇਡ ਸਟੇਟਸ ਆਫ਼ ਅਮਰੀਕਾ (ਯੂਐਸਏ) ਵਿੱਚ ਹੋਵੇਗਾ। ਹਾਲਾਂਕਿ ਭਾਰਤੀ ਫੈਨਸ ਨੂੰ ਵੀ ਇਹ ਮੈਚ ਕਾਫੀ ਦਿਲਚਸਪੀ ਨਾਲ ਦੇਖਣਾ ਚਾਹੀਦਾ ਹੈ, ਕਿਉੰਕਿ ਇਨ੍ਹਾਂ ਦੋਹਾਂ ਟੀਮਾਂ 'ਚ ਤੁਹਾਨੂੰ ਕਈ ਭਾਰਤੀ ਮੂਲ ਦੇ ਖਿਡਾਰੀ ਖੇਡਦੇ ਦਿਖਾਈ ਦੇਣਗੇ।
ਕ੍ਰਿਕਟ ਦਾ ਮਹਾਕੁੰਭ ਯਾਨੀ ਕਿ ਆਈਸੀਸੀ ਟੀ-20 ਵਿਸ਼ਵ ਕੱਪ ਦੀ ਸ਼ੁਰੂਆਤ 2 ਜੂਨ ਤੋਂ ਹੋਣ ਜਾ ਰਹੀ ਹੈ। ਹਾਲਾਂਕਿ ਇਸ ਟੂਰਨਾਮੈਂਟ ਦਾ ਪੂਰੀ ਦੁਨੀਆ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ, ਪਰ ਭਾਰਤੀ ਫੈਨਸ ਵਿੱਚ ਇਸ ਟੂਰਨਾਮੈਂਟ ਨੂੰ ਲੈ ਕੇ ਅਲੱਗ ਹੀ ਜ਼ਨੂਨ ਦੇਖਿਆ ਜਾ ਰਿਹਾ ਹੈ। ਭਾਰਤੀ ਟੀਮ ਨੇ ਇੰਟਰਨੈਸ਼ਨਲ ਲੈਵਲ ‘ਤੇ ਕ੍ਰਿਕਟ ਨੂੰ ਕਈ ਵੱਡੇ ਸਟਾਰ ਦਿੱਤੇ ਹਨ। ਕ੍ਰਿਕਟ ਦੀ ਸ਼ੁਰੂਆਤ ਭਾਵੇਂ ਹੀ ਇੰਗਲੈਂਡ ਨੇ ਕੀਤੀ ਹੋਵੇ, ਪਰ ਜਦੋਂ ਵੀ ਕਿਤੇ ਵੀ ਕ੍ਰਿਕਟ ਦੀ ਗੱਲ ਹੁੰਦੀ ਹੈ ਤਾਂ ਭਾਰਤੀ ਖਿਡਾਰੀਆਂ ਦੀ ਲੋਕਪ੍ਰਿਯਤਾ ਨੂੰ ਦੇਖਦੇ ਹੋਏ ਲੋਕਾਂ ਨੂੰ ਭਾਰਤ ਦਾ ਨਾਂ ਹੀ ਸਭ ਤੋਂ ਪਹਿਲਾਂ ਯਾਦ ਆਉਂਦਾ ਹੈ।
ਭਾਰਤੀ ਖਿਡਾਰੀਆਂ ਨੇ ਜਿੱਥੇ ਭਾਰਤ ਦਾ ਦੁਨੀਆਂ ਭਰ ਵਿੱਚ ਨਾਂ ਰੋਸ਼ਨ ਕੀਤਾ ਹੈ, ਉੱਥੇ ਹੀ ਭਾਰਤੀ ਮੂਲ ਦੇ ਕ੍ਰਿਕਟਰਾਂ ਨੇ ਵਿਦੇਸ਼ੀ ਟੀਮਾਂ ‘ਚ ਵੀ ਮੱਲਾਂ ਮਾਰ ਕੇ ਦੇਸ਼ ਦਾ ਸਿਰ ਫਖ਼ਰ ਨਾਲ ਉੱਚਾ ਕਰ ਦਿੱਤਾ ਹੈ। ਇੰਗਲੈਂਡ ਹੋਵੇ ਜਾਂ ਆਸਟ੍ਰੇਲੀਆ, ਦੱਖਣੀ ਅਫਰੀਕਾ ਹੋਵੇ ਜਾਂ ਵੈਸਟ ਇੰਡੀਜ਼ ਜਾ ਫੇਰ ਗੱਲ ਕਰੀਏ ਨਿਊਜ਼ੀਲੈਂਡ ਵਰਗ੍ਹੀ ਮਹਾਨ ਟੀਮ ਦੀ। ਇਨ੍ਹਾਂ ਸਾਰੀਆਂ ਟੀਮਾਂ ‘ਚ ਤੁਸੀਂ ਭਾਰਤੀ ਮੂਲ ਦੇ ਕ੍ਰਿਕਟਰਾਂ ਨੂੰ ਜ਼ਰੂਰ ਖੇਡਦੇ ਵੇਖਿਆ ਹੋਵੇਗਾ। ਪਰ ਇਸ ਵਾਰ ਟੀ20 ਵਿਸ਼ਵ ਕੱਪ 2024 ਵਿੱਚ ਵੀ ਜਿੱਥੇ ਤੁਹਾਨੂੰ ਭਾਰਤੀ ਦਿੱਗਜ਼ ਕ੍ਰਿਕਟਰਾਂ ਦੀ ਖੇਡ ਦਾ ਹੁਨਰ ਵੇਖਣ ਨੂੰ ਮਿਲੇਗਾ, ਤਾਂ ਉੱਥੇ ਹੀ ਪਹਿਲੀ ਵਾਰ ਖੇਡਣ ਜਾ ਰਹੀਆਂ ਅਮਰੀਕਾ ਅਤੇ ਕੈਨੇਡਾ ਦੀਆਂ ਟੀਮਾਂ ‘ਚ ਵੀ ਭਾਰਤੀ ਮੂਲ ਦੇ ਕ੍ਰਿਕਟਰ ਆਪਣੇ ਹੁਨਰ ਦਾ ਜਲਵਾ ਵਿਖੇਰਦੇ ਹੋਏ ਨਜ਼ਰ ਆਉਣਗੇ।
ਟੀ-20 ਵਿਸ਼ਵ ਕੱਪ 2024 ਦਾ ਪਹਿਲਾ ਮੈਚ ਕੈਨੇਡਾ ਅਤੇ ਯੁਨਾਇਟੇਡ ਸਟੇਟਸ ਆਫ਼ ਅਮਰੀਕਾ (ਯੂਐਸਏ) ਵਿੱਚ ਹੋਵੇਗਾ। ਪਰ ਭਾਰਤੀਆਂ ਖਾਸਕਰ ਪ੍ਰਵਾਸੀ ਭਾਰਤੀਆਂ ਨੂੰ ਇਸ ਮੁਕਾਬਲੇ ਦਾ ਬੇਸਬਰੀ ਨਾਲ ਇੰਤਜ਼ਾਰ ਰਹੇਗਾ। ਕਿਉੰਕਿ ਇਨ੍ਹਾਂ ਦੋਹਾਂ ਹੀ ਟੀਮਾਂ ‘ਚ ਤੁਹਾਨੂੰ ਜਿਨ੍ਹੇ ਖਿਡਾਰੀ ਇਨ੍ਹਾਂ ਦੇਸ਼ਾਂ ਦੇ ਖੇਡਦੇ ਨਜ਼ਰ ਆਉਣਗੇ, ਤਕਰੀਬਨ ਓਨੇ ਹੀ ਭਾਰਤੀ ਮੂਲ ਦੇ ਖਿਡਾਰੀਆਂ ਦਾ ਹੁਨਰ ਵੀ ਵੇਖਣ ਨੂੰ ਮਿਲੇਗਾ।
ਅਮਰੀਕਾ ਦੀ 15 ਖਿਡਾਰੀਆਂ ਦੀ ਟੀਮ ‘ਚ 8 ਭਾਰਤੀ
ਅਮਰੀਕਾ ਅਤੇ ਕੈਨੇਡਾ ਨੇ ਆਪੋ- ਆਪਣੀਆਂ ਟੀਮਾਂ ਦੇ ਖਿਡਾਰੀਆਂ ਦਾ ਐਲਾਨ ਕਰ ਦਿੱਤਾ ਹੈ। ਅਮਰੀਕਾ ਨੇ 15 ਖਿਡਾਰੀਆਂ ਦੀ ਟੀਮ ਦਾ ਐਲਾਨ ਕੀਤਾ ਹੈ, ਜਿਸ ਵਿੱਚ ਕੁੱਲ 8 ਖਿਡਾਰੀ ਭਾਰਤੀ ਮੂਲ ਦੇ ਹਨ। ਟੀਮ ‘ਚ ਮੋਨੰਕ ਪਟੇਲ (ਕਪਤਾਨ), ਹਰਮੀਤ ਸਿੰਘ, ਜੈਸੀ ਸਿੰਘ, ਮਿਲਿੰਦ ਕੁਮਾਰ, ਨਿਸਰਗ ਪਟੇਲ, ਨਿਤੀਸ਼ ਕੁਮਾਰ, ਸੌਰਭ ਨੇਥਰਾਲਵਾਕਰ ਅਤੇ ਨੋਸ਼ਟੁਸ਼ ਕੇਂਜੀਗੇ ਮੂਲ ਰੂਪ ਤੋਂ ਭਾਰਤੀ ਹਨ। ਬੇਸ਼ੱਕ ਇਨ੍ਹਾਂ ਦੀ ਜੰਮਪਲ ਅਮਰੀਕਾ ਵਿੱਚ ਹੋਈ ਹੈ, ਪਰ ਇਨ੍ਹਾਂ ਦੀਆਂ ਜੜ੍ਹਾਂ ਭਾਰਤ ਨਾਲ ਜੁੜੀਆਂ ਹੋਈਆਂ ਹਨ।
ਕੈਨੇਡੀਅਨ ਟੀਮ ਵਿੱਚ 7 ਖਿਡਾਰੀ ਭਾਰਤੀ
ਗੱਲ ਕਰੀਏ ਕੈਨੇਡੀਅਨ ਟੀਮ ਦੀ ਤਾਂ ਇਸ ਵਿੱਚ 7 ਭਾਰਤੀ ਮੂਲ ਦੇ ਖਿਡਾਰੀ ਖੇਡਦੇ ਨਜ਼ਰ ਆਉਣਗੇ। ਟੀਮ ਵਿੱਚ ਭਾਰਤੀ ਮੂਲ ਦੇ ਕ੍ਰਿਕਟਰ ਦਿਲਪ੍ਰੀਤ ਬਾਜਵਾ, ਹਰਸ਼ ਠਾਕਰ, ਕੰਵਰਪਾਲ ਤਥਗੁਰ, ਨਵਨੀਤ ਧਾਲੀਵਾਲ, ਪ੍ਰਗਟ ਸਿੰਘ, ਰਵਿੰਦਰਪਾਲ ਸਿੰਘ ਅਤੇ ਸ਼੍ਰੇਅਸ਼ ਮੋਵਾ ਨੂੰ ਥਾਂ ਦਿੱਤੀ ਗਈ ਹੈ। ਦੋਹਾਂ ਟੀਮਾਂ ਦੀ ਗੱਲ ਕਰੀਏ ਤਾਂ ਇਨ੍ਹਾਂ ‘ਚ ਕੁੱਲ 15 ਭਾਰਤੀ ਮੁੱਲ ਦੇ ਕ੍ਰਿਕਟਰ ਖੇਡਦੇ ਨਜ਼ਰ ਆਉਣਗੇ। ਇਸ ਕਰਕੇ ਇਸ ਵਾਰ ਭਾਰਤੀ ਇੰਡੀਅਨ ਟੀਮ ਦੇ ਨਾਲ-ਨਾਲ ਅਮਰੀਕਾ ਅਤੇ ਕੈਨੇਡੀਅਨ ਟੀਮ ਲਈ ਵੀ ਚੀਅਰਸ ਕਰਦੇ ਨਜ਼ਰ ਆਉਣਗੇ।
ਇਹ ਵੀ ਪੜ੍ਹੋ
ਰਿਜ਼ਰਵ ਖਿਡਾਰੀਆਂ ਵਿੱਚ ਵੀ ਜਿਆਦਾਤਰ ਭਾਰਤੀ
ਟੀਮ ਦੇ ਪਲੇਇੰਗ Squad ਵਿੱਚ ਤਾਂ ਭਾਰਤੀਆਂ ਨੇ ਥਾਂ ਬਣਾਈ ਹੀ ਹੈ। ਨਾਲ ਹੀ ਦੋਹਾਂ ਟੀਮਾਂ ਦੇ ਰਿਜ਼ਰਵ ਖਿਡਾਰੀਆਂ ਵਿੱਚ ਵੀ ਭਾਰਤੀ ਖਾਸਕਰ ਪੰਜਾਬੀ ਨੌਜਵਾਨਾਂ ਨੂੰ ਹੀ ਮੌਕਾ ਦਿੱਤਾ ਗਿਆ ਹੈ। ਅਮਰੀਕੀ ਰਿਜ਼ਰਵ ਖਿਡਾਰੀਆਂ ਵਿੱਚ ਜਿੱਥੇ ਗਜਾਨੰਦ ਸਿੰਘ ਭਾਰਤੀ ਮੂਲ ਦੇ ਹਨ ਤਾਂ ਕੈਨੇਡੀਅਨ ਟੀਮ ਵਿੱਚ ਪੰਜ ਵਿੱਚੋਂ 4 ਰਿਜ਼ਰਵ ਖਿਡਾਰੀ ਭਾਰਤੀ ਮੂਲ ਦੇ ਹਨ, ਜਿਨ੍ਹਾਂ ਦੇ ਨਾਂ ਕ੍ਰਮਵਾਰ ਤਜਿੰਦਰ ਸਿੰਘ, ਆਦਿਤਿਆ ਵਰਧਰਾਜਨ, ਜਤਿੰਦਰ ਮਠਾਰੂ, ਪਰਵੀਨ ਕੁਮਾਰ ਹਨ।
ਦੋਹਾਂ ਟੀਮਾਂ ਦੀ Squad
ਕੈਨੇਡਾ: ਸਾਦ ਬਿਨ ਜ਼ਫਰ (ਕਪਤਾਨ), ਐਰੋਨ ਜੌਨਸਨ, ਦਿਲੋਨ ਹੇਲੀਗਰ, ਦਿਲਪ੍ਰੀਤ ਬਾਜਵਾ, ਹਰਸ਼ ਠਾਕਰ, ਜੇਰੇਮੀ ਗੋਰਡਨ, ਜੁਨੈਦ ਸਿੱਦੀਕੀ, ਕਲੀਮ ਸਨਾ, ਕੰਵਰਪਾਲ ਤਥਗੁਰ, ਨਵਨੀਤ ਧਾਲੀਵਾਲ, ਨਿਕੋਲਸ ਕੀਰਟੋਨ, ਪ੍ਰਗਟ ਸਿੰਘ, ਰਵਿੰਦਰਪਾਲ ਸਿੰਘ, ਰਾਇਯਾਂਖਾਨ ਪਠਾਨ ਸ਼ਵਾ, ਸ਼੍ਰੇਅਸ਼ ਮੋਵਾ।
ਰਿਜ਼ਰਵ ਖਿਡਾਰੀ: ਤਜਿੰਦਰ ਸਿੰਘ, ਆਦਿਤਿਆ ਵਰਧਰਾਜਨ, ਅਮਰ ਖਾਲਿਦ, ਜਤਿੰਦਰ ਮਠਾਰੂ, ਪਰਵੀਨ ਕੁਮਾਰ
ਯੁਨਾਇਟੇਡ ਸਟੇਟਸ ਆਫ਼ ਅਮਰੀਕਾ: ਮੋਨੰਕ ਪਟੇਲ (ਕਪਤਾਨ), ਆਰੋਨ ਜੋਨਸ, ਐਂਡਰੀਜ਼ ਗੌਸ, ਕੋਰੀ ਐਂਡਰਸਨ, ਅਲੀ ਖਾਨ, ਹਰਮੀਤ ਸਿੰਘ, ਜੈਸੀ ਸਿੰਘ, ਮਿਲਿੰਦ ਕੁਮਾਰ, ਨਿਸਰਗ ਪਟੇਲ, ਨਿਤੀਸ਼ ਕੁਮਾਰ, ਨੋਸ਼ਟੁਸ਼ ਕੇਂਜੀਗੇ, ਸੌਰਭ ਨੇਥਰਾਲਵਾਕਰ, ਸ਼ੈਡਲੇ ਵੈਨ ਸ਼ਾਲਕਵਿਕ, ਸਟੀਵਨ ਟੇਲਰ, ਸ਼ਯਾਨ ਜਹਾਂਗੀਰ।
ਰਿਜ਼ਰਵ ਖਿਡਾਰੀ: ਗਜਾਨੰਦ ਸਿੰਘ, ਜੁਆਨੋ ਡਰਾਈਸਡੇਲ, ਯਾਸਿਰ ਮੁਹੰਮਦ।
ਟੀ-20 ਵਿਸ਼ਵ ਕੱਪ 2024 ਨਾਲ ਜੁੜੇ ਹੋਰ ਰੋਮਾਂਚਕ ਤੱਥ
- ਟੀ-20 ਵਿਸ਼ਵ ਕੱਪ 2024 ਕੁੱਲ 20 ਟੀਮਾਂ ਭਿੜਨਗੀਆਂ, ਅਜਿਹਾ ਪਹਿਲੀ ਵਾਰ ਹੋਵੇਗਾ ਕਿ ਕਿਸੇ ਆਈਸੀਸੀ ਟੂਰਨਾਮੈਂਟ ਵਿੱਚ 20 ਟੀਮਾਂ ਭਾਗ ਲੈ ਰਹੀਆਂ ਹਨ।
- ਇਹ ਟੂਰਨਾਮੈਂਟ ਦੀ ਮੇਜ਼ਬਾਨੀ ਵੈਸਟਇੰਡੀਜ਼ ਅਤੇ ਯੂਐਸਏ ਕਰ ਰਿਹਾ ਹੈ। ਯੂਐਸਏ ਪਹਿਲੀ ਵਾਰ ਕਿਸੇ ਆਈਸੀਸੀ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ।
- ਇਸ ਟੂਰਨਾਮੈਂਟ ਵਿੱਚ ਕੁੱਲ 55 ਮੈਚ ਖੇਡੇ ਜਾਣਗੇ, ਇਹ ਆਈਸੀਸੀ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਟੂਰਨਾਮੈਂਟ ਹੋਵੇਗਾ।
- ਯੂਐਸਏ, ਕੈਨੇਡਾ ਅਤੇ ਯੁਗਾਂਡਾ ਦੀ ਟੀਮ ਦਾ ਇਹ ਡੈਬਿਊ ਟੀ-20 ਵਿਸ਼ਵ ਕੱਪ ਹੋਵੇਗਾ।
ਇਸ ਟੂਰਨਾਮੈਂਟ ਵਿੱਚ ਕਈ ਨਵੇਂ ਖਿਡਾਰੀ ਖੇਡਦੇ ਹੋਏ ਨਜ਼ਰ ਆਉਣਗੇ ਅਤੇ ਯੂਐਸਏ ਦੀਆਂ ਪਿੱਚਾਂ ‘ਤੇ ਪਹਿਲੀ ਵਾਰ ਆਈਸੀਸੀ ਵਿਸ਼ਵ ਕੱਪ ਦੇ ਮੈਚ ਖੇਡੇ ਜਾਣਗੇ। ਇਸ ਕਰਕੇ ਵੀ ਇਹ ਟੂਰਨਾਮੈਂਟ ਕਾਫ਼ੀ ਰੋਮਾਂਚਕ ਹੋਣ ਵਾਲਾ ਹੈ।